#PUNJAB

ਇੰਡੋਨੇਸ਼ੀਆ ‘ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਦੋ ਪੰਜਾਬੀ ਨੌਜਵਾਨਾਂ ਦੇ ਪਰਿਵਾਰ ਨੂੰ ਮਿਲੇ ਮੰਤਰੀ

ਰਮਦਾਸ, 20 ਮਈ (ਪੰਜਾਬ ਮੇਲ)- ਪਿੰਡ ਗੱਗੋਮਾਹਲ ਦੇ ਦੋ ਨੌਜਵਾਨ, ਜੋ ਕਿਸੇ ਟਰੈਵਲ ਏਜੰਟ ਦੇ ਭਰੋਸੇ ਵਿਚ ਆ ਕੇ ਇੰਡੋਨੇਸ਼ੀਆ ਵਿਚ ਫੱਸ ਗਏ ਅਤੇ ਉਥੇ ਕਤਲ ਕੇਸ ਦੇ ਇਲਜ਼ਾਮ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ, ਦੇ ਪਰਿਵਾਰ ਕੋਲ ਪਹੁੰਚੇ ਐੱਨ.ਆਰ.ਆਈ. ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੁੱਜੇ। ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਵਤਨ ਵਾਪਸ ਲਿਆਉਣ ਲਈ ਪੂਰੀ ਕਾਨੂੰਨੀ ਵਾਹ ਲਗਾਏਗੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰ ਤੋਂ ਹੀ ਇਸ ਮਾਮਲੇ ਦੇ ਪ੍ਰਿੰਸੀਪਲ ਸਕੱਤਰ ਜੇ.ਐੱਮ. ਬਾਲਾਮੁਰਗਨ ਇੰਡੋਨੇਸ਼ੀਆ ਦੂਤ ਨਾਲ ਸੰਪਰਕ ਕਰ ਰਹੇ ਹਨ ਅਤੇ ਕੋਸ਼ਿਸ਼ ਹੋਵੇਗੀ ਕਿ ਹਰ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਲੈ ਕੇ ਨੌਜਵਾਨਾਂ ਨੂੰ ਵਾਪਸ ਵਤਨ ਲਿਆਂਦਾ ਜਾਵੇ।
ਸ਼੍ਰੀ ਧਾਲੀਵਾਲ ਨੇ ਕਿਹਾ ਕਿ ਇਸ ਦੇ ਨਾਲ ਹੀ ਠੱਗ ਟਰੈਵਲ ਏਜੰਟਾਂ ਜਿਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਇਹ ਨੌਜਵਾਨ ਇੰਡੋਨੇਸ਼ੀਆ ਵਿਚ ਫਸੇ ਸਨ, ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਪੰਜਾਬ ਦੇ ਜਿਹੜੇ ਵੀ ਏਜੰਟ ਅਜਿਹਾ ਮਨੁੱਖੀ ਤਸਕਰੀ ਦਾ ਧੰਦਾ ਕਰਦੇ ਹਨ, ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਦੱਸਣਯੋਗ ਹੈ ਕਿ ਗੱਗੋਮਾਹਲ ਦੇ ਜੋ ਦੋ ਨੌਜਵਾਨ ਇੰਡੋਨੇਸ਼ੀਆ ਵਿਚ ਫਸੇ ਹਨ, ਇਕੋ ਪਰਿਵਾਰ ਦੇ ਹਨ।

Leave a comment