#Featured

ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਮਗਰੋਂ ਵੱਖ-ਵੱਖ ਥਾਵਾਂ ‘ਤੇ ਹਿੰਸਕ ਪ੍ਰਦਰਸ਼ਨ

ਪੈਰਾਮਿਲਟਰੀ ਰੇਂਜਰਜ਼ ਵੱਲੋਂ ਇਸਲਾਮਾਬਾਦ ਹਾਈ ਕੋਰਟ ਦੇ ਬਾਹਰੋਂ ਕੀਤਾ ਗਿਆ ਸੀ ਗ੍ਰਿਫ਼ਤਾਰ

ਇਮਰਾਨ ਸਮਰਥਕ ਕਰਾਚੀ ਵਿਚ ਪੁਲਿਸ ਵਾਹਨ ‘ਤੇ ਪੱਥਰਬਾਜ਼ੀ ਕਰਦੇ ਹੋਏ।

ਇਸਲਾਮਾਬਾਦ/ਲਾਹੌਰ, 10 ਮਈ (ਪੰਜਾਬ ਮੇਲ)- ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਮਗਰੋਂ ਉਨ੍ਹਾਂ ਦੇ ਹਮਾਇਤੀ ਵੱਖ-ਵੱਖ ਸ਼ਹਿਰਾਂ ਵਿਚ ਸੜਕਾਂ ‘ਤੇ ਉੱਤਰ ਆਏ ਤੇ ਇਨ੍ਹਾਂ ਪ੍ਰਦਰਸ਼ਨਾਂ ਨੇ ਹੌਲੀ-ਹੌਲੀ ਹਿੰਸਕ ਰੂਪ ਧਾਰ ਲਿਆ। ਇਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਦੀ ਗੋਲੀ ਨਾਲ ਮੌਤ ਹੋਣ ਤੇ ਜ਼ਖ਼ਮੀ ਹੋਣ ਦੀਆਂ ਰਿਪੋਰਟਾਂ ਹਨ। ਪਾਰਟੀ ਵਰਕਰ ਕਰਾਚੀ, ਪਿਸ਼ਾਵਰ ਤੇ ਲਾਹੌਰ ਸਥਿਤ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਮੁੱਖ ਦਫ਼ਤਰਾਂ ‘ਇਨਸਾਫ਼ ਹਾਊਸ’ ਵਿਚ ਇਕੱਤਰ ਹੋ ਗਏ। ਰਾਵਲਪਿੰਡੀ ਤੇ ਇਸਲਾਮਾਬਾਦ ਵਿਚ ਵੀ ਲੋਕ ਸੜਕਾਂ ‘ਤੇ ਨਿਕਲ ਆਏ। ਖ਼ਾਨ ਦੇ ਸਮਰਥਕ ਰਾਵਲਪਿੰਡੀ ਸਥਿਤ ਪਾਕਿਸਤਾਨ ਫੌਜ ਦੇ ਹੈੱਡਕੁਆਰਟਰ ਤੇ ਲਾਹੌਰ ਵਿਚ ਕੋਰ ਕਮਾਂਡਰਾਂ ਦੀ ਰਿਹਾਇਸ਼ ਵਿਚ ਦਾਖ਼ਲ ਹੋ ਗਏ। ਹੈੱਡਕੁਆਰਟਰ ‘ਤੇ ਬੋਲੇ ਧਾਵੇ ਦੌਰਾਨ ਉਥੇ ਮੌਜੂਦਾ ਸਲਾਮਤੀ ਦਸਤਿਆਂ ਨੇ ਜ਼ਾਬਤੇ ਨਾਲ ਕੰਮ ਲਿਆ। ਪ੍ਰਦਰਸ਼ਨਕਾਰੀਆਂ ਨੇ ਸ਼ਾਹਬਾਜ਼ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਧਰ ਕੋਰ ਕਮਾਂਡਰ ਲਾਹੌਰ ਦੀ ਰਿਹਾਇਸ਼ ਵਿਚ ਵੜੇ ਪੀ.ਟੀ.ਆਈ. ਵਰਕਰਾਂ ਨੇ ਭੰਨ-ਤੋੜ ਕੀਤੀ। ਡਿਊਟੀ ‘ਤੇ ਮੌਜੂਦ ਫੌਜ ਦੇ ਅਮਲੇ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਪ੍ਰਦਰਸ਼ਨਕਾਰੀਆਂ ਨੇ ਛਾਉਣੀ ਇਲਾਕੇ ਵਿਚ ਵੀ ਮੁਜ਼ਾਹਰਾ ਕੀਤਾ। ਖ਼ਾਨ ਦੀ ਗ੍ਰਿਫ਼ਤਾਰੀ ਦਾ ਪਤਾ ਲੱਗਦੇ ਹੀ ਪਾਕਿਸਤਾਨ ਦੇ ਕਈ ਸ਼ਹਿਰਾਂ ਵਿਚ ਰੋਸ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਧਾਰ ਲਿਆ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੇ ਵਾਹਨਾਂ ਨੂੰ ਅੱਗ ਲਾ ਦਿੱਤੀ ਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ। ਲਾਹੌਰ ਦੇ ਮੁੱਖ ਰੋਡ ਸਣੇ ਦਾਖਲ ਤੇ ਬਾਹਰ ਨਿਕਲਣ ਵਾਲੇ ਰਾਹਾਂ ‘ਤੇ ਜਾਰੀ ਪ੍ਰਦਰਸ਼ਨਾਂ ਕਰਕੇ ਸ਼ਹਿਰ ਦਾ ਵਰਚੁਅਲੀ ਹੋਰਨਾਂ ਸ਼ਹਿਰਾਂ ਨਾਲੋਂ ਰਾਬਤਾ ਖ਼ਤਮ ਹੋ ਗਿਆ। ਲਹਿੰਦੇ ਪੰਜਾਬ ਦੀ ਕਾਰਜਕਾਰੀ ਸਰਕਾਰ ਨੇ ਰੇਂਜਰਜ਼ ਨੂੰ ਮੁਲਕ ਦੇ ਸਭ ਤੋਂ ਸੰਘਣੀ ਵਸੋਂ ਵਾਲੇ ਸੂਬੇ ਵਿਚ ਅਮਨ ਤੇ ਕਾਨੂੰਨ ਬਣਾਈ ਰੱਖਣ ਦੀ ਹਦਾਇਤ ਕੀਤੀ ਹੈ। ਉਂਜ ਪੰਜਾਬ ਵਿਚ ਧਾਰਾ 144 ਆਇਦ ਕਰ ਦਿੱਤੀ ਗਈ ਹੈ। ਗ੍ਰਹਿ ਵਿਭਾਗ ਨੇ ਕਿਹਾ ਕਿ ਇਕੱਠ ‘ਤੇ ਪਾਬੰਦੀ ਦੇ ਹੁਕਮ ਦੋ ਦਿਨਾਂ ਲਈ ਲਾਗੂ ਰਹਿਣਗੇ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਪਾਕਿਸਤਾਨ ਟੈਲੀਕਾਮ ਅਥਾਰਿਟੀ ਨੂੰ ਹਿੰਸਕ ਪ੍ਰਦਰਸ਼ਨਾਂ ਵਾਲੇ ਇਲਾਕਿਆਂ ਵਿਚ ਇੰਟਰਨੈੱਟ ਤੇ ਮੋਬਾਈਲ ਸੇਵਾਵਾਂ ਬੰਦ ਕਰਨ ਲਈ ਕਿਹਾ ਹੈ। ਪੀ.ਟੀ.ਆਈ. ਦੇ ਵੱਡੀ ਗਿਣਤੀ ਵਰਕਰਾਂ ਨੇ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਦੇ ਫ਼ੈਸਲਾਬਾਦ ਸ਼ਹਿਰ ਵਿਚਲੇ ਘਰ ‘ਤੇ ਪੱਥਰਬਾਜ਼ੀ ਵੀ ਕੀਤੀ। ਮੁਲਤਾਨ, ਜੰਗ, ਗੁਜਰਾਂਵਾਲਾ, ਸ਼ੇਖੂਪੁਰਾ, ਕਸੂਰ, ਖਾਨੇਵਾਲ, ਵੇਹੜੀ, ਹਾਫ਼ਿਜ਼ਾਬਾਦ ਤੇ ਗੁਜਰਾਤ ਸ਼ਹਿਰਾਂ ‘ਚ ਰੋਸ ਮੁਜ਼ਾਹਰੇ ਵੇਖਣ ਨੂੰ ਮਿਲੇ।

ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕਰਕੇ ਲਿਜਾਂਦੇ ਹੋਏ ਪਾਕਿਸਤਾਨੀ ਰੇਂਜਰਜ਼।

ਜ਼ਿਕਰਯੋਗ ਹੈ ਕਿ ਪੈਰਾਮਿਲਟਰੀ ਰੇਂਜਰਾਂ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸਲਾਮਾਬਾਦ ਹਾਈ ਕੋਰਟ ਦੇ ਬਾਹਰੋਂ ਗ੍ਰਿਫ਼ਤਾਰ ਕਰ ਲਿਆ। ਖ਼ਾਨ ਭ੍ਰਿਸ਼ਟਾਚਾਰ ਕੇਸ ਦੀ ਸੁਣਵਾਈ ਲਈ ਕੋਰਟ ਅਹਾਤੇ ‘ਚ ਮੌਜੂਦ ਸਨ। ਗ੍ਰਿਫ਼ਤਾਰੀ ਮਗਰੋਂ ਖ਼ਾਨ ਨੂੰ ਰਾਵਲਪਿੰਡੀ ਸਥਿਤ ਕੌਮੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਦੇ ਦਫ਼ਤਰ ਵਿਚ ਤਬਦੀਲ ਕੀਤੇ ਜਾਣ ਦੀਆਂ ਰਿਪੋਰਟਾਂ ਹਨ। ਹਾਲਾਂਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਆਗੂ ਫ਼ਵਾਦ ਚੌਧਰੀ ਨੇ ਖ਼ਾਨ ਨੂੰ ਕਿਸੇ ਅਣਦੱਸੀ ਥਾਂ ਤਬਦੀਲ ਕਰਨ ਦਾ ਦਾਅਵਾ ਕੀਤਾ ਹੈ। ਪਾਰਟੀ ਨੇ ਖ਼ਾਨ ‘ਤੇ ਤਸ਼ੱਦਦ ਕੀਤੇ ਜਾਣ ਦਾ ਵੀ ਦਾਅਵਾ ਕੀਤਾ ਹੈ, ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ। ਪੀ.ਟੀ.ਆਈ. ਦੇ ਸਕੱਤਰ ਜਨਰਲ ਅਸਦ ਉਮਰ ਨੇ ਟਵੀਟ ਕੀਤਾ ਕਿ ਪਾਰਟੀ ਦੇ ਉਪ ਚੇਅਰਮੈਨ ਸ਼ਾਹ ਮਹਿਮੂਦ ਕੁਰੈਸ਼ੀ ਦੀ ਅਗਵਾਈ ਵਾਲੀ 6 ਮੈਂਬਰੀ ਕਮੇਟੀ ਵੱਲੋਂ ਅਗਲੇ ਸੰਘਰਸ਼ ਦੀ ਰਣਨੀਤੀ ਘੜੀ ਜਾਵੇਗੀ। ਇਸ ਦੌਰਾਨ ਭਾਰਤ ਨੇ ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ ਸੁਰੱਖਿਆ ਵਧਾ ਦਿੱਤੀ ਹੈ। ਦੱਸ ਦੇਈਏ ਕਿ ਖ਼ਾਨ ਨੇ ਅਜੇ ਇਕ ਦਿਨ ਪਹਿਲਾਂ ਦੇਸ਼ ਦੀ ਤਾਕਤਵਾਰ ਫੌਜ ‘ਤੇ ਉਨ੍ਹਾਂ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ ਸੀ। ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਨੇ ਸਾਬਕਾ ਕ੍ਰਿਕਟਰ ਤੋਂ ਸਿਆਸਤਦਾਨ ਬਣੇ 70 ਸਾਲਾ ਆਗੂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਖ਼ਾਨ ਦੀ ਗ੍ਰਿਫ਼ਤਾਰੀ ਅਜਿਹੇ ਮੌਕੇ ਹੋਈ ਹੈ, ਜਦੋਂ ਇਕ ਦਿਨ ਪਹਿਲਾਂ ਪਾਕਿਸਤਾਨੀ ਫੌਜ ਨੇ ਗੱਦੀਓਂ ਲਾਹੇ ਪ੍ਰਧਾਨ ਮੰਤਰੀ ਵੱਲੋਂ ਖੁਫ਼ੀਆ ਏਜੰਸੀ ਆਈ.ਐੱਸ.ਆਈ. ਦੇ ਇਕ ਸੀਨੀਅਰ ਅਧਿਕਾਰੀ ‘ਤੇ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ।

ਗ੍ਰਿਫ਼ਤਾਰੀ ਤੋਂ ਪਹਿਲਾਂ ਖ਼ਾਨ ਨੂੰ ਕਈ ਕੇਸਾਂ ‘ਚ ਮਿਲੀ ਜ਼ਮਾਨਤ
ਇਸਲਾਮਾਬਾਦ: ਨੀਮ ਫੌਜੀ ਬਲਾਂ ਦੇ ਰੇਂਜਰਾਂ ਵੱਲੋਂ ਇਸਲਾਮਾਬਾਦ ਹਾਈ ਕੋਰਟ ਵਿਚੋਂ ਗ੍ਰਿਫਤਾਰ ਕੀਤੇ ਜਾਣ ਤੋਂ ਪਹਿਲਾਂ ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੂੰ ਉਨ੍ਹਾਂ ਖਿਲਾਫ਼ ਦਰਜ ਕੇਈ ਕੇਸਾਂ ਵਿਚ ਜ਼ਮਾਨਤ ਮਿਲ ਗਈ। ਅੱਤਵਾਦ ਵਿਰੋਧੀ ਕੋਰਟ (ਏ.ਟੀ.ਸੀ.) ਨੇ ਖ਼ਾਨ ਵੱਲੋਂ ਦਾਇਰ ਅੰਤਰਿਮ ਜ਼ਮਾਨਤ ਦੀਆਂ ਅਰਜ਼ੀਆਂ ਨੂੰ ਮਨਜ਼ੂਰ ਕਰ ਲਿਆ। ਏ.ਟੀ.ਸੀ. ਜੱਜ ਰਾਜਾ ਜਵਾਦ ਅੱਬਾਸ ਨੇ ਇਥੇ ਸੰਘੀ ਅਦਾਲਤੀ ਕੰਪਲੈਕਸ ਦੇ ਬਾਹਰ 18 ਮਾਰਚ ਨੂੰ ਹੋਈ ਹਿੰਸਾ ਨਾਲ ਜੁੜੇ ਸੱਤ ਕੇਸਾਂ ਵਿਚ ਖ਼ਾਨ ਵੱਲੋਂ ਦਾਇਰ ਜ਼ਮਾਨਤ ਅਰਜ਼ੀ ਨੂੰ ਪ੍ਰਵਾਨ ਕਰ ਲਿਆ। ਕੋਰਟ ਨੇ ਖ਼ਾਨ ਨੂੰ 50 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ਭਰਨ ਲਈ ਕਿਹਾ ਹੈ।

ਇਸਲਾਮਾਬਾਦ ਹਾਈ ਕੋਰਟ ਵੱਲੋਂ ਗ੍ਰਿਫਤਾਰੀ ‘ਜਾਇਜ਼’ ਕਰਾਰ
ਪੈਰਾ-ਮਿਲਟਰੀ ਰੇਂਜਰਾਂ ਵੱਲੋਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਨਾਟਕੀ ਗ੍ਰਿਫ਼ਤਾਰੀ ਮਗਰੋਂ ਸਰਕਾਰ ਤੇ ਪੁਲਿਸ ਦੇ ਸਿਖਰਲੇ ਅਧਿਕਾਰੀਆਂ ਨੂੰ ਸੰਮਨ ਕਰਨ ਵਾਲੀ ਇਸਲਾਮਾਬਾਦ ਹਾਈ ਕੋਰਟ ਨੇ ਖ਼ਾਨ ਦੀ ਗ੍ਰਿਫ਼ਤਾਰੀ ਨੂੰ ਕਾਨੂੰਨੀ ਤੌਰ ‘ਤੇ ਜਾਇਜ਼ ਕਰਾਰ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਕਿ ਐੱਨ.ਏ.ਬੀ. (ਕੌਮੀ ਜਵਾਬਦੇਹੀ ਬਿਊਰੋ) ਨੇ ਗ੍ਰਿਫਤਾਰੀ ਮੌਕੇ ਸਾਰੇ ਨੇਮਾਂ ਦੀ ਪਾਲਣਾ ਕੀਤੀ।

Leave a comment