#INDIA

ਆਬਾਦੀ ਪੱਖੋਂ ਵਿਸ਼ਵ ਦਾ ਅੱਵਲ ਨੰਬਰ ਮੁਲਕ ਬਣਿਆ ਭਾਰਤ

* ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ 2050 ਤੱਕ ਭਾਰਤ ਦੀ ਵਸੋਂ 166.8 ਕਰੋੜ ਹੋਣ ਦੇ ਆਸਾਰ
* ਕੇਰਲਾ ਤੇ ਪੰਜਾਬ ‘ਚ ਬਜ਼ੁਰਗਾਂ ਅਤੇ ਬਿਹਾਰ ਤੇ ਉੱਤਰ ਪ੍ਰਦੇਸ਼ ਵਿਚ ਨੌਜਵਾਨਾਂ ਦੀ ਵਸੋਂ ਵੱਧ
ਨਵੀਂ ਦਿੱਲੀ, 20 ਅਪ੍ਰੈਲ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ ਭਾਰਤ 142.86 ਕਰੋੜ ਲੋਕਾਂ ਨਾਲ ਆਬਾਦੀ ਪੱਖੋਂ ਚੀਨ ਨੂੰ ਪਛਾੜ ਕੇ ਨੰਬਰ ਇਕ ਮੁਲਕ ਬਣ ਗਿਆ ਹੈ। ਗੁਆਂਢੀ ਮੁਲਕ ਚੀਨ ਇਸ ਵੇਲੇ 142.57 ਕਰੋੜ ਦੀ ਆਬਾਦੀ ਨਾਲ ਦੂਜਾ ਸਭ ਤੋਂ ਸੰਘਣੀ ਵਸੋਂ ਵਾਲਾ ਮੁਲਕ ਹੈ। ਸੰਯੁਕਤ ਰਾਸ਼ਟਰ ਆਬਾਦੀ ਫੰਡ (ਯੂ.ਐੱਨ.ਐੱਫ. ਪੀ. ਏ.) ਦੀ ਸਟੇਟ ਆਫ਼ ਦਿ ਵਰਲਡ ਪਾਪੂਲੇਸ਼ਨ ਰਿਪੋਰਟ (ਐੱਸ.ਡਬਲਯੂ.ਓ.ਪੀ.) 2023 ਮੁਤਾਬਕ ਭਾਰਤ ਦੀ 25 ਫੀਸਦੀ ਆਬਾਦੀ ਸਿਫ਼ਰ ਤੋਂ 14 ਸਾਲ ਉਮਰ ਵਰਗ, 18 ਫੀਸਦੀ 10 ਤੋਂ 19 ਸਾਲ, 26 ਫੀਸਦੀ 10 ਤੋਂ 24 ਸਾਲ, 68 ਫੀਸਦੀ 15 ਤੋਂ 64 ਸਾਲ ਤੇ 7 ਫੀਸਦੀ 65 ਸਾਲ ਤੋਂ ਉਪਰ ਹੈ। ਭਾਰਤ ਦੀ ਭੂਗੋਲਿਕ ਆਬਾਦੀ ਇਕ ਤੋਂ ਦੂਜੇ ਰਾਜ ਵਿਚ ਵੱਖੋ-ਵੱਖਰੀ ਹੈ। ਮਾਹਿਰਾਂ ਮੁਤਾਬਕ ਕੇਰਲਾ ਤੇ ਪੰਜਾਬ ਵਿਚ ਬਜ਼ੁਰਗ ਲੋਕਾਂ ਦੀ ਆਬਾਦੀ ਵੱਧ ਹੈ, ਜਦੋਂਕਿ ਬਿਹਾਰ ਤੇ ਉੱਤਰ ਪ੍ਰਦੇਸ਼ ਵਿਚ ਨੌਜਵਾਨਾਂ ਦੀ ਵਸੋਂ ਜ਼ਿਆਦਾ ਹੈ। ਸੰਯੁਕਤ ਰਾਸ਼ਟਰ ਨੇ ਸਾਲ 1950 ਵਿਚ ਆਬਾਦੀ ਨੂੰ ਲੈ ਕੇ ਅੰਕੜੇ ਇਕੱਤਰ ਕਰਨ ਦਾ ਅਮਲ ਸ਼ੁਰੂ ਕੀਤਾ ਸੀ ਤੇ ਉਸ ਮਗਰੋਂ ਇਹ ਪਹਿਲਾ ਮੌਕਾ ਹੈ, ਜਦੋਂ ਭਾਰਤ ਆਬਾਦੀ ਪੱਖੋਂ ਯੂ.ਐੱਨ. ਦੀ ਸੂਚੀ ਵਿਚ ਅੱਵਲ ਨੰਬਰ ਬਣਿਆ ਹੈ।
ਸੰਯੁਕਤ ਰਾਸ਼ਟਰ ਦੇ ਵਰਲਡ ਪਾਪੂਲੇਸ਼ਨ ਪ੍ਰੌਸਪੈਕਟਸ-2022 ਮੁਤਾਬਕ ਸਾਲ 1950 ਵਿਚ ਭਾਰਤ ਤੇ ਚੀਨ ਦੀ ਆਬਾਦੀ ਕ੍ਰਮਵਾਰ 86.1 ਕਰੋੜ ਤੇ 114.4 ਕਰੋੜ ਸੀ। ਰਿਪੋਰਟ ਵਿਚ ਕੀਤੇ ਦਾਅਵੇ ਮੁਤਾਬਕ 2050 ਤੱਕ ਭਾਰਤ ਦੀ ਆਬਾਦੀ ਦੇ ਵਧ ਕੇ 166.8 ਕਰੋੜ ਹੋਣ ਦੇ ਆਸਾਰ ਹਨ, ਜਦੋਂਕਿ ਚੀਨ ਦੀ ਵਸੋਂ ਘੱਟ ਕੇ 131.7 ਕਰੋੜ ਹੋ ਜਾਵੇਗੀ। ਰਿਪੋਰਟ ਦੀ ਮੰਨੀਏ ਤਾਂ 1950 ਤੋਂ ਹੁਣ ਤੱਕ ਕੁੱਲ ਆਲਮ ਦੀ ਆਬਾਦੀ ਹੁਣ ਤੱਕ ਦੀ ਸਭ ਤੋਂ ਸੁਸਤ ਰਫ਼ਤਾਰ (ਦਰ) ਨਾਲ ਵਧੀ ਹੈ। ਸਾਲ 2020 ਵਿਚ ਇਸ ਦਰ ‘ਚ 1 ਫੀਸਦੀ ਦਾ ਨਿਘਾਰ ਆਇਆ ਸੀ। ਵਰਲਡ ਪਾਪੂਲੇਸ਼ਨ ਪ੍ਰੌਸਪੈਕਟਸ-2022 ਮੁਤਾਬਕ ਪਿਛਲੇ ਸਾਲ ਭਾਰਤ ਦੀ ਆਬਾਦੀ 141.2 ਕਰੋੜ ਜਦੋਂਕਿ ਚੀਨ ਦੀ 142.6 ਕਰੋੜ ਸੀ। ਰਿਪੋਰਟ ਮੁਤਾਬਕ 15 ਨਵੰਬਰ ਤੱਕ ਆਲਮੀ ਵਸੋਂ ਦੇ 8 ਅਰਬ ਦੇ ਅੰਕੜੇ ਨੂੰ ਪੁੱਜਣ ਦੇ ਆਸਾਰ ਸਨ। ਯੂ.ਐੱਨ.ਐੱਫ.ਪੀ.ਏ. ਮੁਤਾਬਕ ਭਾਰਤ ਵਿਚ ਪੁਰਸ਼ਾਂ ਦੀ ਔਸਤ ਉਮਰ 71 ਜਦੋਂਕਿ ਔਰਤਾਂ ਦੀ 74 ਸਾਲ ਹੈ।
ਸੰਯੁਕਤ ਰਾਸ਼ਟਰ ਪਾਪੂਲੇਸ਼ਨ ਫੰਡ (ਯੂ.ਐੱਨ.ਐੱਫ.ਪੀ.ਏ.) ਦੀ ਪ੍ਰਤੀਨਿਧ ਤੇ ਭੂਟਾਨ ਲਈ ਕੰਟਰੀ ਡਾਇਰੈਕਟਰ ਆਂਦਰੀਆ ਵੋਜਨਾਰ ਨੇ ਕਿਹਾ, ”ਭਾਰਤ ਦੀ 1.4 ਅਰਬ ਆਬਾਦੀ ਨੂੰ 1.4 ਅਰਬ ਮੌਕਿਆਂ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਇਕ ਮੁਲਕ ਵਜੋਂ ਭਾਰਤ ਕੋਲ 15 ਤੋਂ 24 ਸਾਲ ਉਮਰ ਵਰਗ ਦੇ 25.4 ਕਰੋੜ ਲੋਕ ਹਨ, ਜੋ ਨਵੀਆਂ ਕਾਢਾਂ, ਨਵੇਂ ਵਿਚਾਰਾਂ ਤੇ ਸਥਾਈ ਹੱਲ ਦਾ ਸਰੋਤ ਹੋ ਸਕਦੇ ਹਨ।

ਸਾਡੇ ਕੋਲ ਵਧੇਰੇ ਕਾਰਗਰ ਮਨੁੱਖੀ ਵਸੀਲੇ : ਚੀਨ
ਚੀਨ ਨੇ ਇਸ ਰਿਪੋਰਟ ਨੂੰ ਜ਼ਿਆਦਾ ਤਵੱਜੋ ਨਾ ਦਿੰਦਿਆਂ ਕਿਹਾ ਕਿ ਉਸ ਕੋਲ ਹੁਣ ਵੀ 90 ਕਰੋੜ ਤੋਂ ਵੱਧ ਲੋਕਾਂ ਦੀ ਗੁਣਵੱਤਾ ਵਾਲਾ ਮਨੁੱਖੀ ਵਸੀਲਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਾਂਗ ਵੇਨਬਿਨ ਨੇ ਕਿਹਾ, ”ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਆਬਾਦੀ ਦਾ ਲਾਹਾ ਅੰਕੜਿਆਂ ‘ਤੇ ਨਹੀਂ, ਗੁਣਵੱਤਾ ‘ਤੇ ਨਿਰਭਰ ਕਰਦਾ ਹੈ।” ਉਨ੍ਹਾਂ ਕਿਹਾ ਕਿ ਆਬਾਦੀ ਅਹਿਮ ਹੈ, ਪਰ ਓਨਾ ਹੀ ਮਹੱਤਵਪੂਰਨ ਸਾਡੀ ਵਸੋਂ ਵਿਚ ਸਾਡਾ ਲਾਹੇਵੰਦ ਹੁਨਰ ਹੈ। ਇਸ ਲਈ ਸਾਡੇ ਵਿਕਾਸ ਦੀ ਰਫ਼ਤਾਰ ਮਜ਼ਬੂਤ ਹੈ।

Leave a comment