ਵਾਸ਼ਿੰਗਟਨ/ਮਿਸੀਸਾਗਾ, 25 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਬ੍ਰਿਟਿਆਨੀਆ ਰੋਡ ਅਤੇ ਕ੍ਰੈਡਿਟਵਿਉ ਰੋਡ ‘ਤੇ ਸ਼ਥਿਤ ਇਕ ਗੈਸ ਸਟੇਸ਼ਨ ‘ਤੇ ਕੰਮ ਕਰਦੀ 21 ਸਾਲਾਂ ਦੀ ਪੰਜਾਬਣ ਅੰਤਰਰਾਸ਼ਟਰੀ ਵਿਦਿਆਰਥਣ ਪਵਨਪ੍ਰੀਤ ਕੌਰ ਦੇ ਬੀਤੇ ਸਾਲ 3 ਦਸੰਬਰ ਵਾਲੇ ਦਿਨ ਹੋਏ ਕਤਲ ਦੇ ਮਾਮਲੇ ਵਿਚ ਪੀਲ ਕੈਨੇਡਾ ਦੀ ਪੁਲਿਸ ਨੂੰ 30 ਸਾਲਾ ਧਰਮ ਸਿੰਘ ਧਾਲੀਵਾਲ ਪੰਜਾਬੀ ਦੀ ਪਹਿਲੇ ਡਿਗਰੀ ਦੇ ਕਤਲ ਦੇ ਦੋਸ਼ਾਂ ਤਹਿਤ ਤਲਾਸ਼ ਹੈ ਤੇ ਉਸਦੇ ਖਿਲਾਫ ਕੈਨੇਡਾ ਭਰ ‘ਚ ਗ੍ਰਿਫਤਾਰੀ ਵਾਰੰਟ ਕੱਢੇ ਗਏ ਹਨ। ਹੋਮੀਸਾਈਡ ਇੰਵੈਸਟੀਗੇਸ਼ਨ ਬਿਊਰੋ ਵੱਲੋਂ ਪਵਨਪ੍ਰੀਤ ਕੌਰ ਦੇ ਕਤਲ ਦੇ ਮਾਮਲੇ ‘ਚ ਧਰਮ ਧਾਲੀਵਾਲ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਤੇ ਉਸਦੇ ਖਿਲਾਫ ਵਾਰੰਟ ਜਾਰੀ ਹੋਏ ਹਨ। ਇਸ ਮਾਮਲੇ ‘ਚ ਮਦਦ ਕਰਨ ਕਰਕੇ ਉਸਦੇ ਪਰਿਵਾਰਕ ਮੈਂਬਰ 25 ਸਾਲਾ ਪ੍ਰਿਤਪਾਲ ਧਾਲੀਵਾਲ ਅਤੇ 50 ਸਾਲਾ ਔਰਤ ਅਮਰਜੀਤ ਧਾਲੀਵਾਲ ਨੂੰ ਮੌਂਕਟਨ ਨਿਊ ਬਰਨਜ਼ਸਵਿਕ ਤੋਂ 18 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਧਰਮ ਧਾਲੀਵਾਲ ਵੱਲੋਂ ਇਸ ਮਾਮਲੇ ਤੋਂ ਪਹਿਲਾ ਆਪਣੇ ਆਪ ਨੂੰ ਜਾਣਬੁੱਝ ਕੇ ਗੁੰਮਸ਼ੁਦਾ ਬਣਾ ਲਿਆ ਗਿਆ ਸੀ। ਪੀਲ ਪੁਲਿਸ ਵੱਲੋਂ ਧਰਮ ਸਿੰਘ ਧਾਲੀਵਾਲ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਜਾ ਰਿਹਾ ਹੈ।