#OTHERS

ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਪੀ.ਟੀ.ਆਈ. ਸਮਰਥਕਾਂ ਤੇ ਪੁਲਿਸ ਵਿਚਕਾਰ ਝੜਪ

ਲਾਹੌਰ, 15 ਮਾਰਚ (ਪੰਜਾਬ ਮੇਲ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀ.ਟੀ.ਆਈ. ਮੁਖੀ ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਦੇਸ਼ ਦੇ ਵੱਡੇ ਸ਼ਹਿਰਾਂ ਵਿਚ ਪੁਲਿਸ ਅਤੇ ਕਾਰਕੁਨਾਂ ਵਿਚਾਲੇ ਝੜਪਾਂ ਹੋਈਆਂ ਹਨ। ਇਸ ਝੜਪ ‘ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਈ ਸਮਰਥਕ ਜ਼ਖਮੀ ਹੋ ਗਏ ਹਨ। ਇਸ ਤੋਂ ਇਲਾਵਾ ਹਿੰਸਾ ਵਿਚ ਪੁਲਿਸ ਅਧਿਕਾਰੀਆਂ ਨੂੰ ਵੀ ਸੱਟਾਂ ਲੱਗੀਆਂ ਹਨ।
ਦਰਅਸਲ ਪੀ.ਟੀ.ਆਈ. ਪ੍ਰਧਾਨ ਇਮਰਾਨ ਖਾਨ ਦੇ ਸੱਦੇ ‘ਤੇ ਮੰਗਲਵਾਰ ਨੂੰ ਪਾਕਿਸਤਾਨ ਦੇ ਵੱਡੇ ਸ਼ਹਿਰਾਂ ‘ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਇਸ ਦੌਰਾਨ ਲਾਹੌਰ ਸਥਿਤ ਉਨ੍ਹਾਂ ਦੀ ਜ਼ਮਾਨ ਪਾਰਕ ਸਥਿਤ ਰਿਹਾਇਸ਼ ਦੇ ਬਾਹਰ ਪੁਲਿਸ ਅਤੇ ਪਾਰਟੀ ਵਰਕਰਾਂ ਵਿਚਾਲੇ ਝੜਪ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰਕੁਨਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਜ਼ਮਾਨ ਪਾਰਕ ‘ਚ ਰੁਕ-ਰੁਕ ਕੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਸਮਰਥਕਾਂ ‘ਤੇ ਲਾਠੀਚਾਰਜ ਕੀਤਾ।
ਸਰਕਾਰੀ ਬੁਲਾਰੇ ਅਤੇ ਗਵਾਹਾਂ ਨੇ ਦੱਸਿਆ ਕਿ ਇਮਰਾਨ ਖਾਨ ਦੀ ਸੰਭਾਵਿਤ ਗ੍ਰਿਫਤਾਰੀ ਤੋਂ ਪਹਿਲਾਂ ਦੇਸ਼ ਦੇ ਕਈ ਸ਼ਹਿਰਾਂ ‘ਚ ਪ੍ਰਦਰਸ਼ਨਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ‘ਚ ਦੋਵੇਂ ਧਿਰਾਂ ਦੇ ਕਈ ਲੋਕ ਜ਼ਖਮੀ ਹੋ ਗਏ ਹਨ। ਸਰਕਾਰੀ ਬੁਲਾਰੇ ਆਮਿਰ ਮੀਰ ਨੇ ਰਾਇਟਰਜ਼ ਨਿਊਜ਼ ਏਜੰਸੀ ਨੂੰ ਦੱਸਿਆ ਕਿ ਅਦਾਲਤ ਦੇ ਹੁਕਮਾਂ ‘ਤੇ ਇਮਰਾਨ ਖਾਨ ਨੂੰ ਗ੍ਰਿਫਤਾਰ ਕਰਨ ਲਈ ਇਸਲਾਮਾਬਾਦ ਤੋਂ ਪੁਲਿਸ ਦੀ ਇਕ ਟੀਮ ਪਹੁੰਚੀ ਸੀ, ਜਦੋਂ ਉਨ੍ਹਾਂ ਦੇ ਸਮਰਥਕ ਇਮਰਾਨ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ ਸਨ।
ਡਾਨ ਦੀ ਰਿਪੋਰਟ ਮੁਤਾਬਕ ਪੀ.ਟੀ.ਆਈ. ਵਰਕਰਾਂ ਨੇ ਇਮਰਾਨ ਖਾਨ ਦੀ ਰਿਹਾਇਸ਼ ਦੇ ਨਾਲ-ਨਾਲ ਕੈਨਾਲ ਰੋਡ ਵੱਲ ਜਾਣ ਵਾਲੀ ਸੜਕ ਦਾ ਵੀ ਘਿਰਾਓ ਕੀਤਾ। ਇਮਰਾਨ ਖਾਨ ਦੀ ਪਾਰਟੀ ਪੀ.ਟੀ.ਆਈ. ਦੇ ਵਰਕਰਾਂ ਨੇ ਕਈ ਥਾਵਾਂ ‘ਤੇ ਹਿੰਸਾ ਵੀ ਕੀਤੀ ਹੈ। ਜਿਸ ਵਿਚ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ। ਸਰਕਾਰ ਦੇ ਬੁਲਾਰੇ ਆਮਿਰ ਮੀਰ ਨੇ ਕਿਹਾ ਕਿ ਚੰਗਾ ਹੋਵੇਗਾ ਜੇਕਰ ਇਮਰਾਨ ਖਾਨ ਅਦਾਲਤ ਵਿਚ ਆਪਣੀ ਹਾਜ਼ਰੀ ਯਕੀਨੀ ਬਣਾਉਣ, ਨਹੀਂ ਤਾਂ ਕਾਨੂੰਨ ਆਪਣਾ ਰਾਹ ਅਪਣਾ ਲਵੇਗਾ।
ਇਸ ਦੌਰਾਨ ਸਰਕਾਰੀ ਬੁਲਾਰੇ ਮੀਰ ਨੇ ਕਿਹਾ ਕਿ ਸਰਕਾਰ ਨੇ ਸਥਿਤੀ ਨੂੰ ਕਾਬੂ ਕਰਨ ਲਈ ਅਰਧ ਸੈਨਿਕ ਬਲਾਂ ਨੂੰ ਬੁਲਾਇਆ ਹੈ। ਗਵਾਹਾਂ ਨੇ ਦੱਸਿਆ ਕਿ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਤਾਂ ਇਮਰਾਨ ਖਾਨ ਦੇ ਕਈ ਸਮਰਥਕ ਜ਼ਖਮੀ ਹੋ ਗਏ। ਪਿਛਲੇ ਹਫ਼ਤੇ ਵੀ ਇਸੇ ਤਰ੍ਹਾਂ ਦੀਆਂ ਝੜਪਾਂ ਹੋਈਆਂ ਸਨ। ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਸਈਅਦ ਸ਼ਹਿਜ਼ਾਦ ਨਦੀਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਹੀ ਇੱਥੇ ਆਏ ਹਾਂ।
ਇਸ ਦੌਰਾਨ ਇਮਰਾਨ ਦੇ ਸਹਿਯੋਗੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਪੁਲਿਸ ਉਸ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਕਿਉਂਕਿ ਉਸ ਨੂੰ ਹਾਈ ਕੋਰਟ ਤੋਂ ਸੁਰੱਖਿਆਤਮਕ ਜ਼ਮਾਨਤ ਮਿਲ ਚੁੱਕੀ ਹੈ। ਇਮਰਾਨ ਖਾਨ ਦੇ ਸਹਿਯੋਗੀ ਫਵਾਦ ਚੌਧਰੀ ਨੇ ਰਾਇਟਰਜ਼ ਨੂੰ ਦੱਸਿਆ ਕਿ ਇਸਲਾਮਾਬਾਦ ਦੀ ਇੱਕ ਅਦਾਲਤ ਨੇ 2018 ਤੋਂ 2022 ਤੱਕ ਸੱਤਾ ਵਿੱਚ ਰਹਿਣ ਦੌਰਾਨ ਗੈਰ-ਕਾਨੂੰਨੀ ਤੌਰ ‘ਤੇ ਸਰਕਾਰੀ ਤੋਹਫ਼ੇ ਵੇਚਣ ਲਈ ਉਸ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਇਸ ਮਾਮਲੇ ‘ਚ ਪੁਲਿਸ ਉਸ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ।

Leave a comment