ਸੈਕਰਾਮੈਂਟੋ,ਕੈਲੀਫੋਰਨੀਆ, 17 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਭਾਰਤੀ ਮੂਲ ਦਾ ਡਾਕਟਰ ਧਰਮੇਸ਼ ਪਟੇਲ ਜਿਸ ਉਪਰ ਆਪਣੀ ਪਤਨੀ ਤੇ 2 ਛੋਟੇ ਬੱਚਿਆਂ ਸਮੇਤ ਕਾਰ ਨੂੰ ਜਾਣਬੁਝਕੇ 250 ਫੁੱਟ ਡੂੰਘੀ ਖੱਡ ਵਿਚ ਸੁੱਟਣ ਦੇ ਦੋਸ਼ ਲਾਏ ਗਏ ਹਨ, ਨੂੰ ਇਕ ਯੂ ਐਸ ਅਦਾਲਤ ਵੱਲੋਂ ਮੈਡੀਕਲ ਪ੍ਰੈਕਟਿਸ ਕਰਨ ਤੋਂ ਰੋਕ ਦੇਣ ਦੀ ਖਬਰ ਹੈ। ਮੈਡੀਕਲ ਬੋਰਡ ਆਫ ਕੈਲੀਫੋਰਨੀਆ ਨੇ ਅਦਾਲਤ ਵਿਚ ਪੇਸ਼ ਕੀਤੇ ਇਕ ਮਤੇ ਵਿਚ ਮੰਗ ਕੀਤੀ ਸੀ ਕਿ ਵਿਸ਼ੇਸ਼ ਤੌਰ ‘ਤੇ ਜੇਕਰ ਪਟੇਲ ਨੂੰ ਜ਼ਮਾਨਤ ਮਿਲ ਜਾਂਦੀ ਹੈ ਤਾਂ ਜਦੋਂ ਤੱਕ ਉਸ ਵਿਰੁੱਧ ਅਪਰਾਧਕ ਮਾਮਲੇ ਦੀ ਸੁਣਵਾਈ ਪੂਰੀ ਨਹੀਂ ਹੁੰਦੀ ਉਸ ਨੂੰ ਮੈਡੀਕਲ ਪ੍ਰੈਕਟਿਸ ਕਰਨ ਤੋਂ ਰੋਕਿਆ ਜਾਵੇ। ਸੈਨ ਮੈਟੀਓ ਕਾਊਂਟੀ ਸੁਪੀਰੀਅਰ ਕੋਰਟ ਜੱਜ ਰਚੇਲ ਹੋਲਟ ਨੇ ਬੋਰਡ ਦੀ ਇਸ ਮੰਗ ਨੂੰ ਪ੍ਰਵਾਨ ਕਰ ਲਿਆ ਹੈ। ਬੋਰਡ ਨੇ ਦਲੀਲ ਦਿੱਤੀ ਹੈ ਕਿ ਪਟੇਲ ਜੋ ਇਕ ਡਾਕਟਰ ਹੈ, ਆਮ ਜਨਤਾ ਲਈ ਖਤਰਾ ਹੈ। 41 ਸਾਲਾ ਧਰਮੇਸ਼ ਪਟੇਲ ਪ੍ਰਾਵੀਡੈਂਸ ਹੋਲੀ ਕਰਾਸ ਮੈਡੀਕਲ ਸੈਂਟਰ ਲਾਸ ਏਂਜਲਸ ਵਿਚ ਰੇਡੀਆਲੋਜਿਸਟ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ ਤੇ ਇਸ ਸਮੇ ਜੇਲ ਵਿਚ ਹੈ। ਇਸ ਸਾਲ ਫਰਵਰੀ ਵਿਚ ਉਸ ਵਿਰੁੱਧ ਹੱਤਿਆਵਾਂ ਕਰਨ ਦੀ ਕੋਸ਼ਿਸ ਕਰਨ ਲਈ ਪਹਿਲਾ ਦਰਜਾ ਹੱਤਿਆ ਤੇ ਬੱਚਿਆਂ ਦੀ ਜਿੰਦਗੀ ਨਾਲ ਖਿਲਵਾੜ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਪਟੇਲ ਜੋ ਪਾਸਾਡੇਨਾ, ਕੈਲੀਫੋਰਨੀਆ ਦਾ ਵਾਸੀ ਹੈ, ਇਸ ਸਮੇ ਸੈਨ ਮੈਟੀਓ ਕਾਊਂਟੀ ਜੇਲ ਵਿਚ ਬੰਦ ਹੈ। ਪਟੇਲ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਹੈ ਤੇ ਕਿਹਾ ਹੈ ਕਿ ਕਾਰ ਦੇ ਟਾਇਰਾਂ ਦੀ ਖਰਾਬੀ ਕਾਰਨ ਇਹ ਹਾਦਸਾ ਵਾਪਰਿਆ ਸੀ। ਜਦ ਕਿ ਉਸ ਦੀ ਪਤਨੀ ਨੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਇਹ ਮਹਿਜ ਇਕ ਹਾਦਸਾ ਨਹੀਂ ਹੈ ਬਲਕਿ ਜਾਣਬੁਝ ਕੇ ਕਾਰ ਨੂੰ ਖੱਡ ਵਿਚ ਸੁੱਟਿਆ ਗਿਆ ਹੈ।