26.9 C
Sacramento
Saturday, September 23, 2023
spot_img

ਆਮ ਆਦਮੀ ਪਾਰਟੀ ਨੇ ਗਵਰਨਰ ਪੰਜਾਬ ਦੇ ਝੂਠ ਦਾ ਕੀਤਾ ਪਰਦਾਫਾਸ਼!

ਗਵਰਨਰ ਅਤੇ ਵਿਰੋਧੀ ਧਿਰਾਂ ਪੰਜਾਬ ਅਤੇ ਪੰਜਾਬ ਸਰਕਾਰ ਖਿਲਾਫ਼ ਰਚ ਰਹੇ ਹਨ ਸਾਜ਼ਿਸ਼ਾਂ- ਮਲਵਿੰਦਰ ਕੰਗ

ਪੰਜਾਬ ਦੇ ਗਵਰਨਰ ਨੇ ਸ਼ਰੇਆਮ ਪੰਜਾਬ ਯੂਨੀਵਰਸਿਟੀ ਵਿੱਚ ਹਰਿਆਣੇ ਨੂੰ ਹਿੱਸਾ ਦੇਣ ਦੀ ਗੱਲ ਕੀਤੀ, ਪਰ ਵਿਰੋਧੀ ਧਿਰ ਦੇ ਕਿਸੇ ਨੇਤਾ ਨੇ ਇਸਦਾ ਵਿਰੋਧ ਨਹੀਂ ਕੀਤਾ, ਆਖਿਰ ਕਿਉਂ?- ਕੰਗ

ਕੇਂਦਰ ਦੇ ਇਸ਼ਾਰਿਆਂ ‘ਤੇ ਚੱਲਣ ਵਾਲੇ ਸੂਬੇ ਦੇ ਗਵਰਨਰ ਸਾਬ੍ਹ ਪੰਜਾਬ ਦੇ ਰੋਕੇ ਆਰਡੀਐੱਫ ਅਤੇ ਬਾਕੀ ਪੈਸੇ ਬਾਰੇ ਕਿਉਂ ਨਹੀਂ ਮੋਦੀ ਸਰਕਾਰ ਨੂੰ ਸਵਾਲ ਕਰਦੇ?- ਕੰਗ

ਚੰਡੀਗੜ੍ਹ, 16 ਜੂਨ (ਪੰਜਾਬ ਮੇਲ)- ਪੰਜਾਬ ਦੇ ਗਵਰਨਰ ਵੱਲੋਂ ਲਗਾਤਾਰ ਕੇਂਦਰ ਦੇ ਇਸ਼ਾਰਿਆਂ ‘ਤੇ ਚੱਲਦਿਆਂ ਪੰਜਾਬ ਅਤੇ ਪੰਜਾਬ ਸਰਕਾਰ ਖਿਲਾਫ਼ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਵਿੱਚ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਵੀ ਉਨ੍ਹਾਂ ਦਾ ਸਾਥ ਦੇ ਰਹੀਆਂ ਹਨ। ਗਵਰਨਰ ਪੰਜਾਬ ਕਦੇ ਪ੍ਰਤਾਪ ਬਾਜਵਾ ਦੇ ਇਸ਼ਾਰੇ ਉੱਤੇ ਵਿਧਾਨ ਸਭਾ ਵਿੱਚ ‘ਮੇਰੀ ਸਰਕਾਰ’ ਕਹਿਣ ਤੋਂ ਪਾਸਾ ਵੱਟ ਆਪਣੀਆਂ ਸੰਵਾਧਿਨ ਜ਼ਿੰਮੇਵਾਰੀਆਂ ਤੋਂ ਭੱਜਦੇ ਹਨ, ਕਦੇ ਪੰਜਾਬ ਦੇ ਗਵਰਨਰ ਹੁੰਦਿਆਂ ਪੰਜਾਬ ਯੂਨੀਵਰਸਿਟੀ ਵਿੱਚ ਹਰਿਆਣੇ ਨੂੰ ਹਿੱਸਾ ਦੇਣ ਦੀ ਸ਼ਰੇਆਮ ਵਕਾਲਤ ਕਰਦੇ ਹਨ। ਪਰ ਅਫਸੋਸ ਕਿ ਪੰਜਾਬ-ਹਿਤੈਸ਼ੀ ਅਖਵਾਉਣ ਵਾਲੀਆਂ ਵਿਰੋਧੀ ਧਿਰਾਂ ਅਤੇ ਉਨ੍ਹਾਂ ਦੇ ਆਗੂ ਇਸ ਗੰਭੀਰ ਮਸਲੇ ‘ਤੇ ਆਪਣਾ ਮੂੰਹ ਤੱਕ ਨਹੀਂ ਖੋਲ੍ਹਦੇ।”

ਉਪਰੋਕਤ ਸ਼ਬਦ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਦੇ ਹਨ, ਜੋਕਿ ਦਿਨ ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਸਥਿਤ ‘ਆਪ ਪੰਜਾਬ ਦੇ ਮੁੱਖ ਦਫ਼ਤਰ ਵਿਖੇ ਕੀਤੀ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਸ. ਕੰਗ ਨੇ ਪਿਛਲੇ ਦਿਨੀਂ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵੱਲੋਂ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਲੰਘੇ ਵਿਧਾਨ ਸਭਾ ਸ਼ੈਸ਼ਨ ਵਿੱਚ ‘ਮੇਰੀ ਸਰਕਾਰ’ ਨਾ ਕਹਿਣ ਦੇ ਮਸਲੇ ‘ਤੇ ਪੱਤਰਕਾਰ ਵੱਲੋਂ ਪੁੱਛੇ ਸਵਾਲ ਉਪਰੰਤ ਆਪਣੀ ਗਲਤੀ ਤੋਂ ਮੁਨਕਰ ਹੋਣ ਅਤੇ ਬੋਲੇ ਕੋਰੇ ਝੂਠ ਨੂੰ ਉਜਾਗਰ ਕਰਦਿਆਂ ਉਪਰੋਕਤ ਸ਼ੈਸ਼ਨ ਦੀ ਇੱਕ ਵੀਡੀਓ ਪੱਤਰਕਾਰਾਂ ਨਾਲ ਸਾਂਝੀ ਕੀਤੀ ਅਤੇ ਸੱਚ ਸਭ ਦੇ ਸਾਹਮਣੇ ਰੱਖਿਦਿਆਂ ਗਵਰਨਰ ਪੰਜਾਬ ਨੂੰ ਆਪਣੇ ਸੰਵਿਧਾਨਿਕ ਅਹੁਦੇ ਦੀ ਮਾਣ-ਮਰਿਆਦਾ ਦਾ ਧਿਆਨ ਰੱਖਣ ਲਈ ਬੇਨਤੀ ਕੀਤੀ।

ਵੀਡੀਓ ਦਾ ਹਵਾਲਾ ਦਿੰਦਿਆ ਸ. ਕੰਗ ਨੇ ਕਿਹਾ ਕਿ ਪੰਜਾਬ ਦੇ ਗਵਰਨਰ ਕੇਂਦਰ ਦੇ ਇਸ਼ਾਰਿਆਂ ਉੱਪਰ ਚੱਲ ਲਗਾਤਾਰ ਪੰਜਾਬ ਅਤੇ ਪੰਜਾਬ ਸਰਕਾਰ ਖਿਲਾਫ਼ ਸਾਜਿਸ਼ਾਂ ਕਰ ਰਹੇ ਹਨ। ਇਸ ਵਿੱਚ ਵਿਰੋਧੀ ਧਿਰ ਵੀ ਉਨ੍ਹਾਂ ਦਾ ਸਾਥ ਦੇ ਰਹੀ ਹੈ।  ਕੰਗ ਨੇ ਸਵਾਲ ਕੀਤਾ ਕਿ ਪੰਜਾਬ ਦੀਆਂ ਸਰਹੱਦਾਂ ਸਮੇਤ ਸੂਬੇ ਦੇ ਵੱਖ-ਵੱਖ ਥਾਵਾਂ ਦਾ ਦੌਰਾ ਕਰ ਖੁਦ ਨੂੰ ਪੰਜਾਬ ਹਿਤੈਸ਼ੀ ਪੇਸ਼ ਕਰਨ ਵਾਲੇ ਗਵਰਨਰ ਸਾਬ੍ਹ ਕੀ ਕਦੇ ਕੇਂਦਰ ਸਰਕਾਰ ਨੂੰ ਇਹ ਸਵਾਲ ਕਰ ਸਕਦੇ ਹਨ ਕਿ ਓਸਨੇ ਸੂਬੇ ਦੇ ਆਰਡੀਐੱਫ਼ ਅਤੇ ਨੈਸ਼ਨਲ ਹੈੱਲਥ ਮਿਸ਼ਨ ਦਾ ਪੈਸਾ ਕਿਉਂ ਰੋਕ ਰੱਖਿਆ ਹੈ? ਕੇਂਦਰ ਲਗਾਤਾਰ ਪੰਜਾਬ ਨਾਲ ਧੱਕਾ ਕਰ ਰਹੀ ਹੈ ਪਰ ਗਵਰਨਰ ਪੰਜਾਬ ਵਿੱਚ ਇਹ ਹਿੰਮਤ ਨਹੀਂ ਕਿ ਉਹ ਮੋਦੀ ਸਰਕਾਰ ਖਿਲਾਫ਼ ਕੁਝ ਕਹਿ ਸਕਣ।

ਗਵਰਨਰ ਦੇ ਪੰਜਾਬ ਦੌਰਿਆਂ ‘ਤੇ ਸਵਾਲ ਚੁੱਕਦਿਆਂ ਕੰਗ ਨੇ ਕਿਹਾ ਕਿ ਗੁਜਰਾਤ ਵਰਗੇ ਵੱਡੇ ਸਰਹੱਦੀ ਸੂਬੇ ਜਾਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਜਿੱਥੇ ਭਾਜਪਾ ਦੀਆਂ ਸਰਕਾਰਾਂ ਹਨ ਅਤੇ ਜਿੱਥੋਂ ਆਏ ਦਿਨ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਫੜੀਆਂ ਜਾ ਰਹੀਆਂ ਹਨ, ਆਏ ਦਿਨ ਕਤਲ ਹੋ ਰਹੇ ਹਨ, ਦਲਿਤ ਧੀਆਂ-ਭੈਣਾਂ ਨਾਲ ਬਲਾਤਕਾਰ ਹੁੰਦੇ ਹਨ, ਪਰ ਤਾਂ ਵੀ ਉੱਥੋਂ ਦੇ ਗਵਰਨਰਾਂ ਵਿੱਚ ਐਨੀ ਹਿੰਮਤ ਨਹੀਂ ਕਿ ਉਹ ਕੁਝ ਬੋਲਣ, ਪਰ ਪੰਜਾਬ ਦੇ ਗਵਰਨਰ ਆਏ ਦਿਨ ਸਿਆਸਤ ਕਰਨ ਦਾ ਬਹਾਨਾ ਲੱਭਦੇ ਹਨ। 

ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੂੰ ਕਟਿਹਰੇ ‘ਚ ਖੜ੍ਹਾ ਕਰਦਿਆਂ ਕੰਗ ਨੇ ਸਵਾਲ ਕੀਤਾ ਕਿ ਖ਼ੁਦ ਨੂੰ ਪੰਜਾਬ-ਹਿਤੈਸ਼ੀ ਦੱਸਣ ਵਾਲੀਆਂ ਇਹ ਪਾਰਟੀਆਂ ਉਦੋਂ ਕੁਝ ਕਿਉਂ ਨਹੀਂ ਬੋਲੀਆਂ ਜਦ ਪਿਛਲੇ ਦਿਨੀਂ ਗਵਰਨਰ ਨੇ ਪੰਜਾਬ ਯੂਨੀਵਰਸਿਟੀ ਦੇ ਮਸਲੇ ‘ਤੇ ਸ਼ਰੇਆਮ ਪ੍ਰੈਸ ਕਾਨਫਰੰਸ ਕਰਕੇ ਹਰਿਆਣੇ ਨੂੰ ਯੂਨੀਵਰਸਿਟੀ ਵਿੱਚੋਂ ਹਿੱਸਾ ਦੇਣ ਦੀ  ਵਕਾਲਤ ਕੀਤੀ ਸੀ! ਉਦੋਂ ਬਾਜਵਾ, ਸੁਖਬੀਰ ਬਾਦਲ ਜਾਂ ਮਜੀਠੀਆ ਨੇ ਕੁਝ ਕਿਉਂ ਨਹੀਂ ਬੋਲਿਆ? ਅੰਤ ਵਿੱਚ ਮਲਵਿੰਦਰ ਕੰਗ ਨੇ ਕਿਹਾ ਕਿ ਦਰਅਸਲ ਪੰਜਾਬ ਦੇ ਗਵਰਨਰ, ਵਿਰੋਧੀ ਪਾਰਟੀਆਂ ਇਹ ਸਭ ਕੇਂਦਰ ਦੇ ਇਸ਼ਾਰੇ ‘ਤੇ ਚੱਲ ਪੰਜਾਬ ਵਿਰੁੱਧ ਸਾਜ਼ਿਸ਼ਾਂ ਰਚ ਰਹੇ ਹਨ। ਪੰਜਾਬੀਆਂ ਨੂੰ ਇਨ੍ਹਾਂ ਦੋਗਲੇ ਕਿਰਦਾਰ ਵਾਲੇ ਝੂਠੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।

Related Articles

Stay Connected

0FansLike
3,869FollowersFollow
21,200SubscribersSubscribe
- Advertisement -spot_img

Latest Articles