ਅਜਨਾਲਾ, 20 ਮਈ (ਪੰਜਾਬ ਮੇਲ)- ਤਹਿਸੀਲ ਅਜਨਾਲਾ ਦੇ ਕਸਬਾ ਗੱਗੋਮਾਹਲ ਦੇ ਰਹਿਣ ਵਾਲੇ ਸਾਹਿਬ ਸਿੰਘ ਪੁੱਤਰ ਪੂਰਨ ਸਿੰਘ ਨੇ ਆਪਣੇ ਪਰਿਵਾਰ ਤੇ ਹੋਰ ਸਾਕ-ਸਬੰਧੀਆਂ ਸਮੇਤ ਗੱਲਬਾਤ ਕਰਦਿਆਂ ਭਰੇ ਮਨ ਨਾਲ ਦੱਸਿਆ ਕਿ ਮੇਰੇ ਬੇਟੇ ਗੁਰਮੇਜ ਸਿੰਘ ਅਤੇ ਭਣੇਵੇਂ ਅਜੇਪਾਲ ਸਿੰਘ ਨੂੰ ਅਮਰੀਕਾ ਪਹੁੰਚਾਉਣ ਲਈ ਏਜੰਟ ਨੇ ਸਾਡੇ ਨਾਲ 35-35 ਲੱਖ ਰੁਪਏ ਦੀ ਗੱਲ ਕੀਤੀ ਸੀ। ਉਨ੍ਹਾਂ ਨਾਲ ਪੈਸੇ ਉੱਥੇ ਪਹੁੰਚ ਕੇ ਦੇਣ ਦੀ ਗੱਲ ਹੋਈ ਸੀ, ਪਰ ਜਦੋਂ 5 ਮਈ ਨੂੰ ਸਾਡੇ ਦੋਵੇਂ ਮੁੰਡੇ ਘਰੋਂ ਜਾਣ ਲੱਗੇ ਤਾਂ ਏਜੰਟ ਨੇ ਕਿਹਾ ਕਿ ਇਨ੍ਹਾਂ ਨੂੰ ਪੰਜ-ਪੰਜ ਹਜ਼ਾਰ ਰੁਪਏ ਅਮਰੀਕਨ ਡਾਲਰ ਦੇ ਕੇ ਭੇਜਣਾ, ਜੋ ਕਿ ਇੰਡੀਆ ਦਾ ਕਰੀਬ 8 ਲੱਖ ਰੁਪਏ ਬਣਦਾ ਹੈ, ਜਿਸ ਤੋਂ ਬਾਅਦ 9 ਮਈ ਨੂੰ ਦਿੱਲੀ ਏਅਰਪੋਰਟ ਤੋਂ ਸਾਡੇ ਮੁੰਡਿਆਂ ਨੂੰ ਜਹਾਜ਼ ਚੜ੍ਹਾ ਕੇ ਇੰਡੋਨੇਸ਼ੀਆ ਉਤਾਰ ਦਿੱਤਾ ਗਿਆ, ਜਿਥੇ ਇਕ ਵਿਅਕਤੀ ਆਇਆ ਜੋ ਉਨ੍ਹਾਂ ਨੂੰ ਨਾਲ ਆਪਣੇ ਇਕ ਘਰ ਵਿਚ ਲੈ ਗਿਆ, ਜਿੱਥੇ ਕਿ ਤਿੰਨ ਵਿਅਕਤੀ ਹੋਰ ਮੌਜੂਦ ਸਨ। ਇਸ ਤੋਂ ਬਾਅਦ 13 ਮਈ ਨੂੰ ਅਜੇਪਾਲ ਸਿੰਘ ਨੇ ਆਪਣੇ ਭਰਾ ਅਕਾਸ਼ਦੀਪ ਸਿੰਘ ਨੂੰ ਫੋਨ ਕਰ ਕੇ ਦੱਸਿਆ ਕਿ ਜਿਸ ਘਰ ਵਿਚ ਉਨ੍ਹਾਂ ਨੂੰ ਰੱਖਿਆ ਗਿਆ ਸੀ, ਉਸ ਘਰ ਵਿਚ ਉਨ੍ਹਾਂ ਵਿਅਕਤੀਆਂ ਵਲੋਂ ਸਾਡੀ ਦੋਵਾਂ ਦੀ ਬਹੁਤ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਨੇ ਭੁੱਖੇ ਪਿਆਸੇ ਰੱਖ ਕੇ ਸਾਡੇ ਪਾਸੋਂ ਉਹ ਪੰਜ-ਪੰਜ ਹਜ਼ਾਰ ਡਾਲਰ ਵੀ ਖੋਹ ਲੈ ਗਏ ਹਨ ਤੇ ਸਾਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ।
ਅਸੀਂ ਹੁਣ ਉਥੋਂ ਭੱਜ ਕੇ ਆਪਣੀ ਜਾਨ ਬਚਾ ਕੇ ਇੰਡੋਨੇਸ਼ੀਆ ਦੇ ਬਾਲੀ ਏਅਰਪੋਰਟ ‘ਤੇ ਪਹੁੰਚੇ ਹਾਂ ਤੇ ਸਾਡੇ ਕੋਲ ਕੋਈ ਪੈਸਾ ਵੀ ਨਹੀਂ ਹੈ। ਅਜੇਪਾਲ ਨੇ ਕਿਹਾ ਕਿ ਤੁਸੀਂ ਸਾਡੀ ਜਲਦ ਤੋਂ ਜਲਦ ਵਾਪਸੀ ਦੀ ਟਿਕਟ ਕਰਵਾ ਦਿਓ, ਜਿਸ ਤੋਂ ਬਾਅਦ ਅਕਾਸ਼ਦੀਪ ਸਿੰਘ ਵੱਲੋਂ ਉਨ੍ਹਾਂ ਦੀ ਵਾਪਸੀ ਦੀ ਟਿਕਟ ਕਰਵਾ ਦਿੱਤੀ ਗਈ, ਪਰ ਉਹ ਵਾਪਸ ਇੰਡੀਆ ਨਹੀਂ ਪਹੁੰਚੇ। ਮੁੰਡਿਆਂ ਬਾਰੇ ਪਤਾ ਕਰਨ ‘ਤੇ ਪਤਾ ਲੱਗਿਆ ਕਿ ਜਿਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਨੂੰ ਆਪਣੇ ਘਰ ਰੱਖਿਆ ਸੀ, ਉਨ੍ਹਾਂ ਦੀ ਸ਼ਰਾਬੀ ਹਾਲਤ ਵਿਚ ਹੋਈ ਆਪਸੀ ਲੜਾਈ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਲੜਾਈ ਵਿਚ ਸਨੀ ਕੁਮਾਰ ਵਾਸੀ ਹੁਸ਼ਿਆਰਪੁਰ ਜ਼ਖਮੀ ਹੋਇਆ ਹੈ, ਜਿਸ ਨੇ ਉਸ ਵਿਅਕਤੀ ਦੀ ਮੌਤ ਦੇ ਕੇਸ ਵਿਚ ਸਾਡੇ ਦੋਹਾਂ ਮੁੰਡਿਆਂ ਨੂੰ ਝੂਠਾ ਫਸਾ ਦਿੱਤਾ ਹੈ, ਜਦੋਂ ਕਿ ਸਨੀ ਕੁਮਾਰ ਬਾਰੇ ਪਤਾ ਲੱਗਿਆ ਹੈ ਕਿ ਉਹ ਬਹੁਤ ਵੱਡਾ ਫਰਾਡ ਹੈ ਤੇ ਉਸ ਉੱਪਰ ਪਹਿਲਾਂ ਤੋਂ ਕਈ ਮਾਮਲੇ ਦਰਜ ਹਨ, ਜਿਸ ਨੇ ਸਾਡੇ ਮੁੰਡਿਆਂ ਨੂੰ ਝੂਠੇ ਕੇਸ ਵਿਚ ਫਸਾ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਵੀਡੀਓ ਮੁਤਾਬਕ ਇਨ੍ਹਾਂ ਨੌਜਵਾਨਾਂ ਨੂੰ ਫਾਂਸੀ ਦੀ ਸਜ਼ਾ ਵੀ ਹੋ ਸਕਦੀ ਹੈ।