13.2 C
Sacramento
Thursday, June 1, 2023
spot_img

ਅੰਮ੍ਰਿਤਪਾਲ ਮਾਮਲਾ; ਹੋ ਸਕਦੀ ਹੈ ਸੀ.ਬੀ.ਆਈ. ਜਾਂਚ

ਚੰਡੀਗੜ੍ਹ, 4 ਅਪ੍ਰੈਲ (ਪੰਜਾਬ ਮੇਲ)- ਖ਼ਾਲਿਸਤਾਨ ਸਮਰਥਕਾਂ ‘ਤੇ ਕੀਤੀ ਜਾ ਰਹੀ ਕਾਰਵਾਈ ਨਾਲ ਜੰਮੂ-ਕਸ਼ਮੀਰ ‘ਚ ਕੱਟੜਪੰਥੀ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਦੇ ਹਥਿਆਰਬੰਦ ਗਾਰਡਾਂ ਨੂੰ ਦਿੱਤੇ ਗਏ ਹਥਿਆਰਾਂ ਦੇ ਲਾਇਸੈਂਸ ਰੱਦ ਕਰਨ ‘ਚ ਹੋਈ ਦੇਰੀ ‘ਤੇ ਸਵਾਲ ਉਠਾਏ ਜਾ ਰਹੇ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਭਗੌੜੇ ਅੰਮ੍ਰਿਤਪਾਲ ਦੇ 2 ਨਿੱਜੀ ਸੁਰੱਖਿਆ ਗਾਰਡਾਂ ਕੋਲ ਆਪਣੇ ਮੌਜੂਦ ਹਥਿਆਰਾਂ ਦੇ ਲਾਇਸੈਂਸ ਗੁਆਂਢੀ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜ਼ਿਲ੍ਹਿਆਂ ਤੋਂ ਜਾਂ ਤਾਂ ਰੀਨਿਊ ਸਨ ਜਾਂ ਨਵੇਂ ਸਿਰੇ ਤੋਂ ਜਾਰੀ ਕੀਤੇ ਗਏ ਸਨ। ਦੋਵੇਂ ਨਿੱਜੀ ਸੁਰੱਖਿਆ ਗਾਰਡ ਫ਼ੌਜ ਤੋਂ ਸੇਵਾਮੁਕਤ ਹੋ ਚੁੱਕੇ ਹਨ। ਵਰਿੰਦਰ ਸਿੰਘ 19ਵੀਂ ਸਿੱਖ ਰੈਜੀਮੈਂਟ ਨਾਲ ਅਤੇ ਤਲਵਿੰਦਰ ਸਿੰਘ 23ਵੀਂ ਆਰਮਡ ਪੰਜਾਬ ਰੈਜੀਮੈਂਟ ਨਾਲ ਜੁੜਿਆ ਸੀ।
ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਖੁਫ਼ੀਆ) ਦੇ 12 ਜਨਵਰੀ ਨੂੰ ਸਬੰਧਿਤ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖਣ ਦੇ ਬਾਵਜੂਦ ਲਾਇਸੈਂਸ ਰੱਦ ਨਹੀਂ ਕੀਤੇ ਗਏ ਸਨ। ਇਹ ਪੱਤਰ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨਾਲ ਜੁੜੇ ਇਕ ਵਿਵਾਦ ਤੋਂ ਲਗਭਗ 6 ਹਫ਼ਤੇ ਪਹਿਲਾਂ ਲਿਖੇ ਗਏ ਸਨ, ਜਿੱਥੇ ਦੋਵਾਂ ਨੇ ਆਪਣੇ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਸੀ। ਅੰਮ੍ਰਿਤਸਰ ਜ਼ਿਲ੍ਹੇ ਵਿਚ ਕੋਟ ਧਰਮਚੰਦ ਕਲਾਂ ਦੇ ਤਲਵਿੰਦਰ ਸਿੰਘ ਅਤੇ ਆਸਾਮ ਦੀ ਜੇਲ੍ਹ ‘ਚ ਬੰਦ ਵਰਿੰਦਰ ਸਿੰਘ ਉਰਫ ਫ਼ੌਜੀ, ਦੋਵਾਂ ਦੇ ਹਥਿਆਰਾਂ ਦੇ ਲਾਇਸੈਂਸ ਕ੍ਰਮਵਾਰ : ਰਾਮਬਨ ਅਤੇ ਕਿਸ਼ਤਵਾੜ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਗ਼ੈਰ-ਕਾਨੂੰਨੀ ਕਰਾਰ ਦਿੱਤੇ ਗਏ। ਇਸ ਸਾਲ 9 ਮਾਰਚ ਨੂੰ ਰੱਦ ਕਰਨ ਸਬੰਧੀ ਨਿਰਦੇਸ਼ ਦੇ ਮੁਤਾਬਕ ਵਰਿੰਦਰ ਸਿੰਘ ਦਾ ਲਾਇਸੈਂਸ 24 ਜੁਲਾਈ 2017 ਤੋਂ ਰੀਨਿਊ ਨਹੀਂ ਹੋਇਆ ਸੀ।
ਜੰਮੂ-ਕਸ਼ਮੀਰ ਤੋਂ ਸਮੇਂ-ਸਮੇਂ ‘ਤੇ ਫਰਜ਼ੀ ਬੰਦੂਕ ਲਾਇਸੈਂਸ ਜਾਰੀ ਕਰਨ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਸੀ.ਬੀ.ਆਈ. ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੀ.ਬੀ.ਆਈ. ਦੇ ਬੁਲਾਰੇ ਆਰ.ਸੀ. ਜੋਸ਼ੀ ਨੇ ਇਕ ਬਿਆਨ ‘ਚ ਕਿਹਾ ਸੀ ਕਿ ਛਾਣਬੀਨ ਅਤੇ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਕੁਝ ਬੰਦੂਕ ਡੀਲਰਾਂ ਦੀ ਭੂਮਿਕਾ ਪਾਈ ਗਈ, ਜਿਨ੍ਹਾਂ ਨੇ ਸਬੰਧਿਤ ਜ਼ਿਲ੍ਹਿਆਂ ਦੇ ਲੋਕ ਸੇਵਕਾਂ ਤਤਕਾਲੀਨ ਡੀ.ਐੱਮ. (ਡਿਸਟ੍ਰਿਕ ਮੈਜਿਸਟ੍ਰੇਟ) ਅਤੇ ਏ.ਡੀ.ਐੱਮ. (ਐਡੀਸ਼ਨਲ ਡਿਸਟ੍ਰਿਕ ਮੈਜਿਸਟ੍ਰੇਟ) ਦੀ ਮਿਲੀਭੁਗਤ ਨਾਲ ਅਯੋਗ ਵਿਅਕਤੀਆਂ ਨੂੰ ਕਥਿਤ ਤੌਰ ‘ਤੇ ਅਜਿਹੇ ਗ਼ੈਰ-ਕਾਨੂੰਨੀ ਹਥਿਆਰਾਂ ਦੇ ਲਾਇਸੈਂਸ ਜਾਰੀ ਕੀਤੇ ਸਨ।
ਐੱਫ.ਆਈ.ਆਰ. ‘ਚ ਦੋਸ਼ ਹੈ ਕਿ ਲੋਕ ਸੇਵਕਾਂ ਨੇ ਹੋਰ ਦੋਸ਼ੀਆਂ ਨਾਲ ਮਿਲੀਭੁਗਤ ਕਰ ਕੇ ਜੰਮੂ-ਕਸ਼ਮੀਰ ਦੇ ਗ਼ੈਰ-ਵਾਸੀਆਂ ਨੂੰ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਹਥਿਆਰ ਲਾਇਸੈਂਸ ਜਾਰੀ ਕੀਤੇ ਅਤੇ ਰਿਸ਼ਵਤ ਲਈ। ਪੰਜਾਬ ਪੁਲਿਸ ਵੱਲੋਂ 18 ਮਾਰਚ ਨੂੰ ਅੰਮ੍ਰਿਤਪਾਲ ਅਤੇ ਉਸਦੇ ‘ਵਾਰਿਸ ਪੰਜਾਬ ਦੇ’ ਸੰਗਠਨ ‘ਤੇ ਕਾਰਵਾਈ ਸ਼ੁਰੂ ਕਰਨ ਤੋਂ ਬਾਅਦ ਕੱਟੜਪੰਥੀ ਪ੍ਰਚਾਰਕ ਫਰਾਰ ਹੈ। ਹਾਲਾਂਕਿ ਉਸਦੇ ਕਈ ਸਹਿਯੋਗੀਆਂ ਨੂੰ ਪੁਲਿਸ ਗ੍ਰਿਫ਼ਤਾਰ ਕਰ ਚੁੱਕੀ ਹੈ। ਅਧਿਕਾਰੀਆਂ ਨੇ ਕਿਹਾ ਕਿ ਹਾਲ ਹੀ ‘ਚ ਹਥਿਆਰਾਂ ਦੇ ਲਾਇਸੈਂਸ ਰੱਦ ਕਰਨ ਤੋਂ ਬਾਅਦ ਸੀ.ਬੀ.ਆਈ. ਪੰਜਾਬ ਪੁਲਿਸ ਵੱਲੋਂ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤੇ ਗਏ ਕੁਝ ਦੋਸ਼ੀਆਂ ਕੋਲੋਂ ਪੁੱਛਗਿੱਛ ਕਰ ਸਕੇਗੀ। ਅੰਮ੍ਰਿਤਪਾਲ ਇਕ ਹਥਿਆਰਬੰਦ ਗਿਰੋਹ ਦੀ ਸਥਾਪਨਾ ਲਈ ਸਾਬਕਾ ਸੈਨਿਕਾਂ ਅਤੇ ਨਸ਼ਾ ਕਰਨ ਵਾਲਿਆਂ ਦੀ ਭਰਤੀ ਕਰ ਰਿਹਾ ਸੀ, ਜਿਸ ਨੂੰ ਆਸਾਨੀ ਨਾਲ ਅੱਤਵਾਦੀ ਸਮੂਹ ‘ਚ ਬਦਲਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਸਾਬਕਾ ਫ਼ੌਜੀ ਨਵੇਂ ਰੰਗਰੂਟਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦੇ ਰਹੇ ਸਨ।      ਪਿਛਲੇ ਸਾਲ ਅਗਸਤ ‘ਚ ਦੁਬਈ ਤੋਂ ਪਰਤਣ ਤੋਂ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਨੇ ਤਲਵਿੰਦਰ ਸਿੰਘ ਅਤੇ ਵਰਿੰਦਰ ਸਿੰਘ ਨੂੰ ਸਹਿਯੋਗੀਆਂ ਦੇ ਰੂਪ ‘ਚ ਚੁਣਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਅੰਮ੍ਰਿਤਪਾਲ ਦੇ 7 ਨਿੱਜੀ ਸੁਰੱਖਿਆ ਅਧਿਕਾਰੀ ਨੌਜਵਾਨ ਸਨ, ਜੋ ਪੁਨਰਵਾਸ ਲਈ ਉਸਦੇ ਨਸ਼ਾ ਮੁਕਤੀ ਕੇਂਦਰ ‘ਚ ਸ਼ਾਮਲ ਹੋਏ ਸਨ ਪਰ ਉਨ੍ਹਾਂ ਨੂੰ ਹਥਿਆਰ ਸੰਭਾਲਣ ਅਤੇ ਮਾਰੇ ਗਏ ਅੱਤਵਾਦੀ ਦਿਲਾਵਰ ਸਿੰਘ ਦੇ ਨਕਸ਼ੇ ਕਦਮ ‘ਤੇ ਚੱਲਣ ਲਈ ਤਿਆਰ ਕੀਤਾ ਗਿਆ ਸੀ। ਦਿਲਾਵਰ ਸਿੰਘ ਨੇ ਆਤਮਘਾਤੀ ਹਮਲੇ ‘ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਜਾਨ ਲੈ ਲਈ ਸੀ। ਅਧਿਕਾਰੀਆਂ ਨੇ ਕਿਹਾ ਕਿ ਸਾਬਕਾ ਸੈਨਿਕਾਂ ‘ਤੇ ਧਿਆਨ ਕੇਂਦਰਿਤ ਕਰਨਾ ਅੰਮ੍ਰਿਤਪਾਲ ਲਈ ਲਾਹੇਵੰਦ ਸੀ ਕਿਉਂਕਿ ਉਨ੍ਹਾਂ ਕੋਲ ਪਹਿਲਾਂ ਤੋਂ ਹੀ ਹਥਿਆਰ ਸਨ, ਜੋ ਉਸਦੇ ਸੰਗਠਨ ਨੂੰ ਕਾਨੂੰਨ ਤੋਂ ਬਚਣ ਵਿਚ ਮਦਦ ਕਰ ਸਕਦੇ ਸਨ ।
ਉਨ੍ਹਾਂ ਕਿਹਾ ਕਿ ਖੁਫ਼ੀਆ ਸੂਚਨਾਵਾਂ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੋਇਆ ਕਿ ਅੰਮ੍ਰਿਤਪਾਲ ਨਸ਼ਾ ਮੁਕਤੀ ਕੇਂਦਰਾਂ ਅਤੇ ਗੁਰਦੁਆਰਿਆਂ ਦਾ ਇਸਤੇਮਾਲ ਹਥਿਆਰਾਂ ਨੂੰ ਇਕੱਠਾ ਕਰਨ ਅਤੇ ਆਤਮਘਾਤੀ ਹਮਲਿਆਂ ਲਈ ਨੌਜਵਾਨਾਂ ਨੂੰ ਤਿਆਰ ਕਰਨ ਲਈ ਕਰ ਰਿਹਾ ਹੈ।

Related Articles

Stay Connected

0FansLike
3,790FollowersFollow
20,800SubscribersSubscribe
- Advertisement -spot_img

Latest Articles