#OTHERS

ਇਜ਼ਰਾਈਲੀ ਫੌਜ ਗਾਜ਼ਾ ਪੱਟੀ ‘ਚ ਹੋਈ ਦਾਖ਼ਲ

-ਸ਼ਹਿਰ ਖਾਲੀ ਕਰਨ ਦੇ ਹੁਕਮ ਤੋਂ ਜਾਨ ਬਚਾ ਕੇ ਦੌੜੇ ਲੋਕ
ਯੇਰੂਸ਼ਲਮ, 14 ਅਕਤੂਬਰ (ਪੰਜਾਬ ਮੇਲ)- ਫਿਲਸਤੀਨੀ ਅੱਤਵਾਦੀ ਸੰਗਠਨ ਹਮਾਸ ਦੇ ਅਚਾਨਕ ਹਮਲੇ ਤੋਂ ਬਾਅਦ ਗੁੱਸੇ ‘ਚ ਆਪੇ ਤੋਂ ਬਾਹਰ ਹੋਏ ਇਜ਼ਰਾਈਲ ਨੇ ਹਮਾਸ ਦੇ ਗੜ੍ਹ ਗਾਜ਼ਾ ਪੱਟੀ ‘ਤੇ ਲਗਾਤਾਰ ਕਈ ਦਿਨਾਂ ਤੱਕ 24 ਘੰਟੇ ਬੰਬਾਰੀ ਕਰਨ ਤੋਂ ਬਾਅਦ ਉਸ ਦੀ ਫੌਜ ਸ਼ੁੱਕਰਵਾਰ ਨੂੰ ਹਮਾਸ ਅੱਤਵਾਦੀਆਂ ਨਾਲ ਲੜਣ, ਉਨ੍ਹਾਂ ਦੇ ਹਥਿਆਰ ਨਸ਼ਟ ਕਰਨ ਅਤੇ ਹਮਾਸ ਵੱਲੋਂ ਲੁਕਾਏ ਗਏ ਬੰਧਕਾਂ ਦੇ ਸਬੂਤ ਲੱਭਣ ਲਈ ਗਾਜ਼ਾ ‘ਚ ਦਾਖਲ ਹੋ ਗਈ। ਪੈਦਲ ਅਤੇ ਭਾਰੀ ਅਤਿਆਧੁਨਿਕ ਹਥਿਆਰਾਂ ਨਾਲ ਲੈਸ ਇਜ਼ਰਾਈਲੀ ਫੌਜ ਦੇ ਜਵਾਨਾਂ ਨੇ ਪਹਿਲੀ ਵਾਰ ਗਾਜ਼ਾ ਪੱਟੀ ਦੇ ਅੰਦਰ ਦਾਖਲ ਹੋ ਕੇ ਛਾਪੇਮਾਰੀ ਕੀਤੀ। ਗਾਜ਼ਾ ‘ਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ।
ਇਜ਼ਰਾਈਲੀ ਫੌਜ ਨੇ ਗਾਜ਼ਾ ‘ਚ ਦਾਖਲ ਹੋਣ ਤੋਂ ਪਹਿਲਾਂ ਉੱਥੇ ਰਹਿਣ ਵਾਲੇ ਲਗਭਗ 10 ਲੱਖ ਲੋਕਾਂ ਨੂੰ ਸ਼ਹਿਰ ਛੱਡਣ ਦਾ ਹੁਕਮ ਦਿੱਤਾ ਅਤੇ ਗਾਜ਼ਾ ਪੱਟੀ ‘ਚ ਨਿਕਾਸੀ ਹੁਕਮਾਂ ਦੇ ਪਰਚੇ ਵੀ ਸੁੱਟੇ। ਸੰਘਰਸ਼ ਦੇ ਸੱਤਵੇਂ ਦਿਨ ਦਿੱਤੇ ਗਏ ਨਿਕਾਸੀ ਦੇ ਹੁਕਮਾਂ ‘ਚ ਗਾਜ਼ਾ ਸਿਟੀ ਦਾ ਹਿੱਸਾ ਵੀ ਆਉਂਦਾ ਹੈ। ਇਸ ਹੁਕਮ ਨਾਲ ਨਾਗਰਿਕਾਂ ‘ਚ ਭਾਰੀ ਦਹਿਸ਼ਤ ਫੈਲ ਗਈ ਅਤੇ ਉਹ ਆਪਣਾ ਸਮਾਨ ਬੰਨ੍ਹ ਕੇ ਆਪਣੀ ਜਾਨ ਬਚਾਉਣ ਲਈ ਵਾਹਨਾਂ ‘ਚ ਪਰਿਵਾਰਾਂ ਸਮੇਤ ਗਾਜ਼ਾ ਤੋਂ ਭੱਜ ਗਏ।
ਇਜ਼ਰਾਇਲੀ ਫੌਜ ਦੇ ਬੁਲਾਰੇ ਰੀਅਰ ਐਡਮਿਰਲ ਡੇਨੀਅਲ ਹੈਗਾਰੀ ਨੇ ਕਿਹਾ ਕਿ ਫੌਜ ਨੇ ਉੱਤਰੀ ਗਾਜ਼ਾ ਦੇ ਲੋਕਾਂ ਨੂੰ ਦੱਖਣ ਵੱਲ ਜਾਣ ਲਈ ਕਿਹਾ ਹੈ। ਇਹ ਪੁੱਛੇ ਜਾਣ ‘ਤੇ ਕਿ ਕੀ ਫੌਜ ਹਸਪਤਾਲਾਂ, ਸੰਯੁਕਤ ਰਾਸ਼ਟਰ ਦੇ ਪਨਾਹ ਘਰਾਂ ਅਤੇ ਸਿਵਲ ਟਿਕਾਣਿਆਂ ਦੀ ਸੁਰੱਖਿਆ ਕਰੇਗੀ, ਹੈਗਾਰੀ ਨੇ ਕਿਹਾ ਕਿ ਇਹ ਇਕ ਜੰਗੀ ਇਲਾਕਾ ਹੈ। ਜੇ ਹਮਾਸ ਲੋਕਾਂ ਨੂੰ ਜਾਣ ਤੋਂ ਰੋਕਦਾ ਹੈ ਤਾਂ ਬਾਕੀ ਦੀ ਜ਼ਿੰਮੇਵਾਰੀ ਉਸ ਦੀ ਹੋਵੇਗੀ।
ਹੈਗਾਰੀ ਨੇ ਕਿਹਾ ਕਿ ਹਮਾਸ ਦੇ ਅੱਤਵਾਦੀ ਗਾਜ਼ਾ ਸ਼ਹਿਰ ‘ਚ ਘਰਾਂ ਦੇ ਹੇਠਾਂ ਸੁਰੰਗਾਂ ਅਤੇ ਇਮਾਰਤਾਂ ਦੇ ਅੰਦਰ ਲੁਕੇ ਹੋਏ ਹਨ। ਆਉਣ ਵਾਲੇ ਦਿਨ ਗਾਜ਼ਾ ਲਈ ਮਹੱਤਵਪੂਰਨ ਹਨ ਕਿਉਂਕਿ ਇਜ਼ਰਾਈਲੀ ਸੁਰੱਖਿਆ ਫੋਰਸਾਂ ਗਾਜ਼ਾ ਨੂੰ ਹਮਾਸ ਦੇ ਅੱਤਵਾਦੀਆਂ ਤੋਂ ਮੁਕਤ ਕਰਾਉਣ ਲਈ ਪੂਰੀ ਤਾਕਤ ਨਾਲ ਕਾਰਵਾਈ ਜਾਰੀ ਰੱਖਣਗੀਆਂ।
ਇਜ਼ਰਾਈਲ ਪੁਲਿਸ ਨੇ ਸ਼ੁੱਕਰਵਾਰ ਦੁਪਹਿਰ ਨੂੰ ਕਿਹਾ ਕਿ ਬਾਰਡਰ ਪੁਲਿਸ ਦੀਆਂ ਵਿਸ਼ੇਸ਼ ਫੋਰਸਾਂ ਨੇ 4 ਅੱਤਵਾਦੀਆਂ ਨੂੰ ਮਾਰ ਦਿੱਤਾ, ਜਿਨ੍ਹਾਂ ਨੇ ਸਾਮਰੀਆ ਦੇ ਨਾਲ ਲੱਗਦੀ ਸਰਹੱਦੀ ਵਾੜ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਜਿਨ੍ਹਾਂ ਨੇ ਤੁਲਕਰਮ ਨੇੜੇ ਵਿਸਫੋਟਕ ਸੁੱਟੇ।
ਇਜ਼ਰਾਈਲੀ ਫੌਜ ਦੇ ਗਾਜ਼ਾ ਪੱਟੀ ‘ਚ ਦਾਖਲ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਬੈਂਜ਼ਾਮਿਨ ਨੇਤਨਯਾਹੂ ਨੇ ਸ਼ੁੱਕਰਵਾਰ ਦੇਰ ਰਾਤ ਇਕ ਰਾਸ਼ਟਰੀ ਟੈਲੀਵਿਜ਼ਨ ‘ਤੇ ਸੰਬੋਧਨ ‘ਚ ਹਮਾਸ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੇ ਆਪਣੇ ਸੰਕਲਪ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਨੇ ਕਿਹਾ, ”ਅਸੀਂ ਹਮਾਸ ਨੂੰ ਖ਼ਤਮ ਕਰ ਦੇਵਾਂਗੇ। ਇਜ਼ਰਾਈਲ ਨੂੰ ਇਸ ਮੁਹਿੰਮ ਲਈ ਵਿਆਪਕ ਅੰਤਰਰਾਸ਼ਟਰੀ ਸਮਰਥਨ ਪ੍ਰਾਪਤ ਹੈ।”
ਇਸ ਦੇ ਨਾਲ ਹੀ ਇਜ਼ਰਾਈਲ ਦੀ ਸੰਸਦ ਨੇਸੇਟ ਨੇ ਪ੍ਰਧਾਨ ਮੰਤਰੀ ਬੈਂਜ਼ਾਮਿਨ ਨੇਤਨਯਾਹੂ ਦੀ ਕੈਬਨਿਟ ‘ਚ 5 ਰਾਸ਼ਟਰੀ ਏਕਤਾ ਮੰਤਰੀਆਂ ਨੂੰ ਸ਼ਾਮਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬੈਨੀ ਗੈਂਟਜ਼, ਗਾਡੀ ਈਸੇਨਕੋਟ, ਗਿਦੋਨ ਸਾਰ, ਚਿਲੀ ਟ੍ਰੌਪਰ ਅਤੇ ਯਿਫਤ ਸ਼ਾਸ਼ਾ-ਬਿਟਨ ਨੂੰ ਬਿਨਾਂ ਪੋਰਟਫੋਲੀਓ ਦੇ ਮੰਤਰੀ ਵਜੋਂ ਸਰਕਾਰ ‘ਚ ਸ਼ਾਮਲ ਕੀਤਾ ਗਿਆ। ਬੈਨੀ ਗੈਂਟਜ਼ ਨੇਤਨਯਾਹੂ ਅਤੇ ਰੱਖਿਆ ਮੰਤਰੀ ਯੋਵ ਗੈਲੇਂਟ ਨਾਲ ਇਕ ਵਿਸ਼ੇਸ਼ ਯੁੱਧਕਾਲੀਨ ਕੈਬਨਿਟ ‘ਚ ਵੀ ਬੈਠਣਗੇ।
ਗਾਜ਼ਾ ਛੱਡ ਕੇ ਜਾ ਰਹੇ ਲੋਕਾਂ ਦੇ ਕਾਫਲੇ ‘ਤੇ ਇਜ਼ਰਾਈਲੀ ਹਮਲੇ ‘ਚ 70 ਦੀ ਮੌਤ : ਹਮਾਸ
ਹਮਾਸ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਗਾਜ਼ਾ ਸ਼ਹਿਰ ਨੂੰ ਛੱਡ ਕੇ ਜਾ ਰਹੇ ਲੋਕਾਂ ਦੇ ਕਾਫ਼ਲੇ ‘ਤੇ ਇਜ਼ਰਾਇਲ ਦੇ ਹਵਾਈ ਹਮਲਿਆਂ ‘ਚ 70 ਲੋਕ ਮਾਰੇ ਗਏ, ਜਿਨ੍ਹਾਂ ‘ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਹਮਾਸ ਦੇ ਮੀਡੀਆ ਦਫ਼ਤਰ ਨੇ ਦੱਸਿਆ ਕਿ ਗਾਜ਼ਾ ਸ਼ਹਿਰ ਤੋਂ ਦੱਖਣ ਵੱਲ ਜਾਂਦੇ ਸਮੇਂ ਤਿੰਨ ਥਾਵਾਂ ‘ਤੇ ਕਾਰਾਂ ‘ਤੇ ਹਮਲਾ ਕੀਤਾ ਗਿਆ।

Leave a comment