#PUNJAB

ਇੰਗਲੈਂਡ ਦੇ ਕਾਰੋਬਾਰੀ ਪੀਟਰ ਵਿਰਦੀ ਦੇ ਜੱਦੀ ਘਰ ‘ਚ ਚੋਰੀ, ਬੇਸ਼ਕੀਮਤੀ ਵਿਰਾਸਤੀ ਸਾਮਾਨ ਲੈ ਗਏ ਚੋਰ

ਕਪੂਰਥਲਾ,  9 ਜੁਲਾਈ (ਪੰਜਾਬ ਮੇਲ)- ਕਪੂਰਥਲਾ ਦੇ ਸ਼ੇਖੂਪੁਰ ‘ਚ ਇੰਗਲੈਂਡ ਦੇ ਕਾਰੋਬਾਰੀ ਅਤੇ ਦਿ ਵਿਰਦੀ ਫਾਊਂਡੇਸ਼ਨ ਦੇ ਸੰਸਥਾਪਕ ਪੀਟਰ ਵਿਰਦੀ ਦੇ ਜੱਦੀ ਘਰ ‘ਚ ਚੋਰਾਂ ਨੇ ਹੱਥ ਸਾਫ ਕਰ ਦਿੱਤਾ ਹੈ। ਵਿਰਦੀ ਨੇ ਸਿੱਖ ਸੰਗਤ ਦੇ ਸਹਿਯੋਗ ਨਾਲ ਉਥੋਂ ਦੇ ਸਿੱਖ ਗੁਰਦੁਆਰਾ ਸਾਹਿਬ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਪਾਕਿਸਤਾਨ ਸਰਕਾਰ ਨੂੰ 500 ਮਿਲੀਅਨ ਪੌਂਡ ਦਿੱਤੇ। ਇੰਗਲੈਂਡ ਦੀ ਆਰਥਿਕਤਾ ਵਿੱਚ ਅਹਿਮ ਸਥਾਨ ਰੱਖਣ ਵਾਲੇ ਸਭ ਤੋਂ ਅਮੀਰ ਸਿੱਖ ਪੰਜਾਬੀ ਪਰਿਵਾਰ ਦੇ ਇਸ ਜੱਦੀ ਘਰ ਵਿੱਚੋਂ ਦਹਾਕਿਆਂ ਪੁਰਾਣੇ ਬੇਸ਼ਕੀਮਤੀ ਭਾਂਡੇ ਅਤੇ ਹੋਰ ਸਾਮਾਨ ਚੋਰੀ ਹੋ ਗਿਆ ਹੈ। ਪੀਟਰ ਵਿਰਦੀ ਦੇ ਪਿਤਾ ਹਰਭਜਨ ਸਿੰਘ ਵਿਰਦੀ ਇਸ ਘਟਨਾ ਤੋਂ ਦੁਖੀ ਹਨ। ਫਿਲਹਾਲ ਥਾਣਾ ਸਿਟੀ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੰਗਲੈਂਡ ‘ਚ ਮਹਾਰਾਣੀ ਜਿੰਦਾ ਦਾ ਹਾਰ ਖਰੀਦਣ ਵਾਲੇ ਵਿਰਦੀ ਪਰਿਵਾਰ ਦਾ ਮੁਹੱਲਾ ਗੁਰੂ ਨਾਨਕ ਨਗਰ ਚੌਕ, ਸ਼ੇਖੂਪੁਰ, ਕਪੂਰਥਲਾ ‘ਚ ਜੱਦੀ ਘਰ ਹੈ, ਜਿਸ ਨੂੰ ਉਨ੍ਹਾਂ ਨੇ ਬਜ਼ੁਰਗਾਂ ਦੇ ਸਮੇਂ ਵਾਂਗ ਸੰਭਾਲ ਕੇ ਰੱਖਿਆ ਹੋਇਆ ਹੈ। ਵਿਰਦੀ ਪਰਿਵਾਰ ਨੇ ਇਸ ਵਿੱਚ ਕਰੋੜਾਂ ਰੁਪਏ ਦੀਆਂ ਵਿਰਾਸਤੀ ਵਸਤਾਂ ਸਾਂਭੀਆਂ ਹੋਈਆਂ ਸਨ। ਇਸ ਵਿੱਚ ਦਾਦੀ ਦੇ ਵਿਆਹ ਦਾ ਕੀਮਤੀ ਸਮਾਨ, ਉਸ ਦੇ ਸਾਰੇ ਪਰਿਵਾਰਕ ਮੈਂਬਰਾਂ ਦੇ ਵਿਆਹਾਂ ਦਾ ਸਾਰਾ ਸਮਾਨ, ਵਿਦੇਸ਼ੀ ਮਹਿੰਗੀਆਂ ਘੜੀਆਂ ਤੇ ਸੋਨਾ ਆਦਿ ਰੱਖਿਆ ਗਿਆ ਸੀ। ਕੋਰੋਨਾ ਆਫ਼ਤ ਦੌਰਾਨ ਵਿਰਦੀ ਪਰਿਵਾਰ ਦੀ ਵੱਲੋਂ ਦੇਸ਼ ਭਰ ਵਿੱਚ ਆਕਸੀਜਨ ਮਸ਼ੀਨਾਂ ਵੰਡੀਆਂ ਗਈਆਂ, ਉਹ ਵੀ ਘਰ ਵਿੱਚ ਹੀ ਰੱਖੀਆਂ ਗਈਆਂ ਸੀ। ਉਨ੍ਹਾਂ ਨੂੰ ਵੀ ਚੋਰ ਚੋਰੀ ਕਰ ਕੇ ਲੈ ਗਏ ਹਨ।

Leave a comment