#PUNJAB

ਅੰਮ੍ਰਿਤਸਰ ਤੋਂ ਕੋਲਕਾਤਾ ਜਾ ਰਹੇ ਜਹਾਜ਼ ਦਾ 5000 ਫੁੱਟ ਉਚਾਈ ‘ਤੇ ਇੰਜਣ ਹੋਇਆ ਬੰਦ

ਅੰਮ੍ਰਿਤਸਰ, 8 ਫਰਵਰੀ (ਪੰਜਾਬ ਮੇਲ)- ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੰਮ੍ਰਿਤਸਰ-ਕੋਲਕਾਤਾ ਇੰਡੀਗੋ ਦੀ ਉਡਾਣ ਦੇ ਯਾਤਰੀ ਉਸ ਸਮੇਂ ਵਾਲ-ਵਾਲ ਬਚ ਗਏ, ਜਦੋਂ ਉਡਾਣ ਭਰਨ ਤੋਂ ਚਾਰ ਮਿੰਟ ਬਾਅਦ ਹੀ ਜਹਾਜ਼ ਦਾ ਇਕ ਇੰਜਣ ਫੇਲ੍ਹ ਹੋ ਗਿਆ। ਨਤੀਜੇ ਵਜੋਂ ਜਹਾਜ਼ ਨੂੰ ਹਵਾਈ ਅੱਡੇ ‘ਤੇ ਵਾਪਸ ਲੈਂਡ ਕਰਨਾ ਪਿਆ।
ਜਾਣਕਾਰੀ ਅਨੁਸਾਰ ਬੀਤੇ ਸੋਮਵਾਰ ਰਾਤ 10.24 ਵਜੇ ਜਦੋਂ ਇੰਡੀਗੋ ਏਅਰਲਾਈਨਜ਼ ਦਾ ਜਹਾਜ਼ ਜ਼ਮੀਨ ਤੋਂ 5000 ਫੁੱਟ ਦੀ ਉਚਾਈ ‘ਤੇ ਪਹੁੰਚਿਆ, ਤਾਂ ਚਾਲਕ ਦਲ ਨੂੰ ਇਸ ਦਾ ਇਕ ਇੰਜਣ ਬੰਦ ਹੋਣ ਦੇ ਸੰਕੇਤ ਮਿਲੇ। ਇਸ ‘ਤੇ ਤੁਰੰਤ ਏਅਰਪੋਰਟ ਸਮੇਤ ਸਬੰਧਤ ਵਿਭਾਗਾਂ ਨੂੰ ਸੂਚਿਤ ਕੀਤਾ ਗਿਆ। ਚਾਲਕ ਦਲ ਨੇ ਬੜੀ ਮੁਹਾਰਤ ਨਾਲ ਜਹਾਜ਼ ਨੂੰ ਹਵਾਈ ਅੱਡੇ ਵੱਲ ਮੋੜਿਆ ਅਤੇ 16 ਮਿੰਟ ਬਾਅਦ ਜਹਾਜ਼ ਨੂੰ ਵਾਪਸ ਹਵਾਈ ਅੱਡੇ ‘ਤੇ ਉਤਾਰਿਆ। ਇੱਥੇ ਲੈਂਡ ਕਰਨ ਤੋਂ ਬਾਅਦ ਜਹਾਜ਼ ਦੀ ਮੁੜ ਜਾਂਚ ਕੀਤੀ ਗਈ ਅਤੇ ਪਾਰਕਿੰਗ ‘ਚ ਲਿਜਾਇਆ ਗਿਆ।
ਹਵਾਈ ਅੱਡੇ ਦੇ ਡਾਇਰੈਕਟਰ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਹਵਾਈ ਅੱਡੇ ‘ਤੇ ਐਮਰਜੈਂਸੀ ਸੇਵਾ ਦੇ ਕਰਮਚਾਰੀ ਤੁਰੰਤ ਤਾਇਨਾਤ ਕਰ ਦਿੱਤੇ ਗਏ। ਕੋਲਕਾਤਾ ਜਾਣ ਵਾਲੀ ਫਲਾਈਟ ‘ਚ 122 ਯਾਤਰੀ ਅਤੇ 6 ਸਟਾਫ ਮੈਂਬਰ ਸਨ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਇੰਡੀਗੋ ਏਅਰਲਾਈਨਜ਼ ਵੱਲੋਂ ਬਦਲਵੀਂ ਉਡਾਣ ਦਾ ਪ੍ਰਬੰਧ ਕਰ ਕੇ ਯਾਤਰੀਆਂ ਨੂੰ ਕੋਲਕਾਤਾ ਭੇਜਿਆ ਗਿਆ। ਇਸ ਦੌਰਾਨ 3 ਯਾਤਰੀਆਂ ਨੇ ਅਗਲੀ ਫਲਾਈਟ ‘ਚ ਸਵਾਰ ਹੋਣ ਤੋਂ ਇਨਕਾਰ ਕਰ ਦਿੱਤਾ।

Leave a comment