ਵਾਸ਼ਿੰਗਟਨ,8 ਅਕਤੂਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਇਜ਼ਰਾਇਲ ਨੂੰ ਆਪਣੀ ਤੇ ਆਪਣੇ ਲੋਕਾਂ ਦੀ ਰੱਖਿਆ ਕਰਨ ਦਾ ਅਧਿਕਾਰ ਹੈ। ਬਾਇਡਨ ਨੇ ਹਮਾਸ ਦੇ ‘ਦਹਿਸ਼ਤੀ ਹਮਲਿਆਂ’ ਦੇ ਜਵਾਬ ਵਿੱਚ ਇਜ਼ਰਾਇਲ ਨੂੰ ‘ਠੋਸ ਤੇ ਅਟੁੱਟ’ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਬਾਇਡਨ ਨੇ ਸ਼ਨਿੱਚਰਵਾਰ ਸ਼ਾਮ ਨੂੰ ਵ੍ਹਾਈਟ ਹਾਊਸ ਵਿੱਚ ਕਿਹਾ, ‘‘ਦਹਿਸ਼ਤੀ ਹਮਲਿਆਂ ਦੇ ਮੱਦੇਨਜ਼ਰ ਇਜ਼ਰਾਇਲ ਨੂੰ ਆਪਣੀ ਤੇ ਆਪਣੇ ਲੋਕਾਂ ਦੀ ਰੱਖਿਆ ਕਰਨ ਦਾ ਪੂਰਾ ਹੱਕ ਹੈ। ਇਹ ਇਜ਼ਰਾਇਲ ਦੇ ਕਿਸੇ ਵੀ ਦੁਸ਼ਮਣ ਲਈ ਇਨ੍ਹਾਂ ਹਮਲਿਆਂ ਦਾ ਲਾਹਾ ਲੈਣ ਦਾ ਸਮਾਂ ਨਹੀਂ ਹੈ। ਕੁਲ ਆਲਮ ਦੇਖ ਰਿਹਾ ਹੈ।’’ ਅਮਰੀਕੀ ਸਦਰ ਨੇ ਕਿਹਾ ਕਿ ਉਹ ਜੌਰਡਨ ਦੇ ਸ਼ਾਹ ਦੇ ਸੰਪਰਕ ਵਿੱਚ ਹਨ ਤੇ ਕਾਂਗਰਸ (ਅਮਰੀਕੀ ਸੰਸਦ) ਦੇ ਕਈ ਮੈਂਬਰਾਂ ਨਾਲ ਵੀ ਉਨ੍ਹਾਂ ਗੱਲਬਾਤ ਕੀਤੀ ਹੈ। ਬਾਇਡਨ ਨੇ ਆਪਣੇ ਕੌਮੀ ਸੁਰੱਖਿਆ ਸਲਾਹਕਾਰ ਟੀਮ ਨੂੰ ਇਜ਼ਰਾਇਲੀ ਹਮਰੁਤਬਾਵਾਂ ਨਾਲ ਗੱਲਬਾਤ ਕਰਨ ਦੇ ਵੀ ਹੁਕਮ ਦਿੱਤੇ ਹਨ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਜ਼ਰਾਇਲ ਕੋਲ ਸਾਰੇ ਜ਼ਰੂਰੀ ਸਾਧਨ ਉਪਲਬਧ ਹੋਣ।