#POLITICS

‘ਆਪ’ ਵਿਧਾਇਕ ਦਾ ਪੀਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ

ਬਠਿੰਡਾ, 17 ਫਰਵਰੀ (ਪੰਜਾਬ ਮੇਲ)- ਬਠਿੰਡਾ ਦਿਹਾਤੀ ਤੋਂ ‘ਆਪ’ ਵਿਧਾਇਕ ਅਮਿਤ ਰਤਨ ਦੇ ਪੀਏ ਰਿਸ਼ਮ ਗਰਗ ਨੂੰ ਵਿਜੀਲੈਂਸ ਨੇ 4 ਲੱਖ ਰੁਪਏ ਦੀ ਕਥਿਤ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਹੈ। ਰਿਸ਼ਮ ਗਰਗ ਸਮਾਣਾ ਦੇ ਵਸਨੀਕ ਹਨ। ਇਸੇ ਦੌਰਾਨ ਵਿਧਾਇਕ ਨੇ ਰਿਸ਼ਮ ਗਰਗ ਨੂੰ ਆਪਣਾ ਪੀਏ ਮੰਨਣ ਤੋਂ ਇਨਕਾਰ ਕੀਤਾ ਹੈ। ਉਸ ਨੂੰ ਪਿੰਡ ਘੁੱਦਾ ਦੀ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਕੁਮਾਰ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਰਪੰਚ ਤੇ ਉਸ ਦੇ ਪਤੀ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਕਿ ਗ੍ਰਾਮ ਪੰਚਾਇਤ ਘੁੱਦਾ ਨੂੰ 15ਵੇਂ ਵਿੱਤ ਕਮਿਸ਼ਨ ਤਹਿਤ ਬਲਾਕ ਸਮਿਤੀ ਰਾਹੀਂ ਪ੍ਰਾਪਤ 25 ਲੱਖ ਰੁਪਏ ਦੀ ਸਰਕਾਰੀ ਗ੍ਰਾਂਟ ਨੂੰ ਬੀਡੀਪੀਓ ਤੋਂ ਰਿਲੀਜ਼ ਕਰਾਉਣ ਬਦਲੇ ਪੀਏ 5 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਉਹ ਮਜਬੂਰਨ ਉਸ ਕੋਲੋਂ ਪਹਿਲੀ ਕਿਸ਼ਤ ਵਜੋਂ 50,000 ਰੁਪਏ ਲੈ ਚੁੱਕਾ ਹੈ। ਇਸ ਸਬੰਧੀ ਸੀਮਾ ਰਾਣੀ ਨੇ ਵਿਜੀਲੈਂਸ ਬਿਊਰੋ ਦੇ ਡੀਜੀਪੀ ਤੱਕ ਪਹੁੰਚ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਬਠਿੰਡਾ ਸੰਪਰਕ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਬਠਿੰਡਾ ਵਿੱਚ ਵਿਜੀਲੈਂਸ ਨਾਲ ਸੰਪਰਕ ਕੀਤਾ। ਇਸ ਮਾਮਲੇ ਵਿੱਚ ਲੰਘੀ 10 ਫਰਵਰੀ ਨੂੰ 50,000 ਹਜ਼ਾਰ ਰੁਪਏ ਦਿੱਤੇ ਗਏ ਸਨ। ਸੌਦਾ ਤੈਅ ਹੋਣ ਮਗਰੋਂ ਬਾਕੀ ਬਚਦੀ 4 ਲੱਖ ਦੀ ਰਾਸ਼ੀ ਦੇਣ ਦੀ ਗੱਲ ਨੇਪਰੇ ਚੜ੍ਹੀ। ਅੱਜ ਜਦੋਂ ਵਿਧਾਇਕ ਅਮਿਤ ਰਤਨ ਸਰਕਟ ਹਾਊਸ ਵਿੱਚ ਗੱਡੀ ਤੋਂ ਨਿਕਲ ਕੇ ਲੋਕਾਂ ਨੂੰ ਮਿਲਣ ਲੱਗੇ ਤਾਂ ਉਨ੍ਹਾਂ ਦੇ ਪੀਏ ਰਿਸ਼ਮ ਗਰਗ ਨੇ ਰਿਸ਼ਵਤ ਵਾਲੀ 4 ਲੱਖ ਦੀ ਰਾਸ਼ੀ ਫੜ ਕੇ ਗੱਡੀ ਵਿੱਚ ਰੱਖ ਦਿੱਤੀ। ਇਸ ਦੌਰਾਨ ਵਿਜੀਲੈਂਸ ਨੇ ਰਿਸ਼ਮ ਗਰਗ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਜਦੋਂ ਕਿ ਉਸ ਨੇ ਭੱਜਣ ਦੀ ਕੋਸ਼ਿਸ ਵੀ ਕੀਤੀ। ਇਸ ਮੌਕੇ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਸਰਕਟ ਹਾਊਸ ਵਿਚ ਵਿਜੀਲੈਂਸ ਦੇ ਅਧਿਕਾਰੀਆਂ ਨੇ ਨਜ਼ਰਬੰਦ ਕਰ ਲਿਆ। ਸਰਕਾਰੀ ਗਵਾਹ ਸਮੇਤ ਵਿਧਾਇਕ ਅਮਿਤ ਰਤਨ, ਪੀਏ ਰਿਸ਼ਮ ਗਰਗ ਸਰਕਟ ਹਾਊਸ ਵਿੱਚ ਘਿਰੇ ਰਹੇ। ਅਮਿਤ ਰਤਨ ਤੋਂ ਅਧਿਕਾਰੀਆਂ ਨੇ ਕਈ ਘੰਟੇ ਪੁੱਛਗਿੱਛ ਕੀਤੀ ਅਤੇ ਮਾਹੌਲ ਤਲਖੀ ਵਾਲਾ ਬਣ ਗਿਆ। ਮੌਕੇ ’ਤੇ ਪੁੱਜੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਅਸ਼ੋਕ ਭਰਤੀ, ਮੋਹਨ ਲਾਲ ਗਰਗ ਵੱਲੋਂ ਆਪਣੇ ਸਮਰਥਕਾਂ ਨਾਲ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉਹ ਵਿਧਾਇਕ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਦੇ ਰਹੇ। ਇਸ ਮੌਕੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਰਾਹੁਲ ਚੁੰਬਾ ਵਿਚਕਾਰ ਤਲਖੀ ਵਾਲਾ ਮਾਹੌਲ ਬਣ ਗਿਆ। ਖ਼ਬਰ ਲਿਖੇ ਜਾਣ ਤੱਕ ਵਿਜੀਲੈਂਸ ਦੇ ਅਧਿਕਾਰੀ ਪੀਏ ਰਿਸ਼ਮ ਗਰਗ ਨੂੰ ਗ੍ਰਿਫਤਾਰ ਕਰਕੇ ਨਾਲ ਲੈ ਗਏ ਅਤੇ ਸਰਕਟ ਹਾਊਸ ਦੀਆਂ ਬੱਤੀਆਂ ਬੰਦ ਕਰ ਦਿੱਤੀਆਂ ਗਈਆਂ। ਵਿਧਾਇਕ ਅੰਦਰ ਬੈਠੇ ਹੋਏ ਸਨ ਤੇ ਪੁਲੀਸ ਬਾਹਰ ਖੜ੍ਹੀ ਹੋਈ ਸੀ। ਇਸ ਮਗਰੋਂ ਭਾਜਪਾ ਕਾਰਕੁਨ ਵੀ ਚਲੇ ਗਏ। ਰਿਸ਼ਮ ਗਰਗ ਖ਼ਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਵਿੱਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਇਸੇ ਦੋਰਾਨ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ‘ਆਪ’ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਉਨ੍ਹਾਂ ਸੋਸ਼ਲ ਮੀਡੀਆ ਅਕਾਊਂਟ ’ਤੇ ਸੁਨੇਹਾ ਦਿੱਤਾ ‘ਅਮਿਤ ਰਤਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਅਕਾਲੀ ਦਲ ਵਿੱਚੋਂ ਕੱਢੇ ਜਾਣ ਤੋਂ ਬਾਅਦ ਟਿਕਟ ਦਿੱਤੀ ਗਈ।

Leave a comment