#PUNJAB

‘ਆਪ’ ਸਰਕਾਰ ਵੱਲੋਂ ਹੁਣ ਨਿਗਮ ਚੋਣਾਂ ਕਰਾਉਣ ਦੀ ਤਿਆਰੀ

– ਜਲੰਧਰ ਦੀ ਜਿੱਤ ਦਾ ਲਾਹਾ ਲੈਣ ਦੇ ਰੌਂਅ ‘ਚ ਸਰਕਾਰ
– ਕਾਂਗਰਸ ਲਈ ਚੁਣੌਤੀ ਬਣਨਗੀਆਂ ਆਗਾਮੀ ਸਥਾਨਕ ਚੋਣਾਂ
ਚੰਡੀਗੜ੍ਹ, 15 ਮਈ (ਪੰਜਾਬ ਮੇਲ)- ‘ਆਪ’ ਸਰਕਾਰ ਨੇ ਜਲੰਧਰ ਜ਼ਿਮਨੀ ਚੋਣ ‘ਚ ਮਿਲੀ ਜਿੱਤ ਮਗਰੋਂ ਹੁਣ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀ ਚੋਣ ਕਰਾਏ ਜਾਣ ਦੀ ਤਿਆਰੀ ਖਿੱਚ ਲਈ ਹੈ, ਜਿਨ੍ਹਾਂ ਦੀ ਮਿਆਦ ਪੁੱਗ ਚੁੱਕੀ ਹੈ। ਜਲੰਧਰ ਚੋਣਾਂ ਦੇ ਨਤੀਜੇ ਨੇ ਹੁਣ ਪੰਜਾਬ ਵਿਚ ‘ਆਪ’ ਸਰਕਾਰ ਪ੍ਰਤੀ ਮੁੜ ਜੋ ਮਾਹੌਲ ਸਿਰਜਿਆ ਹੈ, ਸਰਕਾਰ ਇਸ ਦਾ ਸਿਆਸੀ ਲਾਹਾ ਲੈਣ ਦੇ ਰੌਂਅ ਵਿਚ ਹੈ। ਪੰਜਾਬ ਵਿਚ ਅੰਮ੍ਰਿਤਸਰ, ਪਟਿਆਲਾ, ਜਲੰਧਰ ਅਤੇ ਲੁਧਿਆਣਾ ਦੇ ਨਗਰ ਨਿਗਮਾਂ ਦੇ ਮੇਅਰਾਂ ਅਤੇ ਕੌਂਸਲਰਾਂ ਦੀ ਮਿਆਦ ਜਨਵਰੀ 2023 ‘ਚ ਖ਼ਤਮ ਹੋ ਚੁੱਕੀ ਹੈ।
ਇਸੇ ਤਰ੍ਹਾਂ 34 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀ ਚੁਣੀ ਹੋਈ ਬਾਡੀ ਦੀ ਮਿਆਦ ਦਸੰਬਰ 2022 ਤੋਂ ਫਰਵਰੀ 2023 ਦਰਮਿਆਨ ਖ਼ਤਮ ਹੋ ਚੁੱਕੀ ਹੈ। ਨਗਰ ਨਿਗਮ ਫਗਵਾੜਾ ਦੇ ਹੋਂਦ ‘ਚ ਆਉਣ ਮਗਰੋਂ ਇਸ ਦੀ ਚੋਣ ਹੋਈ ਹੀ ਨਹੀਂ ਹੈ। ਬੇਸ਼ੱਕ ਸਥਾਨਕ ਸਰਕਾਰਾਂ ਵਿਭਾਗ ਨੇ ਇਨ੍ਹਾਂ ਨਗਰ ਨਿਗਮਾਂ ਅਤੇ ਕੌਂਸਲਾਂ ਦੀ ਵਾਰਡਬੰਦੀ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਪ੍ਰੰਤੂ ਉਹ ਮੱਠੀ ਚਾਲ ਚੱਲ ਰਿਹਾ ਸੀ। ਹੁਣ ਜਦੋਂ ਜਲੰਧਰ ਚੋਣ ਦੇ ਨਤੀਜੇ ‘ਆਪ’ ਸਰਕਾਰ ਦੇ ਪੱਖ ਵਿਚ ਭੁਗਤੇ ਹਨ ਤਾਂ ਸਰਕਾਰ ਆਉਂਦੇ ਦਿਨਾਂ ‘ਚ ਵਾਰਡਬੰਦੀ ਦਾ ਕੰਮ ਤੇਜ਼ੀ ਨਾਲ ਮੁਕੰਮਲ ਕਰੇਗੀ।
ਜਲੰਧਰ ਚੋਣ ਦੇ ਪ੍ਰਚਾਰ ਦੌਰਾਨ ਕਾਫ਼ੀ ਕੌਂਸਲਰ ਅਤੇ ਹੋਰ ਚੁਣੇ ਹੋਏ ਆਗੂ ‘ਆਪ’ ਨਾਲ ਜੁੜੇ ਹਨ। ਉੱਧਰ ਕਾਂਗਰਸ ਪਾਰਟੀ ਨੇ ਤਾਂ ਕੁਝ ਸਮਾਂ ਪਹਿਲਾਂ ਨਗਰ ਨਿਗਮਾਂ ਚੋਣਾਂ ਵਾਸਤੇ ਚਾਰ ਸ਼ਹਿਰਾਂ ਵਿਚ ਕਮੇਟੀਆਂ ਦਾ ਗਠਨ ਵੀ ਕਰ ਦਿੱਤਾ ਸੀ। ਹੁਣ ਜਦੋਂ ਵਿਰੋਧੀ ਧਿਰਾਂ ਨੂੰ ਜਲੰਧਰ ਸੰਸਦੀ ਚੋਣ ਵਿਚ ਹਾਰ ਦਾ ਮੂੰਹ ਦੇਖਣਾ ਪਿਆ ਹੈ, ਤਾਂ ਉਨ੍ਹਾਂ ਲਈ ਆਗਾਮੀ ਨਗਰ ਨਿਗਮ ਅਤੇ ਕੌਂਸਲ ਚੋਣਾਂ ਵੀ ਚੁਣੌਤੀ ਬਣ ਸਕਦੀਆਂ ਹਨ।
ਪੰਜਾਬ ‘ਚ ਦਸੰਬਰ 2023 ਵਿਚ ਪੰਚਾਇਤਾਂ ਦੀ ਮਿਆਦ ਖ਼ਤਮ ਹੋ ਰਹੀ ਹੈ ਅਤੇ ਇਨ੍ਹਾਂ ਪੇਂਡੂ ਚੋਣਾਂ ਵਿਚ ਵੀ ‘ਆਪ’ ਆਪਣਾ ਭਵਿੱਖ ਦੇਖ ਰਹੀ ਹੈ। ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੌਂਸਲ ਚੋਣਾਂ ਅਤੇ ਪੰਚਾਇਤੀ ਚੋਣਾਂ ਸਭਨਾਂ ਸਿਆਸੀ ਧਿਰਾਂ ਲਈ ਅਹਿਮ ਹੋਣਗੀਆਂ। ਇਨ੍ਹਾਂ ਚੋਣਾਂ ਵਿਚ ਜਿਸ ਪਾਰਟੀ ਦਾ ਹੱਥ ਉੱਪਰ ਰਹੇਗਾ, ਉਸ ਨੂੰ ਆਗਾਮੀ ਲੋਕ ਸਭਾ ਚੋਣਾਂ ਲਈ ਸਾਜ਼ਗਾਰ ਮਾਹੌਲ ਮਿਲੇਗਾ। ਵੇਰਵਿਆਂ ਅਨੁਸਾਰ ਜਿਨ੍ਹਾਂ ਕੌਂਸਲਾਂ ਅਤੇ ਨਿਗਮਾਂ ਦੀ ਮਿਆਦ ਲੰਘ ਚੁੱਕੀ ਹੈ, ਉੱਥੇ ਸਰਕਾਰ ਨੇ ਪ੍ਰਸ਼ਾਸਕ ਲਗਾ ਦਿੱਤੇ ਹਨ। ‘ਆਪ’ ਸਰਕਾਰ ਪਹਿਲਾਂ ਨਿਗਮ ਚੋਣਾਂ ਦਾ ਕੰਮ ਟਾਲ ਰਹੀ ਸੀ ਅਤੇ ਹੁਣ ਜਲੰਧਰ ਜ਼ਿਮਨੀ ਚੋਣ ਦੀ ਜਿੱਤ ਨੇ ਸਰਕਾਰ ‘ਚ ਮੁੜ ਉਤਸ਼ਾਹ ਭਰ ਦਿੱਤਾ ਹੈ। ਭਾਜਪਾ ਨਿਗਮ ਚੋਣਾਂ ਨੂੰ ਲੈ ਕੇ ਕਾਫ਼ੀ ਉਮੀਦਾਂ ਲਗਾਈ ਬੈਠੀ ਹੈ। ਕਾਂਗਰਸ ਪਾਰਟੀ ਵੀ ਇਨ੍ਹਾਂ ਸਥਾਨਕ ਚੋਣਾਂ ਨੂੰ ਲੈ ਕੇ ਕੋਈ ਕਸਰ ਬਾਕੀ ਨਹੀਂ ਛੱਡੇਗੀ। ‘ਆਪ’ ਨੂੰ ਸੱਤਾ ਵਿਚ ਹੋਣ ਦਾ ਲਾਹਾ ਮਿਲੇਗਾ।

Leave a comment