#AUSTRALIA

ਇਪਸਾ ਵੱਲੋਂ ਆਯੋਜਿਤ ਸ਼ਾਇਰਾਨਾ ਸ਼ਾਮ ’ਚ ਗ਼ਜ਼ਲ ਗਾਇਕ ਜਤਿੰਦਰ ਜਮਵਾਲ ਨੇ ਰੰਗ ਬੰਨ੍ਹਿਆ

ਬ੍ਰਿਸਬੇਨ, 21 ਅਗਸਤ (ਦਲਵੀਰ ਹਲਵਾਰਵੀ/ਪੰਜਾਬ ਮੇਲ)- ਆਸਟ੍ਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟ੍ਰੇਲੀਆ ਵੱਲੋਂ ਕਲਾ, ਸਾਹਿਤ ਅਤੇ ਸੰਗੀਤ ਦੇ ਪਸਾਰ ਅਤੇ ਪੇਸ਼ਕਾਰੀ ਤਹਿਤ ਅਰੰਭੀਆਂ ਸੰਜੀਦਾ ਕੋਸ਼ਿਸ਼ਾਂ ਦੇ ਤਹਿਤ ਕੱਲ੍ਹ ਬ੍ਰਿਸਬੇਨ ਸ਼ਹਿਰ ਵਿਚ ਗ਼ਜ਼ਲ ਗਾਇਨ ਨੂੰ ਸਮਰਪਿਤ ਇਕ ਖ਼ੂਬਸੂਰਤ ਸ਼ਾਮ ਆਯੋਜਿਤ ਕੀਤੀ ਗਈ| ਇਸ ਪ੍ਰੋਗਰਾਮ ’ਚ ਇੰਡੀਆ ਤੋਂ ਆਏ ਨਾਮਵਰ ਗ਼ਜ਼ਲ ਗਾਇਕ ਸ਼੍ਰੀ ਜਤਿੰਦਰ ਜਮਵਾਲ ਨੇ ਆਪਣੀ ਸ਼ਾਨਦਾਰ ਕਲਾ ਦਾ ਮੁਜ਼ਾਹਰਾ ਕਰਦਿਆਂ, ਇੱਕ ਤੋਂ ਬਾਅਦ ਇੱਕ ਲਾਜਵਾਬ ਗ਼ਜ਼ਲ ਬੋਲਦਿਆਂ ਸਰੋਤਿਆਂ ਨੂੰ ਕੀਲ ਲਿਆ| ਰੁਪਿੰਦਰ ਸੋਜ਼ ਨੇ ਜਤਿੰਦਰ ਜਮਵਾਲ ਦਾ ਤੁਆਰਫ਼ ਕਰਵਾਇਆ ਅਤੇ ਆਏ ਹੋਏ ਸਰੋਤਿਆਂ ਨੂੰ ਜੀ ਆਇਆਂ ਕਿਹਾ|
ਇਪਸਾ ਵੱਲੋਂ ਸ਼੍ਰੀ ਜਤਿੰਦਰ ਜਮਵਾਲ ਜੀ ਨੂੰ 500 ਡਾਲਰ ਨਕਦ ਰਾਸ਼ੀ ਅਤੇ ਦੁਸ਼ਾਲੇ ਨਾਲ ਸਨਮਾਨਿਤ ਕੀਤਾ ਗਿਆ| ਉਨ੍ਹਾਂ ਦੇ ਨਾਲ ਸ਼ਹਿਰ ਦੇ ਪ੍ਰਸਿੱਧ ਸ਼ਜਿੰਦੇ ਪਰਮਜੀਤ ਸਿੰਘ ਨਾਮਧਾਰੀ ਨੇ ਤਬਲੇ ਤੇ ਸਾਥ ਦਿੰਦਿਆਂ ਗ਼ਜ਼ਲਾਂ ਵਿਚ ਹੋਰ ਕਸ਼ਿਸ਼ ਭਰ ਦਿੱਤੀ| ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਟਿਸ ਆਫ ਪੀਸ ਦਲਵੀਰ ਹਲਵਾਰਵੀ, ਗੀਤਕਾਰ ਨਿਰਮਲ ਦਿਓਲ, ਡਾ. ਗਰੀਸ਼ ਕੁਮਾਰ ਸਟੇਜ ਸੰਚਾਲਕ ਗੁਰਦੀਪ ਜਗੇੜਾ, ਗਾਇਕ ਮੀਤ ਧਾਲੀਵਾਲ, ਇਪਸਾ ਦੇ ਕੁਆਰਡੀਨੇਟਰ ਪਾਲ ਰਾਊਕੇ, ਇਪਸਾ ਦੇ ਸੁਬਾਰਡੀਨੇਟਰ ਬਿਕਰਮਜੀਤ ਸਿੰਘ ਚੰਦੀ ਅਤੇ ਸ਼ਾਇਰ ਸਰਬਜੀਤ ਸੋਹੀ ਆਦਿ ਹਾਜ਼ਰ ਸਨ|

Leave a comment