#INDIA

ਇੰਫਾਲ ਵਿੱਚ ਮੁੜ ਹਿੰਸਕ ਪ੍ਰਦਰਸ਼ਨ

ਇੰਫਾਲ/ਨਵੀਂ ਦਿੱਲੀ, 29 ਸਤੰਬਰ (ਪੰਜਾਬ ਮੇਲ)- ਮਨੀਪੁਰ ਵਿੱਚ ਦੋ ਨੌਜਵਾਨਾਂ ਦੀ ਮੌਤ ਨੂੰ ਲੈ ਕੇ ਜਾਰੀ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਧਾਰ ਲਿਆ ਹੈ। ਪ੍ਰਦਰਸ਼ਨਕਾਰੀ ਹਜੂਮ ਨੇ ਇੰਫਾਲ ਪੱਛਮੀ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਦੀ ਭੰਨਤੋੜ ਕੀਤੀ ਤੇ ਉਥੇ ਖੜ੍ਹੇ ਦੋ ਚਾਰ-ਪਹੀਆ ਵਾਹਨਾਂ ਨੂੰ ਅੱਗ ਲਾ ਦਿੱਤੀ। ਹਿੰਸਾ ਦਾ ਇਹ ਸੱਜਰਾ ਦੌਰ ਮੰਗਲਵਾਰ ਨੂੰ ਸੂਬਾਈ ਰਾਜਧਾਨੀ ਵਿੱਚ ਦੋ ਨੌਜਵਾਨਾਂ, ਜੋ ਰਿਸ਼ਤੇ ’ਚ ਭੈਣ-ਭਰਾ ਹਨ, ਦੀਆਂ ਮ੍ਰਿਤਕ ਦੇਹਾਂ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਨਸ਼ਰ ਹੋਣ ਮਗਰੋਂ ਸ਼ੁਰੂ ਹੋਇਆ ਸੀ। ਕੋਚਿੰਗ ਲਈ ਗਏ ਇਹ ਦੋਵੇਂ ਭੈਣ-ਭਰਾ ਜੁਲਾਈ ਤੋਂ ਲਾਪਤਾ ਸਨ। ਇਸ ਦੌਰਾਨ ਸ੍ਰੀਨਗਰ ਦੇ ਐੱਸਐੱਸਪੀ ਰਾਕੇਸ਼ ਬਲਵਾਲ ਨੂੰ ‘ਸਮੇਂ ਤੋਂ ਪਹਿਲਾਂ’ ਵਾਪਸ ਮਨੀਪੁਰ ਕੇਡਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਬਲਵਾਲ ਨੂੰ ‘ਅਤਵਿਾਦ ਨਾਲ ਸਬੰਧਤ ਕੇਸਾਂ’ ਨਾਲ ਸਿੱਝਣ ਦਾ ਵੱਡਾ ਤਜਰਬਾ ਹੈ। 2012 ਬੈਚ ਦੇ ਆਈਪੀਐੱਸ ਅਧਿਕਾਰੀ ਬਲਵਾਲ ਨੂੰ ਦਸੰਬਰ 2021 ਵਿੱਚ ਅਰੁਣਾਚਲ ਪ੍ਰਦੇਸ਼, ਗੋਆ, ਮਿਜ਼ੋਰਮ ਤੇ ਯੂਟੀ (ਏਜੀਐੱਮਯੂਟੀ) ਕੇਡਰ ਵਿਚ ਤਬਦੀਲ ਕੀਤਾ ਗਿਆ ਸੀ। ਉਨ੍ਹਾਂ ਨੂੰ ਸੂਬੇ ਵਿੱਚ ਜੁਆਇਨਿੰਗ ਮੌਕੇ ਨਵਾਂ ਅਹੁਦਾ ਦਿੱਤਾ ਜਾਵੇਗਾ। ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਤਬਾਦਲੇ ਸਬੰਧੀ ਲੋੜੀਂਦੀ ਪ੍ਰਵਾਨਗੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਉਰੀਪੋਕ, ਯਾਇਸਕੁਲ, ਸਗੋਲਬਾਂਦ ਤੇ ਟੇਰਾ ਇਲਾਕਿਆਂ ਵਿੱਚ ਸੁਰੱਖਿਆ  ਲਾਂ ਤੇ ਪ੍ਰਦਰਸ਼ਨਕਾਰੀਆਂ ਵਿੱਚ ਝੜਪਾਂ ਹੋਈਆਂ। ਹਜੂਮ ਨੂੰ ਖਿੰਡਾਉਣ ਤੇ ਹਾਲਾਤ ਕਾਬੂ ਹੇਠ ਕਰਨ ਲਈ ਪੁਲੀਸ ਨੂੰ ਅਥਰੂ ਗੈਸ ਦੇ ਗੋਲੇ ਦਾਗਣੇ ਪਏ। ਅਧਿਕਾਰੀਆਂ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਰਿਹਾਇਸ਼ੀ ਇਲਾਕਿਆਂ ਵਿਚ ਸੁਰੱਖਿਆ ਬਲਾਂ ਦੇ ਦਾਖਲੇ ਨੂੰ ਰੋਕਣ ਲਈ ਸੜਦੇ ਟਾਇਰਾਂ, ਵੱਡੇ ਪੱਥਰਾਂ ਤੇ ਲੋਹੇ ਦੀਆਂ ਪਾਈਪਾਂ ਰੱਖ ਕੇ ਸੜਕਾਂ ਜਾਮ ਕਰ ਦਿੱਤੀਆਂ। ਅਧਿਕਾਰੀਆਂ ਨੇ ਕਿਹਾ ਕਿ ਹਜੂਮ ਨੇ ਡੀਸੀ ਦਫ਼ਤਰ ਦੀ ਵੀ ਭੰਨਤੋੜ ਕੀਤੀ ਤੇ ਦੋ ਚਾਰ-ਪਹੀਆ ਵਾਹਨਾਂ ਨੂੰ ਅੱਗ ਲਾ ਦਿੱਤੀ। ਉਨ੍ਹਾਂ ਕਿਹਾ ਕਿ ਸੀਆਰਪੀਐੱਫ ਅਮਲੇ ਨੇ ਹਾਲਾਤ ਨੂੰ ਕਾਬੂ ਹੇਠ ਲਿਆਂਦਾ।

Leave a comment