#AMERICA

ਇੰਡੋ ਯੂ.ਐੱਸ. ਹੈਰੀਟੇਜ ਵੱਲੋਂ ਪੰਜਾਬੀ ਮਾਂ-ਬੋਲੀ ਜਾਗਰੂਕਤਾ ਦਿਹਾੜਾ ਸ਼ਾਨੋ-ਸ਼ੌਕਤ ਨਾਲ ਮਨਾਇਆ

-ਪੰਜਾਬੀ ਭਾਸ਼ਾ ਦੇ ਪ੍ਰਚਾਰ-ਪਸਾਰ ਲਈ ਬੁੱਧੀਜੀਵੀਆਂ, ਲੇਖਕਾਂ, ਕਵੀਆਂ, ਗਾਇਕਾਂ ਅਤੇ ਨੌਜਵਾਨਾਂ ਨੇ ਲਾਈਆਂ ਭਰਪੂਰ ਹਾਜ਼ਰੀਆਂ
ਫਰਿਜ਼ਨੋ, 22 ਜੂਨ (ਮਾਛੀਕੇ/ਧਾਲੀਆਂ/ਪੰਜਾਬ ਮੇਲ)– ਇੰਡੋ ਯੂ.ਐੱਸ. ਹੈਰੀਟੇਜ ਫਰਿਜ਼ਨੋ ਵੱਲੋਂ ਪੰਜਾਬੀ ਮਾਂ-ਬੋਲੀ ਜਾਗਰੂਕਤਾ ਦਿਹਾੜਾ ਫਰਿਜ਼ਨੋ ਸਥਿਤ ਇੰਡੀਆ ਓਵਨ ਰੈਸਟੋਰੈਂਟ ਵਿਖੇ ਬਹੁਤ ਹੀ ਉਤਸ਼ਾਹ, ਜੋਸ਼ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਜੁੜੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਭਰਪੂਰ ਸ਼ਮੂਲੀਅਤ ਕਰਦਿਆਂ ਪੰਜਾਬੀ ਭਾਸ਼ਾ ਦੀ ਮਹੱਤਤਾ ਅਤੇ ਇਸ ਦੇ ਭਵਿੱਖ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਸਮਾਗਮ ਦੀ ਸ਼ੁਰੂਆਤ ਗਾਇਕ ਰਾਜ ਬਰਾੜ ਵੱਲੋਂ ਇੱਕ ਸੱਭਿਆਚਾਰਕ ਗੀਤ ਦੀ ਪੇਸ਼ਕਾਰੀ ਨਾਲ ਹੋਈ, ਜਿਸ ਨੇ ਹਾਜ਼ਰੀਨ ਨੂੰ ਪੰਜਾਬੀ ਸੱਭਿਆਚਾਰ ਦੇ ਰੰਗਾਂ ਨਾਲ ਜੋੜ ਦਿੱਤਾ। ਇਸ ਤੋਂ ਬਾਅਦ ਸੰਸਥਾ ਦੇ ਕਨਵੀਨਰ ਸਾਧੂ ਸਿੰਘ ਸੰਘਾ ਨੇ ਸਮਾਗਮ ਵਿਚ ਪਹੁੰਚੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੰਸਥਾ ਦੇ ਉਦੇਸ਼ਾਂ ਅਤੇ ਪੰਜਾਬੀ ਭਾਸ਼ਾ ਦੀ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ।
ਸਮਾਗਮ ਦੇ ਮੁੱਖ ਬੁਲਾਰੇ ਪ੍ਰਿੰਸੀਪਲ ਦਲਜੀਤ ਸਿੰਘ ਨੇ ਆਪਣੇ ਵਿਚਾਰਾਂ ਰਾਹੀਂ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਅਤੇ ਇਸ ਨੂੰ ਹਾਸ਼ੀਏ ‘ਤੇ ਧੱਕਣ ਲਈ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਉੱਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪੰਜਾਬੀ ਸਿਰਫ਼ ਇੱਕ ਭਾਸ਼ਾ ਨਹੀਂ, ਸਗੋਂ ਸਾਡੀ ਪਹਿਚਾਣ, ਇਤਿਹਾਸ ਅਤੇ ਵਿਰਾਸਤ ਹੈ, ਜਿਸ ਦੀ ਸੰਭਾਲ ਹਰ ਪੰਜਾਬੀ ਦਾ ਫਰਜ਼ ਹੈ।
ਸਮਾਗਮ ਦਾ ਖਾਸ ਆਕਰਸ਼ਣ ਬਾਬਾ ਦੀਪ ਸਿੰਘ ਜੀ ਖਾਲਸਾ ਸਕੂਲ ਦੇ ਵਿਦਿਆਰਥੀਆਂ ਵੱਲੋਂ ਦਿੱਤੀਆਂ ਗਈਆਂ ਮਿਆਰੀ ਅਤੇ ਪ੍ਰਭਾਵਸ਼ਾਲੀ ਸਪੀਚਾਂ ਰਹੀਆਂ। ਹਰਸ਼ਾਨ ਸਿੰਘ ਸਰਾਂ, ਹਿੰਮਤ ਸਿੰਘ ਸਰਾਂ, ਪ੍ਰਭਸ਼ਰਨ ਸਿੰਘ ਅਤੇ ਫਤਿਹਵੀਰ ਸਿੰਘ ਨੇ ਪੰਜਾਬੀ ਭਾਸ਼ਾ ਦੇ ਮਹੱਤਵ ਬਾਰੇ ਬੇਹੱਦ ਦਿਲਚਸਪ ਅਤੇ ਗਿਆਨਵਾਨ ਵਿਚਾਰ ਪੇਸ਼ ਕਰਕੇ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ। ਬੱਚਿਆਂ ਦੀ ਪ੍ਰਤਿਭਾ ਅਤੇ ਪੰਜਾਬੀ ਪ੍ਰਤੀ ਉਨ੍ਹਾਂ ਦੇ ਪਿਆਰ ਦੀ ਹਾਜ਼ਰੀਨ ਵੱਲੋਂ ਖੂਬ ਪ੍ਰਸ਼ੰਸਾ ਕੀਤੀ ਗਈ।
ਸਕੂਲ ਦੇ ਪ੍ਰਬੰਧਕ ਸ. ਜਗਰੂਪ ਸਿੰਘ ਨੇ ਸਕੂਲ ਵਿਚ ਪੰਜਾਬੀ ਪੜ੍ਹਾਉਣ ਦੇ ਉਪਰਾਲਿਆਂ ਅਤੇ ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਪਰਿਵਾਰਾਂ ਲਈ ਆਪਣੀ ਮਾਂ-ਬੋਲੀ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੀਆਂ ਵਿਸ਼ੇਸ਼ ਸੇਵਾਵਾਂ ਦੇ ਮੱਦੇਨਜ਼ਰ ਸੰਸਥਾ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ।
ਲਹਿੰਦੇ ਪੰਜਾਬ ਤੋਂ ਪੰਜਾਬੀ ਰੇਡੀਓ ਯੂ.ਐੱਸ.ਏ. ਦੇ ਹੋਸਟ ਮਕਸੂਦ ਮੱਲ੍ਹੀ ਨੇ ਆਪਣੀ ਭਾਵਪੂਰਤ ਕਵਿਤਾ ਨਾਲ ਸਮਾਗਮ ਨੂੰ ਰੂਹਾਨੀ ਰੰਗ ਬਖ਼ਸ਼ਿਆ, ਜਦਕਿ ਉਨ੍ਹਾਂ ਦੀ ਬੇਟੀ ਮਕਸ਼ਾਂਦ ਮੱਲ੍ਹੀ ਨੇ ਬਹੁਤ ਹੀ ਪ੍ਰਭਾਵਸ਼ਾਲੀ ਭਾਸ਼ਣ ਦੇ ਕੇ ਸਰੋਤਿਆਂ ਨੂੰ ਮੋਹ ਲਿਆ। ਸੰਸਥਾ ਵੱਲੋਂ ਇਨ੍ਹਾਂ ਬੱਚਿਆਂ ਨੂੰ ਨਕਦ ਇਨਾਮ ਦੇ ਕੇ ਉਤਸ਼ਾਹਿਤ ਕੀਤਾ ਗਿਆ।
ਪ੍ਰੋ. ਹਰਿੰਦਰ ਕੌਰ ਰਾਏ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਅਮਰੀਕਾ ਵਰਗੇ ਬਹੁ-ਸੱਭਿਆਚਾਰਕ ਦੇਸ਼ਾਂ ਵਿਚ ਰਹਿੰਦੇ ਪੰਜਾਬੀ ਬੱਚਿਆਂ ਲਈ ਪੰਜਾਬੀ ਪੜ੍ਹਨੀ, ਲਿਖਣੀ ਅਤੇ ਬੋਲਣੀ ਕਿਉਂ ਜ਼ਰੂਰੀ ਹੈ। ਪੰਜਾਬੀ ਭਾਸ਼ਾ ਅਤੇ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸੰਸਥਾ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸਮਾਗਮ ਦੌਰਾਨ ਕਮਲਜੀਤ ਬੈਨੀਪਾਲ ਅਤੇ ਰਣਜੀਤ ਗਿੱਲ ਨੇ ਕਵਿਸ਼ਰੀ ਰਾਹੀਂ ਪੰਜਾਬੀ ਲੋਕ-ਰੰਗਾਂ ਦੀ ਪੇਸ਼ਕਾਰੀ ਕਰਕੇ ਵਾਹ-ਵਾਹ ਖੱਟੀ। ਸੰਸਥਾ ਦੇ ਸਕੱਤਰ ਹੈਰੀ ਮਾਨ ਨੇ ਵੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪੰਜਾਬੀ ਬੋਲੀ ਵਿਚੋਂ ਗਾਇਬ ਹੋ ਰਹੇ ਸ਼ਬਦਾਂ, ਤੇ ਹੋਰ ਐਡ ਹੋ ਰਹੇ ਗੈਰ-ਪੰਜਾਬੀ ਸ਼ਬਦਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਮੌਕੇ ਸ਼ਾਇਰ ਹਰਜਿੰਦਰ ਕੰਗ, ਕਹਾਣੀਕਾਰ ਕਰਮ ਸਿੰਘ ਮਾਨ, ਗੋਗੀ ਸੰਧੂ, ਸੁਖਦੇਵ ਸਿੰਘ ਸਿੱਧੂ, ਮਹਿੰਦਰ ਸਿੰਘ ਸੰਧਾਵਾਲੀਆ ਅਤੇ ਮਾਸਟਰ ਸੁਰਜੀਤ ਸਿੰਘ ਸਾਹਨੇਵਾਲ ਆਦਿ ਸੱਜਣਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪੰਜਾਬੀ ਭਾਸ਼ਾ ਨੂੰ ਮਜ਼ਬੂਤ ਕਰਨ ਲਈ ਸਮੂਹਕ ਯਤਨਾਂ ਦੀ ਲੋੜ ‘ਤੇ ਜ਼ੋਰ ਦਿੱਤਾ।
ਸੰਗੀਤਕ ਪੇਸ਼ਕਾਰੀਆਂ ਦੌਰਾਨ ਪੱਪੀ ਭਦੌੜ, ਕਮਲਜੀਤ ਬੈਨੀਪਾਲ ਅਤੇ ਗੁਰਦੀਪ ਧਾਲੀਵਾਲ ਨੇ ਆਪਣੇ ਗੀਤਾਂ ਨਾਲ ਹਾਜ਼ਰੀਨ ਦਾ ਮਨੋਰੰਜਨ ਕੀਤਾ। ਇਸੇ ਤਰ੍ਹਾਂ ਸ਼ਾਇਰ ਦਲਜੀਤ ਰਿਆੜ, ਹਰਜਿੰਦਰ ਢੇਸੀ ਅਤੇ ਰਜਿੰਦਰ ਕੁਮਾਰ ਨੇ ਆਪਣੀਆਂ ਮਿਆਰੀ ਕਵਿਤਾਵਾਂ ਰਾਹੀਂ ਪੰਜਾਬੀ ਸਾਹਿਤ ਦੀ ਸੁਗੰਧ ਫੈਲਾਈ।
ਸਮਾਗਮ ਦਾ ਸਟੇਜ ਸੰਚਾਲਨ ਪੱਤਰਕਾਰ ਗੁਰਿੰਦਰਜੀਤ ਸਿੰਘ ”ਨੀਟਾ ਮਾਛੀਕੇ” ਨੇ ਪ੍ਰਭਾਵਸ਼ਾਲੀ ਅੰਦਾਜ਼ ਵਿਚ ਕੀਤਾ।
ਅਖੀਰ ਵਿਚ ਇਸ ਯਾਦਗਾਰੀ ਸਮਾਗਮ ਨੂੰ ਸਫਲ ਬਣਾਉਣ ਲਈ ਸੰਸਥਾ ਦੇ ਅਣਥੱਕ ਮੈਂਬਰਾਂ ਨਿਰਮਲ ਸਿੰਘ ਧਨੌਲਾ (ਪ੍ਰਧਾਨ), ਸਾਧੂ ਸਿੰਘ ਸੰਘਾ (ਕਨਵੀਨਰ), ਮਨਜੀਤ ਸਿੰਘ (ਖਜ਼ਾਨਚੀ), ਰਣਜੀਤ ਗਿੱਲ (ਸੈਕਟਰੀ), ਹੈਰੀ ਮਾਨ (ਜਨਰਲ ਸਕੱਤਰ), ਰਾਜ ਵੈਰੋਕੇ, ਸੰਤੋਖ ਸਿੰਘ ਢਿੱਲੋਂ, ਸਤਵੰਤ ਵਿਰਕ, ਕਮਲਜੀਤ ਬੈਨੀਪਾਲ ਅਤੇ ਕੁਲਵਿੰਦਰ ਸਿੰਘ ਢੀਂਡਸਾ, ਸੁਲੱਖਣ ਸਿੰਘ ਗਿੱਲ ਅਤੇ ਨੀਟਾ ਮਾਛੀਕੇ ਆਦਿ ਦੇ ਨਾਮ ਜ਼ਿਕਰਯੋਗ ਹਨ।
ਇਸ ਮੌਕੇ ਇੰਡੋ ਅਮੈਰਿਕਨ ਹੈਰੀਟੇਜ ਅਤੇ ਖਾਲੜਾ ਪਾਰਕ ਨਾਲ ਜੁੜੀਆਂ ਸ਼ਖ਼ਸੀਅਤਾਂ ਦੀ ਹਾਜ਼ਰੀ ਨੇ ਸਮਾਗਮ ਨੂੰ ਹੋਰ ਵੀ ਰੌਣਕਮਈ ਬਣਾ ਦਿੱਤਾ। ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਇਹ ਸਮਾਗਮ ਹਾਜ਼ਰੀਨ ਦੇ ਮਨਾਂ ‘ਤੇ ਅਮਿੱਟ ਛਾਪ ਛੱਡਦਾ ਹੋਇਆ ਯਾਦਗਾਰੀ ਹੋ ਨਿੱਬੜਿਆ।