#INDIA

ਆਰ.ਬੀ.ਆਈ. ਵੱਲੋਂ 2000 ਰੁਪਏ ਦੇ ਕਰੰਸੀ ਨੋਟ ਵਾਪਸ ਲੈਣ ਦਾ ਫ਼ੈਸਲਾ

ਬੈਂਕਾਂ ਵਿਚ 23 ਮਈ ਤੋਂ 30 ਸਤੰਬਰ ਤੱਕ ਬਦਲੇ ਜਾ ਸਕਣਗੇ 2000 ਦੇ ਨੋਟ
ਮੁੰਬਈ, 19 ਮਈ (ਪੰਜਾਬ ਮੇਲ)- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਅੱਜ 2000 ਰੁਪਏ ਦੇ ਕਰੰਸੀ ਨੋਟਾਂ ਨੂੰ ਸਤੰਬਰ 2023 ਤੋਂ ਬਾਅਦ ਸਰਕੁਲੇਸ਼ਨ (ਮਾਰਕੀਟ ਵਿਚ ਚੱਲਣ) ਤੋਂ ਬਾਹਰ ਕਰਨ ਦੇ ਐਲਾਨ ਕੀਤਾ ਹੈ। ਇਸ ਕੀਮਤ ਦੇ ਨੋਟਾਂ ਨੂੰ 23 ਮਈ ਤੋਂ ਬਾਅਦ ਬੈਂਕਾਂ ਵਿਚ ਜਾ ਕੇ ਬਦਲਿਆ ਜਾ ਸਕਦਾ ਹੈ। ਆਰ.ਬੀ.ਆਈ. ਨੇ ਇੱਕ ਬਿਆਨ ਵਿਚ ਕਿਹਾ ਕਿ ਹਾਲੇ ਮਾਰਕੀਟ ਵਿਚ ਚੱਲ ਰਹੇ 2000 ਰੁਪਏ ਦੇ ਨੋਟ ਵੈਲਿਡ ਕਰੰਸੀ ਬਣੇ ਰਹਿਣਗੇ। ਆਰ.ਬੀ.ਆਈ. ਨੇ ਬੈਕਾਂ ਨੂੰ 30 ਸਤੰਬਰ ਤੱਕ ਇਹ ਨੋਟ ਜਮ੍ਹਾਂ ਕਰਨ ਅਤੇ ਬਦਲਣ ਦੀ ਸਹੁਲਤ ਦੇਣ ਲਈ ਕਿਹਾ ਹੈ। ਬੈਂਕਾਂ ਵਿਚ 23 ਮਈ ਤੋਂ 2000 ਰੁਪਏ ਦੇ ਨੋਟ ਬਦਲੇ ਜਾ ਸਕਣਗੇ। ਹਾਲਾਂਕਿ ਇੱਕ ਵਾਰ ਸਿਰਫ 20,000 ਰੁਪਏ ਮੁੱਲ ਦੇ ਨੋਟ ਹੀ ਬਦਲੇ ਜਾ ਸਕਣਗੇ। ਇਸ ਦੇ ਨਾਲ ਹੀ ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ 2000 ਰੁਪਏ ਦੇ ਨੋਟ ਦੇਣੇ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਲਈ ਆਖਿਆ ਹੈ। ਦੱਸਣਯੋਗ ਹੈ ਕਿ ਨਵੰਬਰ 2016 ਵਿਚ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਮਾਰਕੀਟ ਵਿਚੋਂ ਹਟਾਉਣ ਮਗਰੋਂ 2000 ਰੁਪਏ ਦੇ ਨੋਟ ਜਾਰੀ ਕੀਤੇ ਸਨ।

Leave a comment