#OTHERS

ਇਸਲਾਮਾਬਾਦ ਹਾਈ ਕੋਰਟ ਵੱਲੋਂ ਇਮਰਾਨ ਖਾਨ ਨੂੰ ਸਾਰੇ ਕੇਸਾਂ ‘ਚ ਜ਼ਮਾਨਤ

ਇਸਲਾਮਾਬਾਦ, 13 ਮਈ (ਪੰਜਾਬ ਮੇਲ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸਲਾਮਾਬਾਦ ਹਾਈ ਕੋਰਟ (ਆਈ.ਐੱਚ.ਸੀ.) ਤੋਂ ਵੱਡੀ ਰਾਹਤ ਮਿਲੀ ਹੈ। ਇਸਲਾਮਾਬਾਦ ਹਾਈ ਕੋਰਟ ਦੀ ਵਿਸ਼ੇਸ਼ ਬੈਂਚ ਨੇ ਸ਼ੁੱਕਰਵਾਰ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਸਮੇਤ ਇਮਰਾਨ ਖਾਨ ‘ਤੇ ਚੱਲ ਰਹੇ ਸਾਰੇ ਕੇਸਾਂ ਤੋਂ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ।  ਇਮਰਾਨ ਨੂੰ 17 ਮਈ ਤੱਕ ਜ਼ਮਾਨਤ ਦਿੱਤੀ ਗਈ ਹੈ। ਹੁਣ ਇਮਰਾਨ ਨੂੰ 9 ਮਈ ਤੋਂ ਬਾਅਦ ਦਾਇਰ ਕਿਸੇ ਵੀ ਕੇਸ ਵਿਚ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ। ਉਸ ਨੂੰ ਸੁਰੱਖਿਆਤਮਕ ਜ਼ਮਾਨਤ ਦਿੱਤੀ ਗਈ ਹੈ। ਇਸ ‘ਤੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਜੀਓ ਨਿਊਜ਼ ਨੂੰ ਕਿਹਾ- ਦੁਨੀਆਂ ‘ਚ ਅਜਿਹੀ ਸਹੂਲਤ ਕਿਸੇ ਨੂੰ ਨਹੀਂ ਮਿਲ ਸਕਦੀ।  ਇਸਲਾਮਾਬਦ ਹਾਈ ਕੋਰਟ ਨੇ ਇਮਰਾਨ ਖਾਨ ਦੀ ਸੁਰੱਖਿਆ ਦੇ ਆਦੇਸ਼ ਦਿੱਤੇ। ਇਸ ਵਿਚਕਾਰ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕੈਬਨਿਟ ਬੈਠਕ ਬੁਲਾਈ ਹੈ। ਸਰਕਾਰ ਦੇ 2-3 ਮੰਤਰੀਆਂ ਨੇ ਦੇਸ਼ ਵਿਚ ਐਮਰਜੈਂਸੀ ਲਗਾਉਣ ਦੀ ਸਿਫਾਰਿਸ਼ ਕੀਤੀ ਹੈ।
70 ਸਾਲਾ ਖਾਨ ਸਖ਼ਤ ਸੁਰੱਖਿਆ ਦੇ ਵਿਚਕਾਰ ਸਥਾਨਕ ਸਮੇਂ ਅਨੁਸਾਰ ਸਵੇਰੇ 11:30 ਵਜੇ ਤੋਂ ਥੋੜ੍ਹੀ ਦੇਰ ਬਾਅਦ ਅਦਾਲਤ ਵਿਚ ਪਹੁੰਚਿਆ ਅਤੇ ਬਾਇਓਮੈਟ੍ਰਿਕ ਪਛਾਣ ਪ੍ਰਕਿਰਿਆ ਅਤੇ ਹੋਰ ਰਸਮੀ ਕਾਰਵਾਈਆਂ ਤੋਂ ਗੁਜ਼ਰਿਆ। ਸੁਰੱਖਿਆ ਕਾਰਨਾਂ ਕਰਕੇ ਸੁਣਵਾਈ ਕਰੀਬ ਦੋ ਘੰਟੇ ਲੇਟ ਹੋਈ। ਇਸ ਤੋਂ ਪਹਿਲਾਂ ਦੋਵੇਂ ਜੱਜ ਇੱਕ ਵਕੀਲ ਦੁਆਰਾ ਖਾਨ ਪੱਖੀ ਨਾਅਰੇਬਾਜ਼ੀ ਦੇ ਵਿਚਕਾਰ ਕੋਰਟਰੂਮ ਤੋਂ ਚਲੇ ਗਏ। ਨਾਰਾਜ਼ ਜੱਜਾਂ ਨੇ ਬਾਅਦ ਵਿਚ ਐਲਾਨ ਕੀਤਾ ਕਿ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਸੁਣਵਾਈ ਮੁੜ ਸ਼ੁਰੂ ਹੋਵੇਗੀ। ਡਾਨ ਨਿਊਜ਼ ਨੇ ਰਿਪੋਰਟ ਦਿੱਤੀ ਕਿ ਖਾਨ ਦੇ ਵਕੀਲਾਂ ਨੇ ਚਾਰ ਵਾਧੂ ਬੇਨਤੀਆਂ ਦਾਇਰ ਕੀਤੀਆਂ ਸਨ, ਜਿਸ ਵਿਚ ਆਈ.ਐੱਚ.ਸੀ. ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਖ਼ਿਲਾਫ਼ ਸਾਰੇ ਕੇਸਾਂ ਨੂੰ ਇਕੱਠਾ ਕਰਨ ਅਤੇ ਅਧਿਕਾਰੀਆਂ ਨੂੰ ਉਸ ਖ਼ਿਲਾਫ਼ ਦਰਜ ਕੀਤੇ ਗਏ ਕੇਸਾਂ ਦੇ ਵੇਰਵੇ ਪ੍ਰਦਾਨ ਕਰਨ ਲਈ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਖਾਨ ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਦੁਆਰਾ ਉਸਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਮੰਗਲਵਾਰ ਨੂੰ ਅਲ-ਕਾਦਿਰ ਟਰੱਸਟ ਮਾਮਲੇ ਵਿਚ ਆਈ.ਐੱਚ.ਸੀ. ਦੇ ਅਹਾਤੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅਰਧ ਸੈਨਿਕ ਰੇਂਜਰਾਂ ਦੁਆਰਾ ਉਸਦੀ ਗ੍ਰਿਫ਼ਤਾਰੀ ‘ਤੇ ਪੂਰੇ ਪਾਕਿਸਤਾਨ ਵਿਚ ਵਿਆਪਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਜਿਸ ਨਾਲ ਇੱਥੇ ਦੇ ਨਾਲ-ਨਾਲ ਪੰਜਾਬ, ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਪ੍ਰਾਂਤਾਂ ਵਿਚ ਫੌਜ ਦੀ ਤਾਇਨਾਤੀ ਕੀਤੀ ਗਈ। ਆਈ.ਐੱਚ.ਸੀ. ਨੇ ਉਸਦੀ ਗ੍ਰਿਫ਼ਤਾਰੀ ਨੂੰ ਬਰਕਰਾਰ ਰੱਖਿਆ ਪਰ ਸੁਪਰੀਮ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ ਵੀਰਵਾਰ ਨੂੰ ਉਸਦੀ ਨਜ਼ਰਬੰਦੀ ਨੂੰ ”ਗੈਰ-ਕਾਨੂੰਨੀ” ਕਰਾਰ ਦਿੱਤਾ ਅਤੇ ਉਸਦੀ ਤੁਰੰਤ ਰਿਹਾਈ ਦਾ ਆਦੇਸ਼ ਦਿੱਤਾ। ਸੁਪਰੀਮ ਕੋਰਟ ਨੇ ਪੁਲਿਸ ਨੂੰ ਨਿਰਦੇਸ਼ ਦਿੱਤਾ ਕਿ ਉਹ ਉਸਨੂੰ ਸੁਪਰੀਮ ਕੋਰਟ ਦੀ ਸੁਰੱਖਿਆ ਵਿਚ ਰੱਖੇ ਅਤੇ ਉਸਨੂੰ ਸਵੇਰੇ 11 ਵਜੇ ਹਾਈ ਕੋਰਟ ਵਿਚ ਪੇਸ਼ ਕੀਤਾ ਜਾਵੇ।

Leave a comment