-ਬੈਗ ‘ਚੋਂ 9 ਐੱਮ.ਐੱਮ. ਦੀਆਂ 15 ਗੋਲੀਆਂ ਬਰਾਮਦ
ਅੰਮ੍ਰਿਤਸਰ, 14 ਸਤੰਬਰ (ਪੰਜਾਬ ਮੇਲ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਵਿਅਕਤੀ ਅਮਰੀਕਾ ਦਾ ਐੱਨ.ਆਰ.ਆਈ. ਹੈ, ਜੋ ਆਪਣੇ ਪਿੰਡ ਗੁਰਦਾਸਪੁਰ ਆਇਆ ਹੋਇਆ ਸੀ। ਜਦੋਂ ਫਲਾਈਟ ਤੋਂ ਪਹਿਲਾਂ ਉਸ ਦੇ ਸਾਮਾਨ ਦੀ ਜਾਂਚ ਕੀਤੀ ਗਈ, ਤਾਂ ਸੀ.ਆਈ.ਐੱਸ.ਐੱਫ. ਦੇ ਜਵਾਨਾਂ ਨੇ ਮੁਲਜ਼ਮ ਦੇ ਬੈਗ ‘ਚੋਂ 15 ਗੋਲੀਆਂ 9 ਐੱਮ.ਐੱਮ. ਦੀਆਂ ਗੋਲੀਆਂ ਬਰਾਮਦ ਕੀਤੀਆਂ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਏਅਰਪੋਰਟ ਥਾਣੇ ਦੇ ਸੀ.ਆਈ.ਐੱਸ.ਐੱਫ. ਦੇ ਸਬ ਇੰਸਪੈਕਟਰ ਕੇ.ਐੱਸ. ਵਿਕਟਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਅਮਰਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਨਿਊਜਰਸੀ ਵਜੋਂ ਹੋਈ ਹੈ। ਅਮਰਦੀਪ ਸਿੰਘ ਅੰਮ੍ਰਿਤਸਰ ਹਵਾਈ ਅੱਡੇ ਤੋਂ ਅਮਰੀਕਾ ਜਾਣ ਵਾਲੀ ਫਲਾਈਟ ਵਿਚ ਸਵਾਰ ਹੋਣ ਵਾਲਾ ਸੀ। ਸ਼ਿਕਾਇਤ ਅਨੁਸਾਰ ਏ.ਐੱਸ.ਆਈ. ਬਲਜੀਤ ਵੱਲੋਂ ਅਮਰੀਕਾ ਜਾਣ ਵਾਲੀ ਫਲਾਈਟ ਦੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਅਮਰਦੀਪ ਸਿੰਘ ਆ ਗਿਆ, ਜਦੋਂ ਉਸ ਦੇ ਸਾਮਾਨ ਦੀ ਜਾਂਚ ਕੀਤੀ ਗਈ, ਤਾਂ ਉਸ ਵਿਚੋਂ 9 ਐੱਮ.ਐੱਮ. ਦੀਆਂ 15 ਗੋਲੀਆਂ ਬਰਾਮਦ ਹੋਈਆਂ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਅਮਰਦੀਪ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪੁਲਿਸ ਅਮਰਦੀਪ ਸਿੰਘ ਨੂੰ ਰਿਮਾਂਡ ‘ਤੇ ਲਵੇਗੀ। ਉਸ ਤੋਂ ਪੁੱਛਿਆ ਜਾਵੇਗਾ ਕਿ ਉਸ ਨੂੰ ਇਹ 9 ਐੱਮ.ਐੱਮ. ਦੀਆਂ ਗੋਲੀਆਂ ਕਿੱਥੋਂ ਮਿਲੀਆਂ ਤੇ ਇਨ੍ਹਾਂ ਗੋਲੀਆਂ ਨੂੰ ਅਮਰੀਕਾ ਲਿਜਾਣ ਦਾ ਉਸ ਦਾ ਕੀ ਮਕਸਦ ਸੀ। ਫਿਲਹਾਲ ਸੀ.ਆਈ.ਐੱਸ.ਐੱਫ. ਅਧਿਕਾਰੀਆਂ ਦੀ ਸ਼ਿਕਾਇਤ ‘ਤੇ ਏਅਰਪੋਰਟ ਪੁਲਿਸ ਸਟੇਸ਼ਨ ‘ਚ ਐੱਫ.ਆਈ.ਆਰ. 34 ਤਹਿਤ ਆਰਮਜ਼ ਐਕਟ 25/24/59 ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।