9.1 C
Sacramento
Friday, March 24, 2023
spot_img

ਅੰਮ੍ਰਿਤਸਰ ਹਵਾਈ ਅੱਡੇ ‘ਤੇ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ‘ਚ 111 ਫ਼ੀਸਦੀ ਦਾ ਵਾਧਾ

ਅੰਮ੍ਰਿਤਸਰ, 11 ਫਰਵਰੀ (ਪੰਜਾਬ ਮੇਲ)- ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਮਹਾਮਾਰੀ ਤੋਂ ਬਾਅਦ ਸਾਲ 2022 ਵਿਚ ਆਪਣੇ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਦਾ ਵਿਸਥਾਰ ਕਰਨ ਵਿਚ ਕਾਮਯਾਬ ਰਿਹਾ ਹੈ ਅਤੇ ਇੱਥੋਂ ਯਾਤਰੀਆਂ ਦੀ ਆਵਾਜਾਈ ਵਿਚ ਲਗਾਤਾਰ ਵਾਧਾ ਹੋਇਆ ਹੈ। ਇਸ ਸੰਬੰਧੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਇਕ ਪ੍ਰੈੱਸ ਬਿਆਨ ਵਿਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਲ 2022 ਦੌਰਾਨ ਯਾਤਰੀਆਂ ਦੀ ਕੁੱਲ ਗਿਣਤੀ ਕੋਵਿਡ ਮਹਾਮਾਰੀ ਤੋਂ ਪਹਿਲਾਂ ਵਾਲੇ ਸਾਲ 2019 ਦੀ 95 ਫ਼ੀਸਦੀ ਗਿਣਤੀ ਤੱਕ ਪਹੁੰਚ ਗਈ ਹੈ।
ਉਨ੍ਹਾਂ ਅਨੁਸਾਰ ਹਵਾਈ ਅੱਡੇ ਅਥਾਰਟੀ ਆਫ ਇੰਡੀਆ ਤੋਂ ਉਪਲਬਧ ਅੰਕੜਿਆਂ ਦੇ ਵਿਸ਼ਲੇਸ਼ਣ ਦੱਸਦੇ ਹਨ ਕਿ ਹਵਾਈ ਅੱਡੇ ਨੇ ਸਾਲ 2022 ਵਿਚ ਕੁੱਲ 22.4 ਲੱਖ ਯਾਤਰੀਆਂ ਦਾ ਸੁਆਗਤ ਕੀਤਾ, ਜਦੋਂਕਿ 2019 ਵਿਚ ਸਭ ਤੋਂ ਵੱਧ 25.63 ਲੱਖ ਯਾਤਰੀਆਂ ਦੀ ਗਿਣਤੀ ਦਰਜ ਕੀਤੀ ਗਈ ਸੀ। ਸਾਲ 2022 ਦੀ ਗਿਣਤੀ ਸਾਲ 2021 ਦੀ 13.2 ਲੱਖ ਦੇ ਮੁਕਾਬਲੇ 69.39 ਫੀਸਦੀ ਵੱਧ ਹੈ। ਗੁਮਟਾਲਾ ਨੇ ਕਿਹਾ ਕਿ ਅੰਕੜਿਆਂ ਅਨੁਸਾਰ ਹਵਾਈ ਅੱਡੇ ਤੋਂ ਸਾਲ 2022 ਵਿਚ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਤਕਰੀਬਨ 6.5 ਲੱਖ ਦਰਜ ਕੀਤੀ ਗਈ, ਜੋ ਕਿ ਸਾਲ 2021 ਦੀ 3 ਲੱਖ 7 ਹਜ਼ਾਰ ਦੀ ਗਿਣਤੀ ਤੋਂ ਦੁੱਗਣੀ ਨਾਲੋਂ ਵੀ ਵੱਧ ਹੈ। ਇਸ ਨਾਲ ਇੱਥੋਂ 111.4 ਫ਼ੀਸਦੀ ਦਾ ਵਾਧਾ ਹੋਇਆ ਹੈ। ਇਹੀ ਨਹੀਂ ਅੰਤਰਰਾਸ਼ਟਰੀ ਹਵਾਈ ਜਹਾਜ਼ਾਂ ਦੀ ਆਵਾਜਾਈ ਵਿਚ ਵੀ 68.5 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਸਾਲ 2022 ਵਿਚ ਘਰੇਲੂ ਯਾਤਰੀਆਂ ਦੀ ਗਿਣਤੀ ਵੀ 56.2 ਫ਼ੀਸਦੀ ਵਧ ਕੇ 15.8 ਲੱਖ ਹੋ ਗਈ ਹੈ ਅਤੇ ਘਰੇਲੂ ਉਡਾਣਾਂ ਦੇ ਜਹਾਜ਼ਾਂ ਦੀ ਆਵਾਜਾਈ ਵਿਚ ਵੀ 37.1 ਫ਼ੀਸਦੀ ਵਾਧਾ ਹੋਇਆ ਹੈ। ਦਸੰਬਰ 2022 ਦੇ ਮਹੀਨੇ ਲਈ ਜਾਰੀ ਕੀਤੇ ਗਏ ਅੰਕੜਿਆਂ ਵਿਚ ਕੁੱਲ 2,40,200 ਯਾਤਰੀਆਂ ਦੀ ਗਿਣਤੀ ਦਰਜ ਕੀਤੀ ਗਈ, ਜੋ ਕਿ ਮਾਰਚ 2020 ਵਿਚ ਮੁਕੰਮਲ ਤਾਲਾਬੰਦੀ ਕਾਰਨ ਪੂਰੇ ਭਾਰਤ ‘ਚ ਉਡਾਣਾਂ ਨੂੰ ਮੁਅੱਤਲ ਕਰਨ ਤੋਂ ਬਾਅਦ ਸਭ ਤੋਂ ਵੱਧ ਹੈ। ਤਾਲਾਬੰਦੀ ਤੋਂ ਪਹਿਲਾਂ, ਦਸੰਬਰ 2019 ਮਹੀਨੇ ਵਿਚ ਸਭ ਤੋਂ ਵੱਧ ਸੰਖਿਆ 2,55,364 ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ਵਿਖੇ ਕੈਟ-3ਬੀ ਇੰਸਟਰੂਮੈਂਟ ਲੈਂਡਿੰਗ ਸਿਸਟਮ ਦੇ ਹੋਣ ਨਾਲ ਦਸੰਬਰ ਦੇ ਮਹੀਨੇ ਸੰਘਣੀ ਧੁੰਦ ਦੇ ਬਾਵਜੂਦ ਬਹੁਤ ਹੀ ਘੱਟ ਉਡਾਣਾ ਰੱਦ ਜਾਂ ਕਿਸੇ ਹੋਰ ਲਾਗਲੇ ਏਅਰਪੋਰਟ ਵੱਲ ਨੂੰ ਮੋੜੀਆਂ ਗਈਆਂ।
ਇਹ ਸਿਸਟਮ ਸੰਘਣੀ ਧੁੰਦ ਵਿਚ ਸਿਰਫ਼ 50 ਮੀਟਰ ਦੀ ਦਿੱਖ ਰਹਿ ਜਾਣ ਤੇ ਵੀ ਜਹਾਜ਼ ਨੂੰ ਉਤਰਨ ਵਿਚ ਸਹਾਈ ਹੁੰਦਾ ਹੈ। ਅੰਮ੍ਰਿਤਸਰ ਤੋਂ ਇਸ ਸਮੇਂ 10 ਤੋਂ ਵੱਧ ਭਾਰਤੀ ਅਤੇ ਵਿਦੇਸ਼ੀ ਏਅਰਲਾਈਨਾਂ ਦੁਆਰਾ 11 ਘਰੇਲੂ ਅਤੇ 10 ਅੰਤਰਰਾਸ਼ਟਰੀ ਮੰਜ਼ਿਲਾਂ ਲਈ ਹਫ਼ਤੇ ਵਿਚ ਤਕਰੀਬਨ 420 ਉਡਾਣਾਂ ਦੀ ਰਵਾਨਗੀ ਅਤੇ ਆਗਮਨ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਸਾਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਹਵਾਈ ਅੱਡਾ ਹੁਣ 2020 ਵਿੱਚ ਮਹਾਮਾਰੀ ਤੋਂ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਅੰਤਰਰਾਸ਼ਟਰੀ ਹਵਾਈ ਅੱਡਿਆਂ ਨਾਲ ਜੁੜ ਗਿਆ ਹੈ, ਜਿਸ ਵਿਚ ਇਟਲੀ ਦੇ ਮਿਲਾਨ ਮਾਲਪੇਨਸਾ, ਮਿਲਾਨ ਬਰਗਾਮੋ ਅਤੇ ਰੋਮ ਦੇ ਹਵਾਈ ਅੱਡੇ ਸ਼ਾਮਲ ਹਨ। ਇਸ ਦੇ ਨਾਲ ਨਾਲ ਇੱਥੋਂ ਦੁਬਈ, ਸ਼ਾਰਜਾਹ, ਦੋਹਾ, ਸਿੰਗਾਪੁਰ, ਕੁਆਲਾਲੰਪੁਰ, ਲੰਡਨ ਹੀਥਰੋ ਅਤੇ ਬਰਮਿੰਘਮ ਲਈ ਸਿੱਧੀਆਂ ਉਡਾਣਾਂ ਹਨ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਹਵਾਈ ਅੱਡੇ ਦੀ ਅੰਤਰਰਾਸ਼ਟਰੀ ਕਨੈਕਟੀਵਿਟੀ ਨੂੰ ਹੋਰ ਵਧਾਉਣ ਲਈ ਵੱਖ-ਵੱਖ ਏਅਰਲਾਈਨਾਂ ਦੇ ਨੁਮਾਇੰਦਿਆਂ ਦੇ ਨਾਲ ਸੰਪਰਕ ਵਿਚ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਆਉਣ ਵਾਲੇ ਮਹੀਨਿਆਂ ਵਿਚ ਹੋਰ ਅੰਤਰਰਾਸ਼ਟਰੀ ਜਾਂ ਭਾਰਤੀ ਏਅਰਲਾਈਨਾਂ ਵਲੋਂ ਇੱਥੋਂ ਉਡਾਣਾਂ ਸ਼ੁਰੂ ਕਰਨ ਜਾਂ ਚੱਲ ਰਹੀਆਂ ਉਡਾਣਾਂ ਦੀ ਗਿਣਤੀ ਨੂੰ ਵਧਾਉਣ ਨਾਲ ਯਾਤਰੀਆਂ ਦੀ ਗਿਣਤੀ ਵਿਚ ਹੋਰ ਵਾਧਾ ਹੋਵੇਗਾ ਅਤੇ ਸਾਲ 2023 ਵਿਚ ਇੱਥੋਂ ਯਾਤਰੀਆਂ ਦੀ ਕੁੱਲ ਗਿਣਤੀ 30 ਲੱਖ ਤੱਕ ਪਹੁੰਚ ਸਕਦੀ ਹੈ। ਸੂਬਾ ਸਰਕਾਰ ਦੇ ਪ੍ਰਤੀ ਨਮੋਸ਼ੀ ਜ਼ਾਹਰ ਕਰਦਿਆਂ ਗੁਮਟਾਲਾ ਨੇ ਕਿਹਾ ਕਿ ਜੇਕਰ ਰਾਜ ਸਰਕਾਰ ਸਾਲ 2022 ‘ਚ ਪੰਜਾਬ ਦੇ ਹੋਰ ਸ਼ਹਿਰਾਂ ਤੋਂ ਅੰਮ੍ਰਿਤਸਰ ਹਵਾਈ ਅੱਡੇ ਤੱਕ ਬੱਸ ਸੇਵਾ ਸ਼ੁਰੂ ਕਰ ਦਿੰਦੀ, ਤਾਂ ਯਾਤਰੀਆਂ ਦੀ ਗਿਣਤੀ ਹੋਰ ਵੀ ਵੱਧ ਹੋ ਸਕਦੀ ਸੀ। ਪੰਜਾਬ ਦੇ ਕਈ ਸ਼ਹਿਰਾਂ ਤੋਂ ਦਿੱਲੀ ਏਅਰਪੋਰਟ ਲਈ ਸਰਕਾਰੀ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਪਿਛਲੀ ਸਰਕਾਰ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਅੰਮ੍ਰਿਤਸਰ ਹਵਾਈ ਅੱਡੇ ਨਾਲ ਵਿਤਕਰਾ ਕਰਦੇ ਹੋਏ, ਇੱਥੋਂ ਬੱਸ ਸੇਵਾ ਦੀ ਇਸ ਮੰਗ ਨੂੰ ਨਜ਼ਰਅੰਦਾਜ਼ ਕਰ ਰਹੀ ਹੈ, ਜਿਸ ਨਾਲ ਯਾਤਰੀਆਂ ਨੂੰ ਹਵਾਈ ਅੱਡੇ ਤੱਕ ਪਹੁੰਚਣ ਲਈ ਸਸਤਾ ਆਵਾਜਾਈ ਦਾ ਸਾਧਨ ਮਿਲੇਗਾ।
ਇਸ ਦੀ ਬਜਾਏ ਪੰਜਾਬ ਸਰਕਾਰ ਸਿਰਫ਼ ਦਿੱਲੀ ਲਈ ਹੀ ਟਰਾਂਸਪੋਰਟ ਦਾ ਇਹ ਸਸਤਾ ਸਾਧਨ ਪ੍ਰਦਾਨ ਕਰ ਕੇ ਯਾਤਰੀਆਂ ਨੂੰ ਦਿੱਲੀ ਤੋਂ ਉਡਾਣ ਭਰਨ ਲਈ ਉਤਸ਼ਾਹਿਤ ਕਰ ਰਹੀ ਹੈ। ਗੁੰਮਟਾਲਾ ਨੇ ਅੱਗੇ ਕਿਹਾ ਕਿ ਅੰਮ੍ਰਿਤਸਰ ਤੋਂ ਕਈ ਹੋਰ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ ਪਰ ਓਮਾਨ, ਕੁਵੈਤ, ਬਹਿਰੀਨ, ਯੂ.ਏ.ਈ., ਜਰਮਨੀ ਸਮੇਤ ਕਈ ਦੇਸ਼ਾਂ ਲਈ ਭਾਰਤ ਨਾਲ ਕੀਤੇ ਦੁਵੱਲੇ ਹਵਾਈ ਸੇਵਾਵਾਂ ਦੇ ਸਮਝੌਤਿਆਂ ਵਿਚ ਅੰਮ੍ਰਿਤਸਰ ਦਾ ਭਾਰਤ ਸਰਕਾਰ ਵਲੋਂ ਨਾ ਸ਼ਾਮਲ ਕਰਨਾ, ਇਸ ਦੀ ਅੰਤਰਰਾਸ਼ਟਰੀ ਆਵਾਜਾਈ ਦੇ ਵਾਧੇ ਵਿਚ ਰੁਕਾਵਟ ਪਾ ਰਿਹਾ ਹੈ।
ਪਿਛਲੇ ਸਾਲ, ਯੂ.ਏ.ਈ. ਦੀ ਅਮੀਰਾਤ ਏਅਰਲਾਈਨ ਨੇ ਮੁੜ ਭਾਰਤ ਨੂੰ ਹਵਾਈ ਸਮਝੌਤਿਆਂ ਵਿਚ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਪੁਆਇੰਟ ਆਫ ਕਾਲ ਵਜੋਂ ਸ਼ਾਮਲ ਕਰਨ ਦੀ ਬੇਨਤੀ ਕੀਤੀ ਸੀ, ਜਿਸ ਨਾਲ ਉਹ ਇੱਥੋਂ ਉਡਾਣਾਂ ਸ਼ੁਰੂ ਕਰ ਸਕਣਗੇ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਈ ਵਾਰ ਅਜਿਹੀ ਕਿਸੇ ਵੀ ਬੇਨਤੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਹ ਚਾਹੁੰਦੇ ਹਨ ਕਿ ਸਿਰਫ ਭਾਰਤ ਦੀਆਂ ਏਅਰਲਾਈਨ ਹੀ ਅੰਮ੍ਰਿਤਸਰ ਸਮੇਤ ਭਾਰਤ ਦੇ ਹੋਰ ਖੇਤਰੀ ਹਵਾਈ ਅੱਡਿਆਂ ਤੋਂ ਉਡਾਣਾਂ ਦਾ ਸੰਚਾਲਨ ਕਰਨ।

Related Articles

Stay Connected

0FansLike
3,747FollowersFollow
20,700SubscribersSubscribe
- Advertisement -spot_img

Latest Articles