ਵਾਸ਼ਿੰਗਟਨ, 22 ਮਾਰਚ (ਪੰਜਾਬ ਮੇਲ)- ਖਾਲਿਸਤਾਨੀ ਪੱਖੀ ਸਮਰਥਕਾਂ ਦੇ ਇਕ ਗਰੁੱਪ ਨੇ ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ ‘ਚ ਭਾਰਤੀ ਦੂਤਾਵਾਸ ਉਤੇ ਹਮਲਾ ਕਰ ਦਿੱਤਾ ਤੇ ਇਸ ਨੂੰ ਨੁਕਸਾਨ ਪਹੁੰਚਾਇਆ। ਭਾਰਤ ਨੇ ਘਟਨਾ ਦੀ ਨਿਖੇਧੀ ਕਰਦਿਆਂ ਅਮਰੀਕਾ ਨੂੰ ਕਿਹਾ ਹੈ ਕਿ ਉਹ ਅਜਿਹੀਆਂ ਵਾਰਦਾਤਾਂ ਨੂੰ ਮੁੜ ਤੋਂ ਨਾ ਹੋਣ ਦੇਣ ਲਈ ਢੁੱਕਵੇਂ ਕਦਮ ਚੁੱਕਣ।
ਭਾਰਤੀ ਭਾਈਚਾਰੇ ਨਾਲ ਸਬੰਧਤ ਇਕ ਸੰਗਠਨ ‘ਐੱਫ.ਆਈ.ਆਈ.ਡੀ.ਐੱਸ.’ ਨੇ ਕਿਹਾ ਕਿ ਲੰਡਨ ਤੇ ਸਾਨ ਫਰਾਂਸਿਸਕੋ ਵਿਚ ਵਾਪਰੀਆਂ ਘਟਨਾਵਾਂ ਕਾਨੂੰਨ-ਵਿਵਸਥਾ ਦੀ ਪੂਰੀ ਤਰ੍ਹਾਂ ਨਾਕਾਮੀ ਨੂੰ ਦਰਸਾਉਂਦੀਆਂ ਹਨ, ਜਿੱਥੇ ਕੁਝ ਵੱਖਵਾਦੀ ਕੱਟੜਵਾਦੀਆਂ ਨੇ ਭਾਰਤੀ ਕੂਟਨੀਤਿਕ ਮਿਸ਼ਨਾਂ ਉਤੇ ਹਮਲਾ ਕੀਤਾ ਹੈ। ਸੰਗਠਨ ਨੇ ਕਿਹਾ ਕਿ ਯੂ.ਕੇ. ਤੇ ਅਮਰੀਕਾ ਕੂਟਨੀਤਕ ਮਿਸ਼ਨਾਂ ਦੀ ਸੁਰੱਖਿਆ ਲਈ ਵਿਆਨਾ ਸਮਝੌਤੇ ਵਿਚ ਜ਼ਾਹਿਰ ਵਚਨਬੱਧਤਾ ਨੂੰ ਪੂਰੀ ਕਰਨ ਵਿਚ ਨਾਕਾਮ ਹੋਏ ਹਨ। ਵੇਰਵਿਆਂ ਮੁਤਾਬਕ ਸਾਨ ਫਰਾਂਸਿਸਕੋ ਵਿਚ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਕਰਦੇ ਹੋਏ ਮੁਜ਼ਾਹਰਾਕਾਰੀ ਆਰਜ਼ੀ ਸੁਰੱਖਿਆ ਨਾਕੇ ਤੋੜ ਕੇ ਦੂਤਾਵਾਸ ਦੇ ਨੇੜੇ ਪਹੁੰਚ ਗਏ ਤੇ ਕੌਂਸਲੇਟ ਦੇ ਅੰਦਰ ਦੋ ਅਖੌਤੀ ਖਾਲਿਸਤਾਨੀ ਝੰਡੇ ਲਾ ਦਿੱਤੇ। ਕੌਂਸਲੇਟ ਦੇ ਦੋ ਕਰਮੀਆਂ ਨੇ ਮਗਰੋਂ ਜਲਦੀ ਝੰਡੇ ਉਤਾਰ ਦਿੱਤੇ। ਥੋੜ੍ਹੀ ਹੀ ਦੇਰ ਬਾਅਦ ਗੁੱਸੇ ‘ਚ ਆਏ ਮੁਜ਼ਾਹਰਾਕਾਰੀਆਂ ਦਾ ਇਕ ਗਰੁੱਪ ਦੂਤਾਵਾਸ ਦੀ ਇਮਾਰਤ ‘ਤੇ ਪਹੁੰਚ ਗਿਆ ਤੇ ਦਰਵਾਜ਼ੇ-ਖਿੜਕੀਆਂ ਭੰਨ੍ਹਣ ਲੱਗਾ। ਉਨ੍ਹਾਂ ਹੱਥਾਂ ਵਿਚ ਰਾਡਾਂ ਫੜੀਆਂ ਹੋਈਆਂ ਸਨ। ਪੁਲਿਸ ਨੇ ਹਾਲੇ ਤੱਕ ਘਟਨਾ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।