#INDIA

ਆਬਕਾਰੀ ਨੀਤੀ: ਅਰਵਿੰਦ ਕੇਜਰੀਵਾਲ ਸੀਬੀਆਈ ਦਫ਼ਤਰ ’ਚ ਪੇਸ਼; ‘ਆਪ’ ਨੇਤਾਵਾਂ ਤੇ ਵਰਕਰਾਂ ਵੱਲੋਂ ਪ੍ਰਦਰਸ਼ਨ

ਨਵੀਂ ਦਿੱਲੀ, 16 ਅਪ੍ਰੈਲ (ਪੰਜਾਬ ਮੇਲ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਬਕਾਰੀ ਨੀਤੀ ਘੁਟਾਲੇ ਦੇ ਮਾਮਲੇ ਵਿੱਚ ਪੁੱਛ-ਪੜਤਾਲ ਲਈ ਅੱਜ ਸੀਬੀਆਈ ਸਾਹਮਣੇ ਪੇਸ਼ ਹੋਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਸ਼ੁੱਕਰਵਾਰ ਨੂੰ ਕੇਜਰੀਵਾਲ ਨੂੰ ਜਾਂਚ ਦੌਰਾਨ ਇਕੱਤਰ ਕੀਤੀ ਜਾਣਕਾਰੀ ’ਤੇ ਸਵਾਲਾਂ ਦੇ ਜਵਾਬ ਦੇਣ ਲਈ 16 ਅਪਰੈਲ ਨੂੰ ਗਵਾਹ ਵਜੋਂ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ। ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਇਸ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ 26 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਕੇਜਰੀਵਾਲ ਸਵੇਰੇ 11.10 ਵਜੇ ਆਪਣੀ ਕਾਰ ਵਿੱਚ ਸੀਬੀਆਈ ਹੈੱਡਕੁਆਰਟਰ ਪਹੁੰਚੇ, ਜਿੱਥੇ ਉਨ੍ਹਾਂ ਨੂੰ ਸੀਬੀਆਈ ਦੇ ਭ੍ਰਿਸ਼ਟਾਚਾਰ ਵਿਰੋਧੀ ਵਿੰਗ ਦੇ ਪਹਿਲੀ ਮੰਜ਼ਿਲ ਸਥਿਤ ਦਫ਼ਤਰ ਲਿਜਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾਕ੍ਰਮ ’ਤੇ ਨਜ਼ਰ ਰੱਖਣ ਲਈ ਏਜੰਸੀ ਦੇ ਸੀਨੀਅਰ ਅਧਿਕਾਰੀ ਦਫ਼ਤਰ ’ਚ ਮੌਜੂਦ ਸਨ। ਅਧਿਕਾਰੀਆਂ ਨੇ ਕਿਹਾ ਕਿ ਸੀਬੀਆਈ ਆਮ ਆਦਮੀ ਪਾਰਟੀ ਦੇ ਮੁਖੀ ਤੋਂ ਆਬਕਾਰੀ ਨੀਤੀ ਬਣਾਉਣ ਦੀ ਪ੍ਰਕਿਰਿਆ ਬਾਰੇ ਅਤੇ ਖਾਸ ਤੌਰ  ’ਤੇ ਦਿੱਲੀ ਮੰਤਰੀ ਮੰਡਲ ਦੇ ਸਾਹਮਣੇ ਰੱਖੀ ਜਾਣ ਵਾਲੀ ਫਾਈਲ ਬਾਰੇ ਪੁੱਛ-ਪੜਤਾਲ ਕਰ ਸਕਦੀ ਹੈ, ਜਿਸ ਦਾ ‘‘ਪਤਾ ਨਹੀਂ ਲੱਗ ਸਕਿਆ’’ ਹੈ। ਸੀਬੀਆਈ ਦਫ਼ਤਰ ਪੇਸ਼ ਹੋਣ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ‘ਆਪ’ ਦੇ ਹੋਰ ਨੇਤਾ ਉਨ੍ਹਾਂ ਦੇ ਨਾਲ ਸਨ। ਸੀਬੀਆਈ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਨੀਤੀ ਦੇ ਮਾਮਲੇ ਵਿੱਚ ਪੁੱਛ-ਪੜਤਾਲ ਲਈ ਤਲਬ ਕੀਤੇ ਜਾਣ ਖ਼ਿਲਾਫ਼ ਆਮ ਆਦਮੀ ਪਾਰਟੀ (ਆਪ) ਵਰਕਰਾਂ ਨੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰਕੇ ਅੱਜ ਰਾਜਧਾਨੀ ਦਿੱਲੀ ਦੇ ਕਈ ਹਿੱਸਿਆਂ ਵਿੱਚ ਟ੍ਰੈਫਿਕ ਜਾਮ ਹੋ ਗਿਆ। ‘ਆਪ’ ਦੇ ਧਰਨੇ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਇਸ ਦੌਰਾਨ ਆਨੰਦ ਵਿਹਾਰ ਟਰਮੀਨਲ, ਆਈਟੀਓ ਚੌਕ, ਮੁਕਰਬਾ ਚੌਕ, ਪੀਰਾਗੜ੍ਹੀ ਚੌਕ, ਲਾਡੋ ਸਰਾਏ ਚੌਕ, ਕਰਾਊਨ ਪਲਾਜ਼ਾ ਚੌਕ, ਦਵਾਰਕਾ ਮੋਡ, ਸੈਕਟਰ 6 ਅਤੇ ਸੈਕਟਰ 2 ਚੌਕ, ਪੈਸੀਫਿਕ ਵਾਲਾ ਚੌਕ, ਸੁਭਾਸ਼ ਨਗਰ ਚੌਕ, ਪ੍ਰੇਮਵਾੜੀ ਚੌਕ, ਰਿੰਗਵੇਅ ਰੋਡ, ਨਵੀਂ ਦਿੱਲੀ, ਵੱਡਾ ਹਨੂੰਮਾਨ ਮੰਦਰ, ਕਰੋਲ ਬਾਗ ਚੌਕ, ਆਈਆਈਟੀ ਕਰਾਸਿੰਗ, ਆਈਐਸਬੀਟੀ ਕਸ਼ਮੀਰੀ ਗੇਟ, ਰਾਜਘਾਟ ਅਤੇ ਮੁਰਗਾ ਮੰਡੀ ਗਾਜ਼ੀਪੁਰ ਨੇੜੇ ਐੱਨਐੱਚ24 ’ਤੇ ਪ੍ਰਦਰਸ਼ਨ ਵਾਲੀਆਂ ਥਾਵਾਂ ’ਤੇ ਟ੍ਰੈਫਿਕ ਜਾਮ ਦੇਖੇ ਗਏ। ਕਈ ਥਾਵਾਂ ’ਤੇ ਟਰੈਫਿਕ ਪੁਲੀਸ ਮੁਲਾਜ਼ਮਾਂ ਦੇ ਨਾਲ ਪੁਲੀਸ ਮੁਲਾਜ਼ਮ ਵੀ ਤਾਇਨਾਤ ਸਨ ਅਤੇ ਉਹ ਧਰਨਾਕਾਰੀਆਂ ਨੂੰ ਸੜਕਾਂ ਤੋਂ ਹਟਣ ਲਈ ਮਨਾ ਰਹੇ ਹਨ।

Leave a comment