#INDIA

ਅੱਜ ਚੰਦਰਮਾ ਦੇ ਪੰਧ ’ਚ ਦਾਖ਼ਲ ਹੋਵੇਗਾ ਚੰਦਰਯਾਨ-3, ਚੰਦਰਮਾ ਵੱਲ ਵਧ ਰਹੇ ਯਾਨ ਨੇ ਪੂਰਾ ਕੀਤਾ ਦੋ-ਤਿਹਾਈ ਸਫ਼ਰ

ਬੈਂਗਲੁਰੂ, 5 ਅਗਸਤ (ਪੰਜਾਬ ਮੇਲ)-ਭਾਰਤ ਦਾ ਚੰਦਰਯਾਨ-3 ਆਪਣੇ ਸਫ਼ਰ ’ਤੇ ਕਾਮਯਾਬੀ ਨਾਲ ਅੱਗੇ ਵੱਧ ਰਿਹਾ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਯਾਨ ਨੇ ਦੋ-ਤਿਹਾਈ ਸਫ਼ਰ ਪੂਰਾ ਕਰ ਲਿਆ ਹੈ। 14 ਜੁਲਾਈ ਨੂੰ ਰਵਾਨਾ ਹੋਇਆ ਯਾਨ ਸ਼ਨਿਚਰਵਾਰ ਨੂੰ ਚੰਦਰਮਾ ਦੇ ਪੰਧ ’ਚ ਦਾਖ਼ਲ ਹੋਵੇਗਾ। ਲਾਂਚਿੰਗ ਤੋਂ ਬਾਅਦ ਪੰਜ ਵਾਰ ਯਾਨ ਦੇ ਪੰਧ ’ਚ ਤਬਦੀਲੀ ਕੀਤੀ ਗਈ ਹੈ। ਪਹਿਲੀ ਅਗਸਤ ਨੂੰ ਸਲਿੰਗਸ਼ਾਟ ਤੋਂ ਬਾਅਦ ਧਰਤੀ ਦਾ ਪੰਧ ਛੱਡ ਕੇ ਯਾਨ ਚੰਦਰਮਾ ਵੱਲ ਰਵਾਨਾ ਹੋਇਆ ਸੀ।ਨੇ ਦੱਸਿਆ ਕਿ ਪੰਜ ਅਗਸਤ ਨੂੰ ਸ਼ਾਮ ਸੱਤ ਵਜੇ ਯਾਨ ਨੂੰ ਚੰਦਰਮਾ ਦੇ ਪੰਧ ’ਚ ਦਾਖ਼ਲ ਕਰਵਾਇਆ ਗਿਆ ਹੈ। ਯਾਨ ਨੂੰ ਉਦੋਂ ਦਾਖ਼ਲ ਕਰਵਾਇਆ ਗਿਆ ਜਦੋਂ ਉਸ ਦਾ ਪੰਧ ਚੰਦਰਮਾ ਦੇ ਸਭ ਤੋਂ ਨੇੜਲੇ ਬਿੰਦੂ ’ਤੇ ਹੋਵੇਗਾ। ਇਸ ਪ੍ਰਕਿਰਿਆ ਨੂੰ ਲੂਨਰ ਆਰਬਿਟ ਇੰਜੈਕਸ਼ਨ (ਐੱਲਓਆਈ) ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਅਗਲੇ ਕੁਝ ਦਿਨ ਯਾਨ ਚੰਦਰਮਾ ਦੇ ਪੰਧ ’ਚ ਪਰਿਕਰਮਾ ਕਰੇਗਾ। ਕ੍ਰਮਵਾਰ ਤੌਰ ’ਤੇ ਤਬਦੀਲੀ ਕਰਦਿਆਂ ਯਾਨ ਨੂੰ ਚੰਦਰਮਾ ਦੇ ਨੇੜਲੇ ਪੰਧ ’ਚ ਪਹੁੰਚਾਇਆ ਜਾਵੇਗਾ। ਇਸ ਤੋਂ ਪਹਿਲਾਂ ਇਸਰੋ ਨੇ ਦੱਸਿਆ ਸੀ ਕਿ ਯਾਨ ਪੂਰੀ ਤਰ੍ਹਾਂ ਤੈਅ ਪ੍ਰੋਗਰਾਮ ਮੁਤਾਬਕ ਅੱਗੇ ਵਧ ਰਿਹਾ ਹੈ। 23 ਅਗਸਤ ਨੂੰ ਯਾਨ ਦੇ ਲੈਂਡਰ-ਰੋਵਰ ਨੂੰ ਚੰਦਰਮਾ ਦੀ ਸਤ੍ਹਾ ’ਤੇ ਉਤਾਰਿਆ ਜਾਵੇਗਾ।
ਚੌਥਾ ਦੇਸ਼ ਹੋਵੇਗਾ ਭਾਰਤ
ਹੁਣ ਤੱਕ ਅਮਰੀਕਾ, ਰੂਸ ਤੇ ਚੀਨ ਨੇ ਹੀ ਚੰਦਰਮਾ ਦੀ ਸਤ੍ਹਾ ’ਤੇ ਆਪਣੇ ਲੈਂਡਰ ਉਤਾਰੇ ਹਨ। ਭਾਰਤ ਨੇ 2019 ’ਚ ਚੰਦਰਯਾਨ-2 ਮਿਸ਼ਨ ਤਹਿਤ ਲੈਂਡਰ ਉਤਾਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਆਖ਼ਰੀ ਪਲਾਂ ’ਚ ਲੈਂਡਰ ਨਾਲ ਸੰਪਰਕ ਟੁੱਟ ਗਿਆ ਸੀ ਤੇ ਉਸ ਦੀ ਕ੍ਰੈਸ਼ ਲੈਂਡਿੰਗ ਹੋ ਗਈ ਸੀ। ਇਸ ਵਾਰ ਲੈਂਡਿੰਗ ਕਾਮਯਾਬ ਰਹਿਣ ਤੋਂ ਬਾਅਦ ਭਾਰਤ ਅਜਿਹਾ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ। ਲਾਂਚ ਵ੍ਹੀਕਲ ਯਾਨੀ ਰਾਕੇਟ ਦੀ ਲਾਗਤ ਹਟਾ ਦਿੱਤੀ ਜਾਵੇ ਤਾਂ ਚੰਦਰਯਾਨ-3 ਦੀ ਕੁੱਲ ਲਾਗਤ 250 ਕਰੋੜ ਰੁਪਏ ਹੈ। ਹੋਰਨਾਂ ਦੇਸ਼ਾਂ ਦੀ ਔਸਤ ਲਾਗਤ ਇਸ ਤੋਂ ਕਈ ਗੁਣਾ ਜ਼ਿਆਦਾ ਰਹੀ ਹੈ।

Leave a comment