#INDIA

ਅਰੁਣਾਚਲ ਦੇ ਖਿਡਾਰੀਆਂ ਨੂੰ ਸਟੈਪਲ ਵੀਜ਼ਾ ਜਾਰੀ ਕਰਨ ‘ਤੇ ਭਾਰਤ ਵੱਲੋਂ ਚੀਨ ਦਾ ਵਿਰੋਧ

ਨਵੀਂ ਦਿੱਲੀ, 28 ਜੁਲਾਈ (ਪੰਜਾਬ ਮੇਲ)- ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੇ ਕੁਝ ਖਿਡਾਰੀਆਂ ਨੂੰ ਸਟੈਪਲ (ਨੱਥੀ) ਵੀਜ਼ਾ ਜਾਰੀ ਕਰਨ ‘ਤੇ ਭਾਰਤ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਇਸ ਕਾਰਵਾਈ ਨੂੰ ਸਵੀਕਾਰ ਨਹੀਂ ਕੀਤਾ ਸਕਦਾ ਅਤੇ ਭਾਰਤ ਅਜਿਹੀ ਕਾਰਵਾਈ ਦਾ ‘ਢੁੱਕਵਾਂ ਜਵਾਬ’ ਦੇਣ ਦਾ ਅਧਿਕਾਰ ਰੱਖਦਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਇਸ ਮਾਮਲੇ ‘ਚ ਪਹਿਲਾਂ ਹੀ ਚੀਨ ਅੱਗੇ ਆਪਣਾ ਸਖ਼ਤ ਵਿਰੋਧ ਜਤਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਧਿਆਨ ‘ਚ ਆਇਆ ਹੈ ਕਿ ਕੁਝ ਭਾਰਤੀ ਖਿਡਾਰੀਆਂ ਨੂੰ ਸਟੈਪਲ ਵੀਜ਼ਾ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ, ”ਚੀਨ ਦੀ ਇਸ ਕਾਰਵਾਈ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਤੇ ਅਸੀਂ ਚੀਨ ਅੱਗੇ ਸਖ਼ਤ ਵਿਰੋਧ ਜਤਾਇਆ ਹੈ ਅਤੇ ਭਾਰਤ ਚੀਨ ਦੀ ਇਸ ਕਾਰਵਾਈ ਲਈ ਜਵਾਬ ਦੇਣ ਦਾ ਅਧਿਕਾਰ ਰੱਖਦਾ ਹੈ।”
ਇਸ ਮਾਮਲੇ ਦੇ ਜਾਣਕਾਰਾਂ ਨੇ ਦੱਸਿਆ ਕਿ ਭਾਰਤੀ ਵੁਸ਼ੂ ਖਿਡਾਰੀਆਂ ਦੀ 12 ਮੈਂਬਰੀ ਟੀਮ ਨੇ ਚੀਨ ਦੇ ਚੇਂਗਦੂ ਸ਼ਹਿਰ ‘ਚ ਵਿਸ਼ਵ ਯੂਨੀਵਰਸਿਟੀ ਖੇਡਾਂ ‘ਚ ਸ਼ਾਮਲ ਹੋਣਾ ਸੀ ਪਰ ਬੁੱਧਵਾਰ ਰਾਤ ਵੇਲੇ ਅਰੁਣਾਚਲ ਪ੍ਰਦੇਸ਼ ਦੇ ਤਿੰਨ ਖਿਡਾਰੀਆਂ ਨੂੰ ਚੀਨ ਵੱਲੋਂ ਸਟੈਪਲ ਵੀਜ਼ਾ ਜਾਰੀ ਕਰ ਦਿੱਤਾ ਗਿਆ, ਜਿਸ ਮਗਰੋਂ ਟੀਮ ਨੇ ਚੀਨ ਦਾ ਦੌਰਾ ਰੱਦ ਕਰ ਦਿੱਤਾ। ਸ਼੍ਰੀ ਬਾਗਚੀ ਨੇ ਕਿਹਾ ਕਿ ਭਾਰਤ ਦੀ ਨੀਤੀ ਸਪੱਸ਼ਟ ਹੈ ਕਿ ਜਾਇਜ਼ ਪਾਸਪੋਰਟ ਰੱਖਣ ਵਾਲੇ ਭਾਰਤੀ ਨਾਗਰਿਕਾਂ ਲਈ ਵੀਜ਼ਾ ਵਿਵਸਥਾ ਵਿਚ ਇਲਾਕਾ ਜਾਂ ਜਾਤੀ ਦੇ ਆਧਾਰ ‘ਤੇ ਭੇਦ-ਭਾਵ ਵਾਲਾ ਵਿਹਾਰ ਨਹੀਂ ਹੋਣਾ ਚਾਹੀਦਾ। ਦੱਸਣਯੋਗ ਹੈ ਕਿ ਜੇਕਰ ਇੰਮੀਗ੍ਰੇਸ਼ਨ ਅਧਿਕਾਰੀ ਪਾਸਪੋਰਟ ‘ਤੇ ਵੀਜ਼ੇ ਦੀ ਮੋਹਰ ਨਾ ਲਗਾ ਕੇ ਵੱਖਰੇ ਕਾਗਜ਼ ‘ਤੇ ਮੋਹਰ ਲਗਾ ਕੇ ਦਿੰਦਾ ਹੈ ਤੇ ਉਸ ਕਾਗਜ਼ ਨੂੰ ਪਾਸਪੋਰਟ ਨਾਲ ਨੱਥੀ ਕਰ ਦਿੰਦਾ ਹੈ, ਤਾਂ ਉਸ ਨੂੰ ਸਟੈਪਲ ਵੀਜ਼ਾ ਕਿਹਾ ਜਾਂਦਾ ਹੈ।

Leave a comment