#OTHERS

ਇਜ਼ਰਾਇਲੀ ਹਮਲੇ ’ਚ ਗਾਜ਼ਾ ਨੇੜਲਾ ਇਲਾਕਾ ਤਬਾਹ

ਇਲਾਕੇ ਦਾ ਇਕੋ ਇਕ ਬਿਜਲੀ ਘਰ ਈਂਧਣ ਦੀ ਕਮੀ ਕਾਰਨ ਬੰਦ ਹੋਇਆ

ਯੇਰੂਸ਼ਲਮ, 12 ਅਕਤੂਬਰ (ਪੰਜਾਬ ਮੇਲ)- ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਦੀ ਕੀਤੀ ਗਈ ਮੁਕੰਮਲ ਘੇਰਾਬੰਦੀ ਅਤੇ ਜ਼ੋਰਦਾਰ ਹਮਲਿਆਂ ਦਰਮਿਆਨ ਫਲਸਤੀਨੀਆਂ ਨੂੰ ਸੁਰੱਖਿਅਤ ਥਾਂ ’ਤੇ ਬਚਣ ਲਈ ਕੋਈ ਰਾਹ ਨਹੀਂ ਲੱਭ ਰਿਹਾ ਹੈ। ਇਜ਼ਰਾਇਲੀ ਫ਼ੌਜ ਦੇ ਹਮਲੇ ਨੇ ਗਾਜ਼ਾ ਨੇੜਲਾ ਪੂਰਾ ਇਲਾਕਾ ਤਬਾਹ ਕਰ ਦਿੱਤਾ ਹੈ ਅਤੇ ਹਸਪਤਾਲਾਂ ’ਚ ਜ਼ਰੂਰੀ ਸਾਮਾਨ ਦੀ ਸਪਲਾਈ ਬਹੁਤ ਜ਼ਿਆਦਾ ਘਟ ਗਈ ਹੈ। ਖ਼ਿੱਤੇ ਦਾ ਇਕੋ ਇਕ ਬਿਜਲੀ ਘਰ ਈਂਧਣ ਦੀ ਕਮੀ ਕਾਰਨ ਬੰਦ ਹੋ ਗਿਆ ਹੈ। ਹੁਣ ਖ਼ਿੱਤੇ ’ਚ ਬਿਜਲੀ ਜਨਰੇਟਰਾਂ ਰਾਹੀਂ ਆ ਰਹੀ ਹੈ ਪਰ ਉਸ ’ਚ ਪੈਣ ਵਾਲਾ ਈਂਧਣ ਵੀ ਘੱਟ ਗਿਆ ਹੈ। ਹਵਾਈ ਹਮਲਿਆਂ ’ਚ ਪੂਰਾ ਇਲਾਕਾ ਮਲਬੇ ’ਚ ਤਬਦੀਲ ਹੋ ਗਿਆ ਹੈ ਅਤੇ ਅਣਗਿਣਤ ਲੋਕ ਮਲਬੇ ਹੇਠਾਂ ਦੱਬੇ ਗਏ ਹਨ। ਹਮਾਸ ਅਤਿਵਾਦੀਆਂ ਵੱਲੋਂ ਅੰਦਾਜ਼ਨ 150 ਵਿਅਕਤੀਆਂ ਨੂੰ ਬੰਦੀ ਬਣਾਏ ਜਾਣ ਦੇ ਬਾਵਜੂਦ ਇਜ਼ਰਾਈਲ ਨੇ ਬੰਬਾਰੀ ਜਾਰੀ ਰੱਖੀ ਹੈ। ਜੰਗ ’ਚ ਦੋਵੇਂ ਧਿਰਾਂ ਦੇ ਕਰੀਬ 2200 ਵਿਅਕਤੀ ਮਾਰੇ ਗਏ ਹਨ ਅਤੇ ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਹੈ। ਇਜ਼ਰਾਈਲ ਨੇ ਗਾਜ਼ਾ ਪੱਟੀ ’ਚ ਭੋਜਨ, ਪਾਣੀ, ਈਂਧਣ ਅਤੇ ਦਵਾਈਆਂ ਦਾ ਦਾਖ਼ਲਾ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ ਦੇ ਸਕੂਲਾਂ ’ਚ ਫਲਸਤੀਨੀਆਂ ਦੀ ਵਧਦੀ ਗਿਣਤੀ ਅਤੇ ਸੁਰੱਖਿਅਤ ਇਲਾਕਿਆਂ ਦੀ ਘਟਦੀ ਗਿਣਤੀ ਦਰਮਿਆਨ ਮਾਨਵੀ ਸਹਾਇਤਾ ਗੁੱਟਾਂ ਨੇ ਰਾਹਤ ਪਹੁੰਚਾਉਣ ਲਈ ਲਾਂਘਾ ਦੇਣ ਦੀ ਅਪੀਲ ਕੀਤੀ ਹੈ ਕਿਉਂਕਿ ਜ਼ਖ਼ਮੀਆਂ ਨਾਲ ਭਰੇ ਹਸਪਤਾਲਾਂ ’ਚ ਸਮੱਗਰੀ ਦੀ ਥੁੜ ਹੋ ਗਈ ਹੈ। ਸਰਕਾਰੀ ਮੰਤਰਾਲਿਆਂ, ਮੀਡੀਆ ਦਫ਼ਤਰਾਂ ਅਤੇ ਹੋਟਲਾਂ ਵਾਲੇ ਇਲਾਕੇ ’ਚ ਬੰਬਾਰੀ ਕਾਰਨ ਤਿੰਨ ਫਲਸਤੀਨੀ ਪੱਤਰਕਾਰਾਂ ਦੇ ਮਾਰੇ ਜਾਣ ਮਗਰੋਂ ਇਕ ਪੱਤਰਕਾਰ ਹਸਨ ਜਾਬਰ ਨੇ ਕਿਹਾ ਕਿ ਹੁਣ ਗਾਜ਼ਾ ਸੁਰੱਖਿਅਤ ਨਹੀਂ ਰਿਹਾ ਅਤੇ ਉਸ ਨੂੰ ਵੀ ਆਪਣੀ ਜਾਨ ਦਾ ਖੌਅ ਹੈ। ਹਮਾਸ ਦੇ ਸੀਨੀਅਰ ਅਧਿਕਾਰੀ ਬਾਸੇਮ ਨਈਮ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਹਮਾਸ ਫ਼ੌਜੀ ਵਿੰਗ ਦੇ ਆਗੂ ਮੁਹੰਮਦ ਦੀਫ ਦੇ ਖਾਨ ਯੂਨਿਸ ਸਥਿਤ ਘਰ ’ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲੇ ’ਚ ਉਸ ਦਾ ਪਿਤਾ, ਭਰਾ ਅਤੇ ਦੋ ਹੋਰ ਰਿਸ਼ਤੇਦਾਰ ਮਾਰੇ ਗਏ ਹਨ। ਦੀਫ ਜਨਤਕ ਤੌਰ ’ਤੇ ਕਦੇ ਵੀ ਨਜ਼ਰ ਨਹੀਂ ਆਇਆ ਹੈ ਅਤੇ ਉਸ ਦੇ ਟਿਕਾਣੇ ਦਾ ਕੁਝ ਵੀ ਪਤਾ ਨਹੀਂ ਹੈ। ਇਜ਼ਰਾਈਲ ਦੀ ਉੱਤਰੀ ਸਰਹੱਦ ’ਤੇ ਲਬਿਨਾਨ ਅਤੇ ਸੀਰੀਆ ਦੇ ਅਤਿਵਾਦੀਆਂ ਵਿਚਕਾਰ ਗੋਲਾਬਾਰੀ ਨਾਲ ਖੇਤਰੀ ਸੰਘਰਸ਼ ਹੋਰ ਵਧਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਹੋਰ ਮੁਲਕਾਂ ਅਤੇ ਹਥਿਆਰਬੰਦ ਗੁੱਟਾਂ ਨੂੰ ਜੰਗ ’ਚ ਸ਼ਾਮਲ ਹੋਣ ਤੋਂ ਵਰਜਿਆ ਹੈ। ਲਬਿਨਾਨ ਦੇ ਦਹਿਸ਼ਤੀ ਗੁੱਟ ਹਿਜ਼ਬੁੱਲਾ ਨੇ ਇਜ਼ਰਾਇਲੀ ਫ਼ੌਜੀ ਟਿਕਾਣਿਆਂ ’ਤੇ ਮਿਜ਼ਾਈਲਾਂ ਦਾਗ਼ਣ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਹਮਲੇ ’ਚ ਕਈ ਜਵਾਨ ਹਲਾਕ ਅਤੇ ਜ਼ਖ਼ਮੀ ਹੋਏ ਹਨ। ਇਜ਼ਰਾਇਲੀ ਫ਼ੌਜ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ। ਜਵਾਬੀ ਹਮਲੇ ’ਚ ਇਜ਼ਰਾਇਲੀ ਫ਼ੌਜ ਨੇ ਦੱਖਣੀ ਲਬਿਨਾਨ ’ਤੇ ਗੋਲਾਬਾਰੀ ਕੀਤੀ। ਨਵੀਂ ਰਣਨੀਤੀ ਤਹਿਤ ਇਜ਼ਰਾਈਲ ਖਾਸ ਇਮਾਰਤਾਂ ਦੀ ਬਜਾਏ ਆਮ ਲੋਕਾਂ ਨੂੰ ਗੁਆਂਢ ਵਾਲੇ ਸਾਰੇ ਇਲਾਕੇ ਖਾਲੀ ਕਰਨ ਦੀ ਚਿਤਾਵਨੀ ਦੇ ਰਿਹਾ ਹੈ। ਹਮਾਸ ਦੀ ਅਗਵਾਈ ਹੇਠਲੇ ਅੰਦਰੂਨੀ ਮੰਤਰਾਲੇ ਨੇ ਕਿਹਾ ਕਿ ਇਜ਼ਰਾਇਲੀ ਹਵਾਈ ਹਮਲਿਆਂ ’ਚ ਗਾਜ਼ਾ ਸ਼ਹਿਰ ਦਾ ਅਲ-ਕਰਾਮਾ ਇਲਾਕਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ।

Leave a comment