#PUNJAB

ਅੰਮ੍ਰਿਤਸਰ: ਗੁਰੂ ਰਾਮਦਾਸ ਸਰਾਂ ਨੇੜੇ ਧਮਾਕਾ

ਅੰਮ੍ਰਿਤਸਰ, 11 ਮਈ (ਪੰਜਾਬ ਮੇਲ)- ਇਥੇ ਦਰਬਾਰ ਸਾਹਿਬ ਸਮੂਹ ਸਥਿਤ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਨੇੜੇ ਦੇਰ ਰਾਤ ਨੂੰ ਇਕ ਹੋਰ ਧਮਾਕਾ ਹੋਇਆ। ਇਹ ਧਮਾਕਾ ਰਾਤ ਸਾਢੇ 12 ਵਜੇ ਹੋਇਆ, ਜਿਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਧਮਾਕਾ ਰਾਤ ਵੇਲੇ 12.15 ਤੋ ਸਾਢੇ ਬਾਰਾਂ ਵਿਚਾਲੇ ਹੋਇਆ। ਧਮਾਕੇ ਦੀ ਤੇਜ਼ ਅਤੇ ਜ਼ੋਰਦਾਰ ਅਵਾਜ਼ ਸੀ। ਧਮਾਕੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲੀਸ ਪੁੱਜ ਗਈ ਸੀ ਪਰ ਹਨੇਰਾ ਹੋਣ ਕਾਰਨ ਰਾਤ ਵੇਲੇ ਜਾਂਚ ਕਰਨ ਵਿਚ ਮੁਸ਼ਕਲ ਆਈ। ਪੁਲੀਸ ਨੇ ਇਸ ਇਲਾਕੇ ਨੂੰ ਘੇਰ ਲਿਆ ਸੀ। ਪੁਲੀਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਇਥੇ ਦੱਸਣਯੋਗ ਹੈ ਕਿ ਐਤਵਾਰ ਤੋਂ ਲੈ ਕੇ ਹੁਣ ਤੱਕ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਤਿੰਨ ਧਮਾਕੇ ਹੋਏ ਹਨ। ਦੋ ਧਮਾਕੇ ਸਾਰਾਗੜ੍ਹੀ ਸਰਾਂ ਵਿਖੇ ਹੋਏ ਸਨ। ਪਹਿਲਾਂ ਹੋਏ ਇਨ੍ਹਾਂ ਦੋ ਧਮਾਕਿਆਂ ਦੀ ਜਾਂਚ ਪੁਲੀਸ ਤੋਂ ਇਲਾਵਾ ਕੌਮੀ ਸੁਰੱਖਿਆ ਏਜੰਸੀ ਵੱਲੋਂ ਵੀ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਰਾਤ ਹੋਏ ਧਮਾਕੇ ਦੇ ਮਾਮਲੇ ਵਿੱਚ ਪੁਲੀਸ ਨੇ ਇੱਥੇ ਸਰਾਂ ਵਿਚ ਠਹਿਰੇ 3 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਹੈ। ਧਮਾਕਿਆਂ ਦੇ ਕਾਰਨ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ।

ਇਸ ਦੌਰਾਨ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਇਸ ਧਮਾਕੇ ਦੇ ਮਾਮਲੇ ਵਿੱਚ ਪੁਲੀਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਸੂਬੇ ਵਿੱਚ ਅਮਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਲਈ ਵਚਨਬੱਧ ਹੈ।

Leave a comment