#INDIA

ਆਬਕਾਰੀ ਨੀਤੀ: ‘ਆਪ’ ਸੰਸਦ ਮੈਂਬਰ ਸੰਜੈ ਸਿੰਘ ਗ੍ਰਿਫ਼ਤਾਰ

ਨਵੀਂ ਦਿੱਲੀ, 5 ਅਕਤੂਬਰ (ਪੰਜਾਬ ਮੇਲ)- ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ(51) ਨੂੰ ਦਿੱਲੀ ਆਬਕਾਰੀ ਨੀਤੀ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਹੈ। ਸਿੰਘ ਨੂੰ ਅੱਜ ਸ਼ਾਮੀਂ ਗ੍ਰਿਫ਼ਤਾਰ ਕੀਤਾ ਗਿਆ ਜਦੋਂਕਿ ਏਜੰਸੀ ਨੇ ਸਵੇਰੇ ਉਨ੍ਹਾਂ ਦੀ ਰਿਹਾਇਸ਼ ’ਤੇ ਛਾਪੇ ਮਾਰੇ। ਈਡੀ ਨੇ ਕੇਸ ਨਾਲ ਜੁੜੇ ਕੁਝ ਹੋਰਨਾਂ ਲੋਕਾਂ ਦੇ ਟਿਕਾਣਿਆਂ ’ਤੇ ਵੀ ਦਸਤਕ ਦਿੱਤੀ। ਸੰਜੈ ਸਿੰਘ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਮਗਰੋਂ ‘ਆਪ’ ਦੇ ਦੂਜੇ ਹਾਈ ਪ੍ਰੋਫਾਈਲ ਆਗੂ ਹਨ, ਜਨਿ੍ਹਾਂ ਨੂੰ ਇਸ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਈਡੀ ਇਸ ਤੋਂ ਪਹਿਲਾਂ ਸਿੰਘ ਦੇ ਸਟਾਫ਼ ਤੋਂ ਵੀ ਪੁੱਛ-ਪੜਤਾਲ ਕਰ ਚੁੱਕੀ ਹੈ। ਉਧਰ ‘ਆਪ’ ਨੇ ਕਿਹਾ ਕਿ ਈਡੀ ਨੇ ਸਿੰਘ ਨੂੰ ‘ਨਿਸ਼ਾਨਾ’ ਬਣਾਇਆ ਕਿਉਂਕਿ ਉਨ੍ਹਾਂ ਸੰਸਦ ਵਿਚ ਅਡਾਨੀ ਸਮੂਹ ਨਾਲ ਜੁੜੇ ਮਸਲੇ ਰੱਖੇ ਸਨ।

ਈਡੀ ਨੇ ਆਪਣੀ ਚਾਰਜਸ਼ੀਟ ਵਿੱਚ ਸੰਜੈ ਸਿੰਘ ਦੇ ਨਾਂ ਦਾ ਵੀ ਜ਼ਿਕਰ ਕੀਤਾ ਸੀ। ਚਾਰਜਸ਼ੀਟ ਮੁਤਾਬਕ ਵਿਚੋਲੀਏ ਦਨਿੇਸ਼ ਅਰੋੜਾ ਨੇ ਕਿਹਾ ਸੀ ਕਿ ਉਹ ਆਪਣੇ ਰੈਸਟੋਰੈਂਟ ਅਨਪਲੱਗਡ ਕੋਰਟਯਾਰਡ ਵਿਚ ਇਕ ਪਾਰਟੀ ਦੌਰਾਨ ਸਿੰਘ ਨੂੰ ਮਿਲਿਆ ਸੀ। ਚਾਰਜਸ਼ੀਟ ਵਿੱਚ ਕਿਹਾ ਗਿਆ ਕਿ 2020 ਵਿਚ ਸਿੰਘ ਨੇ ਅਰੋੜਾ ਨੂੰ ਕਥਿਤ ਤੌਰ ’ਤੇ ਕਿਹਾ ਕਿ ਉਹ ਅੱਗੇ ਰੈਸਟੋਰੈਂਟ ਮਾਲਕਾਂ ਨੂੰ ਦਿੱਲੀ ਅਸੈਂਬਲੀ ਚੋਣਾਂ ਲਈ ਆਮ ਆਦਮੀ ਪਾਰਟੀ ਵਾਸਤੇ ਫੰਡ ਜੁਟਾਉਣ ਲਈ ਕਹੇ। ਅਰੋੜਾ ਨੇ ਕਿਹਾ ਕਿ ਉਸ ਨੇ 82 ਲੱਖ ਰੁਪਏ ਦਾ ਚੈੱਕ ਦਿੱਤਾ ਸੀ। ਚਾਰਜਸ਼ੀਟ ਮੁਤਾਬਕ ਦਨਿੇਸ਼ ਅਰੋੜਾ ਨੇ ਇਹ ਗੱਲ ਵੀ ਮੰਨੀ ਕਿ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਕ ਵਾਰ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲਿਆ ਤੇ ਇਸ ਮੌਕੇ ਸੰਜੈ ਸਿੰਘ ਵੀ ਉਸ ਦੇ ਨਾਲ ਸੀ। ਅਰੋੜਾ ਨੇ ਇਹ ਵੀ ਮੰਨਿਆ ਕਿ ਉਸ ਨੇ ਸਿਸੋਦੀਆ ਨਾਲ ਪੰਜ-ਛੇ ਵਾਰ ਗੱਲ ਕੀਤੀ ਸੀ। ਉਧਰ ਆਪ ਤਰਜਮਾਨ ਰੀਨਾ ਗੁਪਤਾ ਨੇ ਸੰਜੈ ਸਿੰਘ ਦੇ ਟਿਕਾਣਿਆਂ ’ਤੇ ਛਾਪਿਆਂ ਦੇ ਹਵਾਲੇ ਨਾਲ ਕਿਹਾ, ‘‘ਸੰਜੈ ਸਿੰਘ ਵੱਲੋਂ ਅਡਾਨੀ ਮਸਲੇ ’ਤੇ ਸਰਕਾਰ ਨੂੰ ਲਗਾਤਾਰ ਸਵਾਲ ਕੀਤੇ ਜਾ ਰਹੇ ਸਨ ਤੇ ਇਹੀ ਵਜ੍ਹਾ ਹੈ ਕਿ ਉਨ੍ਹਾਂ ਦੀ ਰਿਹਾਇਸ਼ ’ਤੇ ਛਾਪਾ ਮਾਰਿਆ ਗਿਆ। ਕੇਂਦਰ ਏਜੰਸੀਆਂ ਨੂੰ ਪਹਿਲਾਂ ਵੀ ਕੁਝ ਨਹੀਂ ਮਿਲਿਆ ਸੀ ਤੇ ਅੱੱਜ ਵੀ ਕੁਝ ਨਹੀਂ ਮਿਲਿਆ। ਪਹਿਲਾਂ ਉਨ੍ਹਾਂ ਲੰਘੇ ਦਨਿ ਕੁਝ ਪੱਤਰਕਾਰਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਤੇ ਅੱਜ ਉਨ੍ਹਾਂ ਸੰਜੈ ਸਿੰਘ ਦੀ ਰਿਹਾਇਸ਼ ਨੂੰ ਨਿਸ਼ਾਨਾ ਬਣਾਇਆ।’’ ਉਧਰ ਸਿੰਘ ਦੇ ਪਿਤਾ ਦਨਿੇਸ਼ ਸਿੰਘ ਨੇ ਕਿਹਾ ਕਿ ਉਹ ਈਡੀ ਨਾਲ ਸਹਿਯੋਗ ਕਰ ਰਹੇ ਹਨ।

ਗੌਰਤਲਬ ਹੈ ਕਿ ਈਡੀ ਨੇ ਦਿੱਲੀ ਆਬਕਾਰੀ ਨੀਤੀ ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਪਿਛਲੇ ਸਾਲ ਸਤੰਬਰ ਵਿੱਚ ਕੇਸ ਦਰਜ ਕੀਤਾ ਸੀ। ਕੇਸ ਅਗਸਤ ਵਿੱਚ ਦਾਇਰ ਸੀਬੀਆਈ ਐੱਫਆਈਆਰ ‘ਤੇ ਅਧਾਰਿਤ ਹੈ। ਸੀਬੀਆਈ ਨੇ ਮਨੀਸ਼ ਸਿਸੋਦੀਆ, ਆਬਕਾਰੀ ਵਿਭਾਗ ਦੇ ਤਿੰਨ ਅਧਿਕਾਰੀਆਂ ਅਤੇ 15 ਮੁਲਜ਼ਮਾਂ ਵਿੱਚੋਂ ਕਈ ਵਿਕਰੇਤਾਵਾਂ ਅਤੇ ਡਿਸਟੀਬ੍ਰਿਊਟਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਨ੍ਹਾਂ ਸਾਰਿਆਂ ਦਾ ਸੀਬੀਆਈ ਵੱਲੋਂ ਦਾਇਰ ਐਫਆਈਆਰ ਵਿੱਚ ਜ਼ਿਕਰ ਸੀ। ਈਡੀ ਨੇ ਇਸ ਸਾਲ ਮਈ ਵਿੱਚ ਸੰਜੈ ਸਿੰਘ ਦੇ ਨਜ਼ਦੀਕੀ ਸਾਥੀਆਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਸੀ। ਸਿੰਘ ਨੇ ਦੋਸ਼ ਲਗਾਇਆ ਸੀ ਕਿ ਈਡੀ ਨੇ ਦਿੱਲੀ ਆਬਕਾਰੀ ਨੀਤੀ ਕੇਸ ਦੇ ਸਬੰਧ ਵਿੱਚ ਉਸ ਦੇ ਦੋ ਸਾਥੀਆਂ ਅਜੀਤ ਤਿਆਗੀ ਤੇ ਸਰਵੇਸ਼ ਮਿਸ਼ਰਾ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਸੀ।

ਈਡੀ ਦੀ ਚਾਰਜਸ਼ੀਟ ਵਿੱਚ ਦੋਸ਼ ਲਾਇਆ ਗਿਆ ਕਿ ਆਬਕਾਰੀ ਨੀਤੀ ’ਚ ਗ਼ਲਤ ਤਰੀਕੇ ਨਾਲ ਸ਼ਰਾਬ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾਇਆ ਗਿਆ ਤੇ ਬਦਲੇ ਵਿਚ ‘ਆਪ’ ਨੇ ਕਰੋੜਾਂ ਰੁਪਏ ਦੀ ਰਿਸ਼ਵਤ ਲਈ। ਮੰਗਲਵਾਰ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਵਾਈਆਰਐੱਸ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਮੰਗੂਟਾ ਸ੍ਰੀਨਵਿਾਸੁਲੂ ਰੈਡੀ ਦੇ ਪੁੱਤਰ ਰਾਘਵ ਮੰਗੂਟਾ ਤੇ ਦਿੱਲੀ ਦੇ ਸ਼ਰਾਬ ਕਾਰੋਬਾਰੀ ਦਨਿੇਸ਼ ਅਰੋੜਾ ਵੱਲੋਂ ਈਡੀ ਮਾਮਲੇ ਵਿੱਚ ਸਰਕਾਰੀ ਗਵਾਹ ਬਣਨ ਦੀ ਕੀਤੀ ਅਪੀਲ ਮਨਜ਼ੂਰ ਕਰ ਲਈ ਸੀ ਤੇ ਮੁਆਫ਼ੀ ਦਿੰਦੇ ਹੋਏ ਹੁਕਮ ਦਿੱਤਾ ਸੀ ਕਿ ਉਹ ਜਾਂਚ ਵਿੱਚ ਸਹਿਯੋਗ ਕਰਨ ਤੇ ਸਾਰੀ ਮੁਹੱਈਆ ਜਾਣਕਾਰੀ ਜਾਂਚ ਏਜੰਸੀ ਨੂੰ ਦੇਣ।

Leave a comment