#INDIA

‘ਆਗਾਮੀ ਲੋਕ ਸਭਾ ਚੋਣਾਂ ‘ਚ ਯੂ.ਪੀ.ਏ.-3 ਦੀਆਂ ਸੰਭਾਵਨਾਵਾਂ ਮਜ਼ਬੂਤ’

ਰਾਜ ਸਭਾ ਮੈਂਬਰ ਵੱਲੋਂ ਵਿਰੋਧੀ ਪਾਰਟੀਆਂ ਨੂੰ ਭਾਰਤ ਲਈ ਨਵੀਂ ਸੋਚ ਦੀ ਗੱਲ ਕਰਨ ਦਾ ਸੱਦਾ
ਨਵੀਂ ਦਿੱਲੀ, 19 ਜੂਨ (ਪੰਜਾਬ ਮੇਲ)- ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਕਿਹਾ ਕਿ 2024 ‘ਚ ਯੂ.ਪੀ.ਏ.-3 ਸਰਕਾਰ ਦੇ ਸੱਤਾ ‘ਚ ਆਉਣ ਦੀਆਂ ਸੰਭਾਵਨਾਵਾਂ ਬਹੁਤ ਹਨ, ਬਸ਼ਰਤੇ ਵਿਰੋਧੀ ਪਾਰਟੀਆਂ ਕੋਲ ਇੱਕੋ ਜਿਹਾ ਮਕਸਦ ਹੋਵੇ ਅਤੇ ਉਹ ਲੋਕ ਸਭਾ ਚੋਣਾਂ ‘ਚ ਭਾਜਪਾ ਦਾ ਮੁਕਾਬਲਾ ਕਰਨ ਲਈ ਉਮੀਦਵਾਰ ਉਤਾਰਨ ਸਮੇਂ ‘ਕੁਝ ਦੇਣ ਤੇ ਕੁਝ ਲੈਣ’ ਲਈ ਤਿਆਰ ਰਹਿਣ।
ਵਿਰੋਧੀ ਧਿਰ ਦੇ ਅਹਿਮ ਆਗੂ ਸਿੱਬਲ ਨੇ ਕਿਹਾ ਕਿ ਸਾਂਝਾ ਘੱਟੋ-ਘੱਟ ਪ੍ਰੋਗਰਾਮ ਦੀ ਥਾਂ ਵਿਰੋਧੀ ਪਾਰਟੀਆਂ ਨੂੰ ਭਾਰਤ ਲਈ ਨਵੀਂ ਸੋਚ ਦੀ ਗੱਲ ਕਰਨੀ ਚਾਹੀਦੀ ਹੈ। ਸਿੱਬਲ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ 23 ਜੂਨ ਨੂੰ ਪਟਨਾ ‘ਚ ਵਿਰੋਧੀ ਪਾਰਟੀਆਂ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ, ਜਿਸ ਦੀ ਮੇਜ਼ਬਾਨੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਕਰਨਗੇ। ਇਸ ਮੀਟਿੰਗ ‘ਚ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਟੀ.ਐੱਮ.ਸੀ. ਮੁਖੀ ਮਮਤਾ ਬੈਨਰਜੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਕਈ ਨੇਤਾ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਵਿਰੋਧੀ ਗੱਠਜੋੜ ਬਣਾਉਣ ਬਾਰੇ ਵਿਚਾਰ ਚਰਚਾ ਕਰਨਗੇ।
ਸਿੱਬਲ ਨੇ ਕਿਹਾ ਕਿ ਕਰਨਾਟਕ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਜਿੱਤ ਇਸ ਗੱਲ ਦੀ ਮਿਸਾਲ ਹੈ ਕਿ ਭਾਜਪਾ ਨੂੰ ਹਰਾਇਆ ਜਾ ਸਕਦਾ ਹੈ ਪਰ ਉਨ੍ਹਾਂ ਨਾਲ ਹੀ ਕਿਹਾ ਕਿ ਲੋਕ ਸਭਾ ਚੋਣਾਂ ਵੱਖਰੇ ਆਧਾਰ ‘ਤੇ ਲੜੀਆਂ ਜਾਂਦੀਆਂ ਹਨ। ਸਾਬਕਾ ਕੇਂਦਰੀ ਮੰਤਰੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ 2024 ਦੀਆਂ ਚੋਣਾਂ ਦੀ ਲੜਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਹੀਂ, ਬਲਕਿ ਉਸ ਵਿਚਾਰਧਾਰਾ ਖ਼ਿਲਾਫ਼ ਹੈ, ਜਿਸ ਨੂੰ ਉਹ ਬਣਾਈ ਰੱਖਣਾ ਚਾਹੁੰਦੇ ਹਨ। ਸਿੱਬਲ ਨੇ ਕਿਹਾ ਕਿ 2024 ‘ਚ ਯੂ.ਪੀ.ਏ.-3 ਕਾਮਯਾਬ ਹੋ ਸਕਦਾ ਹੈ, ਬਸ਼ਰਤੇ ਵਿਰੋਧੀ ਪਾਰਟੀਆਂ ਕੋਲ ਇੱਕੋ ਜਿਹਾ ਮਕਸਦ ਹੋਵੇ, ਇਸ ਨੂੰ ਪੇਸ਼ ਕਰਨ ਵਾਲਾ ਏਜੰਡਾ ਹੋਵੇ ਅਤੇ ਇਸ ਸੋਚ ਨਾਲ ਅੱਗੇ ਵਧੇ ਕਿ ਬਹੁਤ ਕੁਝ ਦੇਣ ਤੇ ਹਾਸਲ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ, ‘ਉਨ੍ਹਾਂ ਰਾਜਾਂ ਤੇ ਚੋਣ ਖੇਤਰਾਂ ‘ਚ ਟਿਕਟ ਵੰਡ ਸਮੇਂ ਲੈਣ-ਦੇਣ ਦੀ ਲੋੜ ਹੈ, ਜਿੱਥੇ ਦੋ ਜਾਂ ਵੱਧ ਸਿਆਸੀ ਪਾਰਟੀਆਂ ਦੇ ਉਮੀਦਵਾਰ ਇੱਕ ਹੀ ਸੀਟ ਲਈ ਮੁਕਾਬਲਾ ਕਰ ਰਹੇ ਹੋਣ। ਮੈਨੂੰ ਲੱਗਦਾ ਹੈ ਕਿ ਇਨ੍ਹਾਂ ਤਿੰਨ ਚੀਜ਼ਾਂ ‘ਤੇ ਸਹਿਮਤੀ ਬਣ ਜਾਣ ‘ਤੇ ਯੂ.ਪੀ.ਏ.-3 ਦੇ ਜਿੱਤਣ ਦੀਆਂ ਕਾਫੀ ਸੰਭਾਵਨਾਵਾਂ ਹਨ।

Leave a comment