#PUNJAB

ਆਮ ਆਦਮੀ ਕਲੀਨਿਕਾਂ ‘ਚ ਫ਼ਰਜ਼ੀ ਮਰੀਜ਼ਾਂ ਦਾ ਘਪਲਾ!

ਚੰਡੀਗੜ੍ਹ, 16 ਅਕਤੂਬਰ (ਪੰਜਾਬ ਮੇਲ)- ਪੰਜਾਬ ਵਿਚਲੇ ਆਮ ਆਦਮੀ ਕਲੀਨਿਕਾਂ ‘ਚ ਫ਼ਰਜ਼ੀ ਮਰੀਜ਼ਾਂ ਦੇ ਘਪਲੇ ਦਾ ਧੂੰਆਂ ਉੱਠਣ ਲੱਗਾ ਹੈ, ਜਿਸ ਨੂੰ ਲੈ ਕੇ ਪੰਜਾਬ ਸਰਕਾਰ ਚੌਕਸ ਹੋ ਗਈ ਹੈ। ਸਿਹਤ ਮਹਿਕਮੇ ਵੱਲੋਂ ਫ਼ਰਜ਼ੀ ਮਰੀਜ਼ਾਂ ਦੀ ਗੁੰਜਾਇਸ਼ ਨੂੰ ਰੋਕਣ ਵਾਸਤੇ ਸਿੱਧਾ ਮਰੀਜ਼ਾਂ ਨਾਲ ਸੰਪਰਕ ਸਾਧਣਾ ਸ਼ੁਰੂ ਕੀਤਾ ਗਿਆ ਹੈ। ਜ਼ਿਲ੍ਹਾ ਪਟਿਆਲਾ ਵਿਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਅਤੇ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਪੰਜ ਆਮ ਆਦਮੀ ਕਲੀਨਿਕਾਂ ਦੇ ਵਿਸ਼ੇਸ਼ ਆਡਿਟ ਦੇ ਹੁਕਮ ਜਾਰੀ ਕੀਤੇ ਹਨ, ਜਿਨ੍ਹਾਂ ਵਿਚ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 100 ਨੂੰ ਪਾਰ ਕਰ ਰਿਹਾ ਹੈ। ਇਸੇ ਤਰ੍ਹਾਂ ਜ਼ਿਲ੍ਹਾ ਲੁਧਿਆਣਾ ਵਿਚ 75 ਆਮ ਆਦਮੀ ਕਲੀਨਿਕ ਹਨ, ਜਿਨ੍ਹਾਂ ਵਿਚੋਂ ਬਹੁਤੇ ਕਲੀਨਿਕਾਂ ਵਿਚ ਪ੍ਰਤੀ ਕਲੀਨਿਕ ਮਰੀਜ਼ਾਂ ਦੀ ਗਿਣਤੀ 200 ਨੂੰ ਪਾਰ ਕਰ ਰਹੀ ਹੈ। ਹਾਲਾਂਕਿ ਕਲੀਨਿਕਾਂ ਵਿਚ ਡਾਕਟਰਾਂ ਦਾ ਡਿਊਟੀ ਸਮਾਂ ਛੇ ਘੰਟੇ ਹੈ ਅਤੇ ਜੇ ਪ੍ਰਤੀ ਮਰੀਜ਼ ਡਾਕਟਰ ਪੰਜ ਮਿੰਟ ਵੀ ਦਿੰਦਾ ਹੈ, ਤਾਂ ਛੇ ਘੰਟਿਆਂ ਵਿਚ 72 ਮਰੀਜ਼ਾਂ ਨੂੰ ਹੀ ਚੈੱਕ ਕੀਤਾ ਜਾ ਸਕਦਾ ਹੈ। ਪੰਜਾਬ ਵਿਚ ਇਸ ਵੇਲੇ 664 ਆਮ ਆਦਮੀ ਕਲੀਨਿਕ ਹਨ, ਜਿਨ੍ਹਾਂ ਵਿਚ ਕਰੀਬ 59 ਲੱਖ ਮਰੀਜ਼ਾਂ ਦੀ ਜਾਂਚ ਹੋਈ ਹੈ। ਸਿਹਤ ਮਹਿਕਮੇ ਦੇ ਸੀਨੀਅਰ ਅਧਿਕਾਰੀ ਦੱਸਦੇ ਹਨ ਕਿ ਪੰਜਾਬ ਦੀ ਔਸਤ ਦੇਖੀਏ ਤਾਂ ਪ੍ਰਤੀ ਕਲੀਨਿਕ 80 ਮਰੀਜ਼ਾਂ ਦੀ ਰੋਜ਼ਾਨਾ ਦੀ ਔਸਤ ਆ ਰਹੀ ਹੈ।

Leave a comment