#Featured

ਆਪਣੀ ਮਾਤਭੂਮੀ ਨੂੰ ਅਲਵਿਦਾ ਕਹਿਣ ਵਾਲਿਆਂ ‘ਚੋਂ ਪੰਜਾਬੀ ਦੇਸ਼ ਭਰ ‘ਚੋਂ ਦੂਸਰੇ ਨੰਬਰ ‘ਤੇ

ਚੰਡੀਗੜ੍ਹ, 12 ਅਗਸਤ (ਪੰਜਾਬ ਮੇਲ)- ਆਪਣੀ ਮਾਤਭੂਮੀ ਨੂੰ ਸਦਾ ਲਈ ਅਲਵਿਦਾ ਕਹਿਣ ਵਾਲਿਆਂ ਵਿਚੋਂ ਪੰਜਾਬੀ ਦੇਸ਼ ਭਰ ਵਿਚੋਂ ਦੂਸਰੇ ਨੰਬਰ ‘ਤੇ ਆਉਂਦੇ ਹਨ। ਬੀਤੇ ਨੌਂ ਵਰ੍ਹਿਆਂ ਦਾ ਰੁਝਾਨ ਦੱਸਦਾ ਹੈ ਕਿ ਹਰ ਵਰ੍ਹੇ ਔਸਤਨ 3124 ਪੰਜਾਬੀਆਂ ਨੇ ਆਪਣੀ ਧਰਤੀ ਨੂੰ ਪੱਕੇ ਤੌਰ ‘ਤੇ ਛੱਡਿਆ ਹੈ। ਦਿੱਲੀ ਇਸ ਮਾਮਲੇ ‘ਤੇ ਪਹਿਲੇ ਨੰਬਰ ‘ਤੇ ਹੈ, ਜਦਕਿ ਪੰਜਾਬੀ ਤੇ ਗੁਜਰਾਤੀ ਪੱਕੇ ਤੌਰ ‘ਤੇ ਵਿਦੇਸ਼ੀ ਬਾਸ਼ਿੰਦੇ ਬਣਨ ਲਈ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ। ਪੰਜਾਬ ‘ਚੋਂ ਸਟੱਡੀ ਵੀਜ਼ੇ ਨੇ ਜਵਾਨੀ ਨੂੰ ਜੋ ਖੰਭ ਲਾਏ ਹਨ, ਉਸ ਦੇ ਨਤੀਜੇ ਆਉਂਦੇ ਵਰ੍ਹਿਆਂ ‘ਚ ਸਪੱਸ਼ਟ ਉਜਾਗਰ ਹੋਣਗੇ।
ਕੇਂਦਰੀ ਵਿਦੇਸ਼ ਮੰਤਰਾਲੇ ਨੇ 2014 ਤੋਂ 2022 ਦਾ ਅੰਕੜਾ ਨਸ਼ਰ ਕੀਤਾ ਹੈ ਤੇ ਇਸ ਵਕਫ਼ੇ ਦੌਰਾਨ ਕੁਲ 2,46,580 ਭਾਰਤੀਆਂ ਨੇ ਵਿਦੇਸ਼ੀ ਨਾਗਰਿਕਤਾ ਹਾਸਲ ਕਰਕੇ ਆਪਣਾ ਭਾਰਤੀ ਪਾਸਪੋਰਟ ਤਿਆਗ ਦਿੱਤਾ ਹੈ। ਇਸ ਵਿਚ ਸਭ ਤੋਂ ਵੱਡੀ ਗਿਣਤੀ ਦਿੱਲੀ ਵਾਸੀਆਂ (60,414) ਦੀ ਹੈ। ਦੂਸਰੇ ਨੰਬਰ ‘ਤੇ ਪੰਜਾਬੀ (28,717) ਆਉਂਦੇ ਹਨ। ਇਸ ਤੋਂ ਬਿਨਾਂ ਤੀਸਰੇ ਨੰਬਰ ‘ਤੇ 22,300 ਗੁਜਰਾਤੀਆਂ ਨੇ ਭਾਰਤੀ ਪਾਸਪੋਰਟ ਨੂੰ ਛੱਡਿਆ ਹੈ। ਗੁਆਂਢੀ ਸੂਬੇ ਹਰਿਆਣਾ ਦੇ ਸਿਰਫ਼ 7226 ਵਸਨੀਕ ਇਸ ਸ਼੍ਰੇਣੀ ਵਿਚ ਆਉਂਦੇ ਹਨ, ਜਦਕਿ ਚੰਡੀਗੜ੍ਹ ਵਿਚੋਂ ਸਿਰਫ਼ 1904 ਵਸਨੀਕਾਂ ਨੇ ਭਾਰਤੀ ਨਾਗਰਿਕਤਾ ਛੱਡੀ ਹੈ।
ਭਾਰਤੀ ਨਾਗਰਿਕਤਾ ਐਕਟ 1955 ਅਨੁਸਾਰ ਭਾਰਤੀ ਮੂਲ ਦਾ ਨਾਗਰਿਕ ਇੱਕੋ ਵੇਲੇ ਦੋ ਮੁਲਕਾਂ ਦੀ ਨਾਗਰਿਕਤਾ ਨਹੀਂ ਰੱਖ ਸਕਦਾ ਹੈ, ਜਿਸ ਕਰਕੇ ਉਸ ਨੂੰ ਇੱਕ ਮੁਲਕ ਦੀ ਨਾਗਰਿਕਤਾ ਛੱਡਣੀ ਪੈਂਦੀ ਹੈ। ਪਿਛਲੇ ਨੌਂ ਵਰ੍ਹਿਆਂ ਦੇ ਅੰਕੜਿਆਂ ਅਨੁਸਾਰ ਔਸਤਨ ਰੋਜ਼ਾਨਾ 8 ਪੰਜਾਬੀ ਵਿਦੇਸ਼ਾਂ ਦੇ ਬਾਸ਼ਿੰਦੇ ਬਣਦੇ ਹਨ।
ਲੁਧਿਆਣਾ ਦੇ ਐਡੂਵਿੰਗ (ਇਮੀਗਰੇਸ਼ਨ) ਦੇ ਐੱਮ.ਡੀ. ਗੌਰਵ ਮੌਦਗਿੱਲ ਦਾ ਕਹਿਣਾ ਹੈ ਕਿ ਜਿਹੜੇ ਪੰਜਾਬੀ ਇੱਕ ਵਾਰ ਵਿਦੇਸ਼ ਚਲੇ ਜਾਂਦੇ ਹਨ, ਉਨ੍ਹਾਂ ਦੀ ਵਾਪਸੀ ਦੇ ਆਸਾਰ ਬਹੁਤ ਘੱਟ ਹੁੰਦੇ ਹਨ।
ਬਿਊਰੋ ਆਫ਼ ਇਮੀਗਰੇਸ਼ਨ ਦੇ ਤੱਥ ਹਨ ਕਿ ਪਹਿਲੀ ਜਨਵਰੀ 2016 ਤੋਂ ਮਾਰਚ 2021 ਤੱਕ ਪੰਜਾਬ ‘ਚੋਂ 2.62 ਲੱਖ ਪੰਜਾਬੀ ਸਟੱਡੀ ਵੀਜ਼ਾ ‘ਤੇ ਅਤੇ 4.78 ਲੱਖ ਵਿਅਕਤੀ ਰੁਜ਼ਗਾਰ ਵੀਜ਼ਾ ‘ਤੇ ਵਿਦੇਸ਼ ਗਏ ਹਨ, ਜੋ ਔਸਤਨ 7750 ਵਿਅਕਤੀ ਪ੍ਰਤੀ ਮਹੀਨਾ ਬਣਦੇ ਹਨ।

Leave a comment