#AMERICA

ਅਸੀਂ ਦਿਲਜੀਤ ਦੇ ਗੀਤਾਂ ’ਤੇ ਨੱਚਦੇ ਹਾਂ: ਬਲਿੰਕਨ

ਵਾਸ਼ਿੰਗਟਨ ਡੀਸੀ, 25 ਜੂਨ (ਪੰਜਾਬ ਮੇਲ)- ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕ ਭਾਰਤ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਵੱਡੀ ਗਿਣਤੀ ਵਿਚ ਹਨ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਵੀ ਦਿਲਜੀਤ ਦੇ ਵੱਡੇ ਪ੍ਰਸ਼ੰਸਕ ਹਨ। ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਵਿੱਚ ਆਮਦ ਤੋਂ ਬਾਅਦ ਉਨ੍ਹਾਂ ਨੂੰ ਦੁਪਹਿਰ ਦੇ ਭੋਜਨ ’ਤੇ ਸੱਦਿਆ ਜਿੱਥੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਦੱਸਿਆ ਕਿ ਕਿਵੇਂ ਭਾਰਤ ਉਨ੍ਹਾਂ ਦੇ ਰੋਜ਼ਾਨਾ ਜੀਵਨ ਦਾ ਹਿੱਸਾ ਹੈ। ਉਨ੍ਹਾਂ ਦਿਲਜੀਤ ਲਈ ਅਮਰੀਕਾ ਦੇ ਪਿਆਰ ਦਾ ਵੀ ਜ਼ਿਕਰ ਕੀਤਾ। ਅਮਰੀਕਾ ਦੇ ਸਿਖਰਲੇ ਆਗੂ ਨੇ ਕਿਹਾ, ‘ਅਸੀਂ ਝੁੰਪਾ ਲਹਿਰੀ ਦਾ ਨਾਵਲ ਪੜ੍ਹਦੇ ਸਮੇਂ ਸਮੋਸੇ ਵੀ ਖਾਂਦੇ ਹਾਂ ਮਿੰਡੀ ਕਾਲਿੰਗ ਦੀ ਕਾਮੇਡੀ ’ਤੇ ਵੀ ਹੱਸਦੇ ਹਾਂ ਕਿਉਂਕਿ ਭਾਰਤ ਸਾਡੇ ਰੋਜ਼ਾਨਾ ਜੀਵਨ ਦਾ ਇੱਕ ਹਿੱਸਾ ਹੈ। ਅਸੀਂ ਕੋਚੇਲਾ ਵਿੱਚ ਦਿਲਜੀਤ ਦੇ ਗੀਤਾਂ ’ਤੇ ਨੱਚਦੇ ਹਾਂ ਅਤੇ ਪ੍ਰਧਾਨ ਮੰਤਰੀ ਜੀ ਮੈਂ ਨਿੱਜੀ ਤਜਰਬੇ ਤੋਂ ਇਹ ਕਹਿ ਸਕਦਾ ਹਾਂ ਕਿ ਅਸੀਂ ਯੋਗ ਕਰਕੇ ਆਪਣੇ ਆਪ ਨੂੰ ਫਿੱਟ ਅਤੇ ਸਿਹਤਮੰਦ ਵੀ ਰੱਖਦੇ ਹਾਂ। ਸੰਯੁਕਤ ਰਾਜ ਸਾਡੇ ਸੰਪੰਨ ਭਾਰਤੀ ਡਾਇਸਪੋਰਾ ਰਾਹੀਂ ਬੇਅੰਤ ਅਮੀਰ ਹੈ। ਡਾਕਟਰ, ਅਧਿਆਪਕ, ਇੰਜਨੀਅਰ, ਕਾਰੋਬਾਰੀ-ਆਗੂ, ਨੌਕਰਸ਼ਾਹ ਲਗਪਗ ਸਾਰੇ ਜਣੇ ਕੱਲ੍ਹ ਤੁਹਾਨੂੰ ਸ਼ੁਭ ਕਾਮਨਾਵਾਂ ਦੇਣ ਲਈ ਵ੍ਹਾਈਟ ਹਾਊਸ ਦੇ ਲਾਅਨ ਵਿੱਚ ਮੌਜੂਦ ਸਨ।’ ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਦਾ ਪਿਤਾ 14 ਡਾਲਰ ਅਤੇ ਬੱਸ ਦੀ ਟਿਕਟ ਨਾਲ ਅਮਰੀਕਾ ਆਇਆ ਸੀ, ਉਹ ਭਾਰਤ ’ਚ ਅਮਰੀਕਾ ਦਾ ਪਹਿਲਾ ਭਾਰਤੀ-ਅਮਰੀਕੀ ਸਫ਼ੀਰ ਬਣ ਚੁੱਕਾ ਹੈ। ਬਲਿੰਕਨ ਨੇ ਕਿਹਾ ਕਿ ਅੱਜ ਰਿਚਰਡ ਰਾਹੁਲ ਵਰਮਾ ਪ੍ਰਬੰਧਨ ਅਤੇ ਵਸੀਲਿਆਂ ਬਾਰੇ ਉਪ ਵਿਦੇਸ਼ ਮੰਤਰੀ ਵਜੋਂ ਸੇਵਾਵਾਂ ਨਿਭਾ ਰਿਹਾ ਹੈ। ਉਹ ਮੰਤਰਾਲੇ ਦੇ ਇਤਿਹਾਸ ’ਚ ਵੱਡੇ ਰੁਤਬੇ ’ਤੇ ਪਹੁੰਚਣ ਵਾਲਾ ਭਾਰਤੀ-ਅਮਰੀਕੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਤੋਂ ਆਏ ਪਰਵਾਸੀ ਦੇ ਪੁੱਤਰ ਦੇ ਵਿਦੇਸ਼ ਵਿਭਾਗ ’ਚ ਤਰੱਕੀ ਕਰਨ ਜਾਂ ਚਾਹ ਵੇਚਣ ਵਾਲੇ ਦਾ ਪ੍ਰਧਾਨ ਮੰਤਰੀ ਬਣਨ ਦਾ ਮਾਮਲਾ ਹੋਵੇ, ਇਸ ਨੂੰ ਅਮਰੀਕੀ ਜਾਂ ਭਾਰਤੀ ਸੁਫ਼ਨਾ ਆਖਿਆ ਜਾ ਸਕਦਾ ਹੈ।

Leave a comment