-32 ਸਾਲ ਬਾਅਦ ਆਇਆ ਫੈਸਲਾ
ਲਖਨਊ, 6 ਜੂਨ (ਪੰਜਾਬ ਮੇਲ)- ਵਾਰਾਣਸੀ ਦੀ ਇਕ ਅਦਾਲਤ ਨੇ 32 ਸਾਲ ਪਹਿਲਾਂ ਹੋਏ ਕਾਂਗਰਸ ਨੇਤਾ ਅਵਧੇਸ਼ ਰਾਏ ਦੇ ਕਤਲ ਮਾਮਲੇ ‘ਚ ਗੈਂਗਸਟਰ ਅਤੇ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਕ ਵਕੀਲ ਨੇ ਵਾਰਾਣਸੀ ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐੱਮ.ਪੀ-ਐੱਮ.ਐੱਲ.ਏ. ਅਦਾਲਤ ਦੇ ਵਿਸ਼ੇਸ਼ ਜੱਜ ਅਵਨੀਸ਼ ਗੌਤਮ ਨੇ ਮਾਮਲੇ ਵਿਚ ਅੰਸਾਰੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਕੇਸ ਦੀ ਸੁਣਵਾਈ ਮਗਰੋਂ ਅਦਾਲਤ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਪਿਛਲੇ ਇਕ ਸਾਲ ‘ਚ ਮੁਖਤਾਰ ਅੰਸਾਰੀ ਨੂੰ 4 ਮਾਮਲਿਆਂ ਵਿਚ ਸਜ਼ਾ ਸੁਣਾਈ ਜਾ ਚੁੱਕੀ ਹੈ।
ਇਹ ਘਟਨਾ 1991 ਦੀ ਹੈ, ਜਦੋਂ 3 ਅਗਸਤ 1991 ਨੂੰ ਵਾਰਾਣਸੀ ਦੇ ਲਹੁਰਾਬੀਰ ਵਿਚ ਅਵਧੇਸ਼ ਰਾਏ ਦੀ ਉਨ੍ਹਾਂ ਦੇ ਘਰ ਦੇ ਬਾਹਰ ਹੀ ਕਤਲ ਕਰ ਦਿੱਤਾ ਗਿਆ ਸੀ। ਹਥਿਆਰਬੰਦ ਬਦਮਾਸ਼ਾਂ ਨੇ ਅਵਧੇਸ਼ ਰਾਏ ਨੂੰ ਸੰਭਲਣ ਦਾ ਮੌਕਾ ਨਹੀਂ ਦਿੱਤਾ। ਵੈਨ ‘ਚ ਸਵਾਰ ਬਦਮਾਸ਼ਾਂ ਨੇ ਤਾਬੜਤੋੜ ਗੋਲੀਆਂ ਵਰ੍ਹਾ ਕੇ ਅਵਧੇਸ਼ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅਵਧੇਸ਼ ਦੇ ਭਰਾ ਅਤੇ ਕਾਂਗਰਸ ਨੇਤਾ ਅਜੇ ਰਾਏ ਨੇ ਇਸ ਮਾਮਲੇ ‘ਚ ਮੁਖਤਾਰ ਅੰਸਾਰੀ ਸਮੇਤ ਸਾਬਕਾ ਵਿਧਾਇਕ ਅਬਦੁੱਲ ਕਲਾਮ, ਭੀਮ ਸਿੰਘ, ਕਮਲੇਸ਼ ਸਿੰਘ ਅਤੇ ਰਾਕੇਸ਼ ਨੂੰ ਮੁੱਖ ਦੋਸ਼ੀ ਬਣਾਇਆ ਗਿਆ। ਸੋਮਵਾਰ ਨੂੰ ਵਾਰਾਣਸੀ ਦੀ ਅਦਾਲਤ ‘ਚ ਵੀਡੀਓ ਕਾਨਫਰੰਸ ਜ਼ਰੀਏ ਅੰਸਾਰੀ ਦੀ ਪੇਸ਼ੀ ਹੋਈ। ਬਾਕੀ ਚਾਰ ਦੋਸ਼ੀਆਂ ਦਾ ਕੇਸ ਪ੍ਰਯਾਗਰਾਜ ਦੀ ਕੋਰਟ ਵਿਚ ਚੱਲ ਰਿਹਾ ਹੈ।
ਇਸ ਕੇਸ ਦੀ ਦਿਲਚਸਪ ਗੱਲ ਇਹ ਸੀ ਕਿ ਕੇਸ ਦੀ ਸੁਣਵਾਈ ਦੌਰਾਨ ਜੂਨ 2022 ‘ਚ ਪਤਾ ਲੱਗਾ ਕਿ ਮੂਲ ਕੇਸ ਡਾਇਰੀ ਹੀ ਗਾਇਬ ਹੈ। ਇਸ ਤੋਂ ਬਾਅਦ ਵਾਰਾਣਸੀ ਤੋਂ ਪ੍ਰਯਾਗਰਾਜ ਤੱਕ ਕੇਸ ਡਾਇਰੀ ਦੀ ਤਲਾਸ਼ੀ ਹੋਈ ਪਰ ਕੇਸ ਡਾਇਰੀ ਨਹੀਂ ਮਿਲੀ। ਦੱਸਿਆ ਜਾਂਦਾ ਹੈ ਕਿ ਮੂਲ ਕੇਸ ਡਾਇਰੀ ਦੇ ਗਾਇਬ ਕਰਾਉਣ ਦੇ ਮਾਮਲੇ ‘ਚ ਮੁਖਤਾਰ ਅੰਸਾਰੀ ਨੇ ਆਪਣੇ ਪ੍ਰਭਾਵ ਦਾ ਇਸਤੇਮਾਲ ਕੀਤਾ ਸੀ।