#PUNJAB

ਇੰਗਲੈਂਡ ਦੇ ਗੁਰਦੁਆਰਾ ਸਾਹਿਬ ‘ਚ ਹਮਲਾ ਕਰਨ ਦੀ ਘਟਨਾ ਦੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਨਿੰਦਾ

ਅੰਮ੍ਰਿਤਸਰ, 13 ਜੁਲਾਈ (ਪੰਜਾਬ ਮੇਲ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਇੰਗਲੈਂਡ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਗ੍ਰੇਵਸੈਂਡ ਅੰਦਰ ਦਾਖ਼ਲ ਹੋ ਕੇ ਦੋ ਵਿਅਕਤੀਆਂ ਵਲੋਂ ਸੰਗਤ ‘ਤੇ ਕਿਰਪਾਨਾਂ ਨਾਲ ਹਮਲਾ ਕਰਨ ਦੀ ਘਟਨਾ ‘ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਨੇ ਦਸ ਗੁਰੂ ਸਾਹਿਬਾਨ ਦੁਆਰਾ ਬਖਸ਼ੇ ਅਕੀਦੇ ‘ਤੇ ਪਹਿਰਾ ਦਿੰਦਿਆਂ ਆਪਣੀ ਮਿਹਨਤ, ਲਿਆਕਤ ਅਤੇ ਈਮਾਨਦਾਰੀ ਦੇ ਨਾਲ ਦੇਸ਼-ਵਿਦੇਸ਼ ਵਿਚ ਚੰਗਾ ਨਾਮਣਾ ਖੱਟਿਆ ਹੈ।
ਹੁਣੇ-ਹੁਣੇ ਇੰਗਲੈਂਡ ਵਿਚ ਹੋਈਆਂ ਪਾਰਲੀਮੈਂਟ ਚੋਣਾਂ ਵਿਚ ਕਈ ਪੰਜਾਬੀ, ਜਿਨ੍ਹਾਂ ਵਿਚੋਂ 4 ਦਸਤਾਰਧਾਰੀ ਸਿੱਖ ਹਨ, ਮੈਂਬਰ ਪਾਰਲੀਮੈਂਟ ਬਣੇ ਹਨ। ਉਨ੍ਹਾਂ ਕਿਹਾ ਕਿ ਇਸੇ ਦਰਮਿਆਨ ਇੰਗਲੈਂਡ ਦੇ ਇਕ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਦੋ ਹਮਲਾਵਰਾਂ ਵਲੋਂ ਕਿਰਪਾਨ ਨਾਲ ਸੰਗਤ ‘ਤੇ ਹਮਲਾ ਕਰਨ ਦੀ ਘਟਨਾ ਵਾਪਰਨੀ ਬੇਹੱਦ ਚਿੰਤਾਜਨਕ ਅਤੇ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਤੋਂ ਰੋਜ਼ਾਨਾ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਅਤੇ ਜਦੋਂ ਕਦੇ ਕਿਸੇ ਵੀ ਦੇਸ਼, ਖਿੱਤੇ ਵਿਚ ਮਨੁੱਖਤਾ ‘ਤੇ ਕੋਈ ਬਿਪਤਾ ਦੀ ਘੜੀ ਆਈ, ਤਾਂ ਇਹ ਗੁਰਦੁਆਰਾ ਸਾਹਿਬਾਨ ਧਰਮ, ਰੰਗ, ਨਸਲ ਅਤੇ ਖਿੱਤੇ ਦਾ ਵਿਤਕਰਾ ਕੀਤੇ ਬਗੈਰ ਲੋੜਵੰਦਾਂ ਲਈ ਸ਼ਰਨਗਾਹ ਬਣਦੇ ਹਨ।
ਗੁਰਦੁਆਰਾ ਸਾਹਿਬਾਨ ਵਿਚੋਂ ਬੀਮਾਰਾਂ ਨੂੰ ਦਵਾ-ਦਾਰੂ, ਨੰਗਿਆਂ ਨੂੰ ਤਨ ਢੱਕਣ ਲਈ ਬਸਤਰ ਅਤੇ ਭੁੱਖਿਆਂ ਨੂੰ ਲੰਗਰ ਵੰਡਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਯਕੀਨੀ ਹੈ ਕਿ ਇੰਗਲੈਂਡ ‘ਚ ਗੁਰਦੁਆਰਾ ਸਾਹਿਬ ਅੰਦਰ ਆ ਕੇ ਸੰਗਤ ‘ਤੇ ਹਮਲਾ ਕਰਨ ਵਾਲੇ ਲੋਕਾਂ ਦਾ ਕੋਈ ਧਰਮ ਨਹੀਂ ਹੋਵੇਗਾ ਅਤੇ ਉਹ ਮਨੁੱਖਤਾ ਦੇ ਦੁਸ਼ਮਣ ਅਤੇ ਹੈਵਾਨੀਅਤ ਦੀ ਸੋਚ ਦੇ ਧਾਰਨੀ ਹੋਣਗੇ।
ਉਨ੍ਹਾਂ ਕਿਹਾ ਕਿ ਇਸ ਹਮਲੇ ਵਿਚ ਬੇਸ਼ੱਕ ਕੋਈ ਜਾਨੀ ਨੁਕਸਾਨ ਜਾਂ ਬੇਅਦਬੀ ਵਰਗੀ ਦੁਖਦਾਈ ਸਥਿਤੀ ਤੋਂ ਬਚਾਅ ਹੋ ਗਿਆ ਪਰ ਸੰਗਤ ਵਿਚੋਂ ਕੁਝ ਲੋਕਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਇੰਗਲੈਂਡ ਸਰਕਾਰ ਨੂੰ ਅਜਿਹੇ ਹਮਲੇ ਕਰਨ ਵਾਲੇ ਮਨੁੱਖਤਾ ਦੇ ਵੈਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਕੇ ਉੱਥੇ ਵੱਸਦੇ ਸਿੱਖਾਂ ਨੂੰ ਸੁਰੱਖਿਅਤ ਹੋਣ ਦਾ ਅਹਿਸਾਸ ਕਰਵਾਉਣਾ ਚਾਹੀਦਾ ਹੈ, ਤਾਂ ਜੋ ਸਿੱਖ ਸੁਤੰਤਰਤਾ ਦੇ ਨਾਲ ਇੰਗਲੈਂਡ ‘ਚ ਆਪਣੇ ਧਾਰਮਿਕ ਵਿਸ਼ਵਾਸਾਂ ਦੀ ਪਾਲਣਾ ਕਰਦਿਆਂ ਉਥੋਂ ਦੇ ਸਰਬਪੱਖੀ ਵਿਕਾਸ ਵਿਚ ਆਪਣਾ ਯੋਗਦਾਨ ਪਾ ਸਕਣ।