#PUNJAB

ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ: ਓ.ਪੀ. ਸੋਨੀ ਨੇ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਭੁਗਤੀ

ਅੰਮ੍ਰਿਤਸਰ, 13 ਜੁਲਾਈ (ਪੰਜਾਬ ਮੇਲ)-ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਸਾਬਕਾ ਉਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਬੁੱਧਵਾਰ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਭੁਗਤੀ। ਉਹ ਪਿਛਲੇ ਦੋ ਦਿਨਾਂ ਤੋਂ ਇਥੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਵਿਜੀਲੈਂਸ ਬਿਊਰੋ ਨੇ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਸੋਮਵਾਰ ਨੂੰ ਇਥੇ ਸਥਾਨਕ ਅਦਾਲਤ ਵਿਚ ਪੇਸ਼ ਕਰਕੇ ਪੁੱਛ-ਪੜਤਾਲ ਲਈ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ ਪਰ ਉਸੇ ਦਿਨ ਦਿਲ ਦੀ ਧੜਕਣ ਵਧਣ ਅਤੇ ਬੀ. ਪੀ. ਦੀ ਸ਼ਿਕਾਇਤ ਕਾਰਨ ਉਨ੍ਹਾਂ ਨੂੰ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਹ ਪਿਛਲੇ ਦੋ ਦਿਨ ਤੋਂ ਨਿੱਜੀ ਹਸਪਤਾਲ ਵਿਚ ਹਨ।
ਬੁੱਧਵਾਰ ਪੁਲਿਸ ਰਿਮਾਂਡ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਉਨ੍ਹਾਂ ਦੀ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿਚ ਪੇਸ਼ ਕੀਤਾ। ਮਿਲੇ ਵੇਰਵਿਆਂ ਮੁਤਾਬਿਕ ਅਦਾਲਤ ਨੇ ਕੱਲ੍ਹ ਮੁੜ ਪੇਸ਼ੀ ਕਰਾਉਣ ਦੀ ਹਦਾਇਤ ਕੀਤੀ ਹੈ ਅਤੇ ਉਸ ਦਾ ਪੂਰਾ ਮੈਡੀਕਲ ਕਰਾਉਣ ਦੇ ਵੀ ਆਦੇਸ਼ ਦਿੱਤੇ ਹਨ।
ਵਿਜੀਲੈਂਸ ਬਿਓਰੋ ਦੇ ਐੱਸ. ਐੱਸ. ਪੀ. ਵਰਿੰਦਰ ਸਿੰਘ ਨੇ ਇਸ ਕਾਰਵਾਈ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅੱਜ ਵੀਡੀਓ ਕਾਨਫਰੰਸ ਰਾਹੀਂ ਸ੍ਰੀ ਸੋਨੀ ਦੀ ਅਦਾਲਤ ਵਿਚ ਪੇਸ਼ੀ ਕਰਵਾਈ ਗਈ ਹੈ। ਅਦਾਲਤ ਨੇ ਇਕ ਦਿਨ ਦਾ ਸਮਾਂ ਦਿੱਤਾ ਹੈ ਅਤੇ ਭਲਕੇ ਮੁੜ ਪੇਸ਼ੀ ਹੋਵੇਗੀ। ਵਿਜੀਲੈਂਸ ਬਿਊਰੋ ਸਾਬਕਾ ਉਪ ਮੁੱਖ ਮੰਤਰੀ ਦੀ ਅਜਿਹੀ ਸਥਿਤੀ ਵਿਚ ਉਸ ਕੋਲੋਂ ਪੁੱਛ-ਪੜਤਾਲ ਨਹੀਂ ਕਰ ਸਕਿਆ ਹੈ। ਉੱਚ ਪੁਲਿਸ ਅਧਿਕਾਰੀ ਨੇ ਆਖਿਆ ਕਿ ਜਦੋਂ ਤੱਕ ਡਾਕਟਰਾਂ ਵੱਲੋਂ ਇਸ ਸਬੰਧ ਵਿਚ ਹਰੀ ਝੰਡੀ ਨਹੀਂ ਮਿਲਦੀ, ਉਸ ਕੋਲੋਂ ਪੁੱਛ ਪੜਤਾਲ ਨਹੀਂ ਕੀਤੀ ਜਾ ਸਕਦੀ।
ਮਿਲੀ ਜਾਣਕਾਰੀ ਮੁਤਾਬਕ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਬੁੱਧਵਾਰ ਹਸਪਤਾਲ ਵਿਚ ਦਾਖ਼ਲ ਸ਼੍ਰੀ ਸੋਨੀ ਨੂੰ ਮਿਲਣ ਵਾਸਤੇ ਗਏ ਸਨ, ਪਰ ਜਾਂਚ ਏਜੰਸੀ ਨੇ ਇਹ ਆਖ ਕੇ ਮਿਲਣ ਤੋਂ ਰੋਕ ਦਿੱਤਾ ਹੈ ਕਿ ਉਹ ਇਸ ਵੇਲੇ ਪੁਲਿਸ ਰਿਮਾਂਡ ਹੇਠ ਹੈ। ਜਦੋਂ ਕਿ ਦੂਜੇ ਪਾਸੇ ਸੰਸਦ ਮੈਂਬਰ ਦੇ ਦਫ਼ਤਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਸ ਦੇ ਚੱਲ ਰਹੇ ਇਲਾਜ ਦੌਰਾਨ ਇਲਾਜ ਦੀ ਹੋਈ ਪ੍ਰਕਿਰਿਆ ਚੱਲ ਰਹੀ ਸੀ, ਜਿਸ ਕਾਰਨ ਸ਼੍ਰੀ ਸੋਨੀ ਨਾਲ ਮੁਲਾਕਾਤ ਤੋਂ ਰੋਕਿਆ ਗਿਆ ਹੈ।

Leave a comment