-ਸੰਘਰਸ਼ ਨੂੰ ਰੋਕਣ ਲਈ ਈਰਾਨ ਨਾਲ ਗੱਲ ਕਰਨ ਲਈ ਕਿਹਾ
ਵਾਸ਼ਿੰਗਟਨ, 9 ਅਕਤੂਬਰ (ਪੰਜਾਬ ਮੇਲ)-ਇਜ਼ਰਾਈਲ ਅਤੇ ਫਿਲਸਤੀਨ ਵਿਚਾਲੇ ਚੱਲ ਰਹੇ ਸੰਘਰਸ਼ ਨੂੰ ਰੋਕਣ ਲਈ ਅਮਰੀਕਾ ਨੇ ਚੀਨ ਤੋਂ ਮਦਦ ਮੰਗੀ ਹੈ। ਅਮਰੀਕੀ ਸੈਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੂਮਰ ਨੇ ਸੋਮਵਾਰ ਨੂੰ ਚੀਨ ਨੂੰ ਅਪੀਲ ਕੀਤੀ ਕਿ ਉਹ ਇਜ਼ਰਾਈਲ-ਹਮਾਸ ਸੰਘਰਸ਼ ਨੂੰ ਰੋਕਣ ਲਈ ਈਰਾਨ ਨਾਲ ਗੱਲ ਕਰੇ। ਸ਼ੂਮਰ ਨੇ ਇਕ ਪ੍ਰੈੱਸ ਬ੍ਰੀਫਿੰਗ ਵਿਚ ਦੱਸਿਆ, ”ਸਾਡੇ ਵਿਚੋਂ ਇਕ ਸਮੂਹ ਨੇ ਚੀਨ ਨੂੰ ਕਿਹਾ ਕਿ ਉਹ ਇਸ ਅੱਗ ਨੂੰ ਫੈਲਣ ਤੋਂ ਰੋਕਣ ਲਈ ਈਰਾਨ ‘ਤੇ ਆਪਣੇ ਪ੍ਰਭਾਵ ਦੀ ਵਰਤੋਂ ਕਰੇ।”
ਸ਼ੂਮਰ ਨੇ ਕਿਹਾ, ”ਚੀਨ ਦਾ ਈਰਾਨ ‘ਤੇ ਕਈ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵ ਹੈ ਅਤੇ ਅਸੀਂ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਕਿਹਾ ਹੈ ਕਿ ਈਰਾਨ ਆਪਣੇ ਸਾਧਨਾਂ ਰਾਹੀਂ ਇਸ ਸੰਘਰਸ਼ ਨੂੰ ਰੋਕਣ ਲਈ ਹਿਜ਼ਬੁੱਲਾ ਅਤੇ ਹਮਾਸ ਨਾਲ ਗੱਲਬਾਤ ਕਰੇ।” ਸ਼ੂਮਰ ਨੇ ਬ੍ਰੀਫਿੰਗ ‘ਚ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਚੀਨੀਆਂ ਨੇ ਕਿਹਾ ਹੈ ਕਿ ਉਹ ਈਰਾਨੀਆਂ ਨੂੰ ਸੰਦੇਸ਼ ਦੇਣਗੇ।
ਹੋਰ ਉੱਚ-ਪੱਧਰੀ ਮੀਟਿੰਗਾਂ ਤੋਂ ਇਲਾਵਾ ਸ਼ੂਮਰ ਅਤੇ ਰਿਪਬਲਿਕਨ ਤੇ ਡੈਮੋਕ੍ਰੇਟਿਕ ਪਾਰਟੀਆਂ ਦੋਵਾਂ ਦੀ ਪ੍ਰਤੀਨਿਧਤਾ ਕਰਨ ਵਾਲੇ 5 ਹੋਰ ਅਮਰੀਕੀ ਸੈਨੇਟਰਾਂ ਨੇ ਸੋਮਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਸ਼ੂਮਰ ਨੇ ਕਿਹਾ ਕਿ ਮੀਟਿੰਗ ਲਗਭਗ 80 ਮਿੰਟ ਚੱਲੀ, ਜੋ ਕਿ ਉਮੀਦ ਨਾਲੋਂ ਦੁੱਗਣੀ ਸੀ।
ਅਮਰੀਕੀ ਸੰਸਦ ਦੇ ਉਪਰਲੇ ਸਦਨ ‘ਚ ਬਹੁਮਤ ਪਾਰਟੀ ਦੇ ਨੇਤਾ ਸ਼ੂਮਰ ਇਸ ਹਫ਼ਤੇ ਚੀਨ ਦਾ ਦੌਰਾ ਕਰਨ ਲਈ 6 ਅਮਰੀਕੀ ਸੰਸਦ ਮੈਂਬਰਾਂ ਦੇ ਵਫ਼ਦ ਦੀ ਅਗਵਾਈ ਕਰ ਰਹੇ ਹਨ। ਵਫ਼ਦ, ਜਿਸ ਵਿਚ 3 ਡੈਮੋਕ੍ਰੇਟਸ ਅਤੇ 3 ਰਿਪਬਲਿਕਨ ਸੰਸਦ ਮੈਂਬਰ ਸ਼ਾਮਲ ਹਨ, 2019 ਤੋਂ ਬਾਅਦ ਅਮਰੀਕੀ ਸੰਸਦ ਮੈਂਬਰਾਂ ਦੀ ਚੀਨ ਦੀ ਪਹਿਲੀ ਯਾਤਰਾ ਹੈ। ਇਹ ਦੌਰਾ ਅਜਿਹੇ ਸਮੇਂ ‘ਚ ਹੋ ਰਿਹਾ ਹੈ, ਜਦੋਂ ਅਮਰੀਕੀ ਸੰਸਦ ‘ਚ ਚੀਨ ‘ਤੇ ਲਗਾਤਾਰ ਹਮਲੇ ਹੋ ਰਹੇ ਹਨ।
ਚੀਨ ਦੇ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਇਕ ਬਿਆਨ ‘ਚ ਦੋਹਾਂ ਪੱਖਾਂ ਨੂੰ ਸੰਜਮ ਵਰਤਣ ਅਤੇ ਤੁਰੰਤ ਦੁਸ਼ਮਣੀ ਖ਼ਤਮ ਕਰਨ ਲਈ ਕਿਹਾ। ਹਾਲਾਂਕਿ, ਬਿਆਨ ਵਿਚ ਸ਼ਨੀਵਾਰ ਤੜਕੇ ਹਮਾਸ ਦੁਆਰਾ ਕੀਤੇ ਗਏ ਘਾਤਕ ਹਮਲੇ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਇਜ਼ਰਾਈਲ-ਫਿਲਸਤੀਨ ਸੰਘਰਸ਼ ‘ਚ ਦੋਵਾਂ ਪਾਸਿਆਂ ਤੋਂ 1,100 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਹਜ਼ਾਰਾਂ ਜ਼ਖ਼ਮੀ ਹੋਏ ਹਨ।
ਇਜ਼ਰਾਈਲੀ ਸੈਨਿਕਾਂ ਨੇ ਸੋਮਵਾਰ ਨੂੰ ਸਰਹੱਦ ਨੂੰ ਸੁਰੱਖਿਅਤ ਕਰਨ ਅਤੇ ਦੱਖਣੀ ਇਜ਼ਰਾਈਲੀ ਖੇਤਰਾਂ ਤੋਂ ਅੱਤਵਾਦੀਆਂ ਨੂੰ ਬਾਹਰ ਕੱਢਣ ਲਈ ਲੜਾਈ ਜਾਰੀ ਰੱਖੀ। ਚੀਨੀ ਮੰਤਰਾਲੇ ਨੇ ਆਪਣੇ ਬਿਆਨ ਵਿਚ ਇਹ ਵੀ ਕਿਹਾ ਸੀ ਕਿ ਫਿਲਸਤੀਨ ਨੂੰ ਇਕ ਸੁਤੰਤਰ ਦੇਸ਼ ਵਜੋਂ ਸਥਾਪਤ ਕਰਨਾ ਇਸ ਮੁੱਦੇ ਨੂੰ ਹੱਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।