#PUNJAB

ਅਰਬ ਦੇਸ਼ਾਂ ’ਚ ਫਸੀਆਂ 4 ਲੜਕੀਆਂ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਪਰਤੀਆਂ ਘਰ

ਸ਼ਾਹਕੋਟ, 21 ਅਗਸਤ (ਪੰਜਾਬ ਮੇਲ)- ਅਰਬ ਦੇਸ਼ਾਂ ’ਚ ਪੰਜਾਬ ਦੀਆਂ ਲੜਕੀਆਂ ਦੇ ਹੋ ਰਹੇ ਸ਼ੋਸ਼ਣ ਦਾ ਸਿਲਸਿਲਾ ਰੁਕ ਨਹੀਂ ਰਿਹਾ| ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਅਰਬ ਦੇਸ਼ਾਂ ’ਚ ਫਸੀਆਂ 4 ਲੜਕੀਆਂ ਨੂੰ ਵਾਪਸ ਲਿਆਂਦਾ ਗਿਆ| ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਇਕ ਲੜਕੀ ਮਸਕਟ ’ਚੋਂ ਤੇ 3 ਲੜਕੀਆਂ ਨੂੰ ਇਰਾਕ ’ਚੋਂ ਵਾਪਸ ਲਿਆਂਦਾ ਗਿਆ ਹੈ| ਇਨ੍ਹਾਂ ’ਚ 3 ਲੜਕੀਆਂ ਜ਼ਿਲ੍ਹਾ ਜਲੰਧਰ ਨਾਲ, ਜਦਕਿ ਇਕ ਲੜਕੀ ਜ਼ਿਲ੍ਹਾ ਕਪੂਰਥਲਾ ਨਾਲ ਸਬੰਧਤ ਹੈ|
ਸੰਤ ਸੀਚੇਵਾਲ ਨੇ ਦੱਸਿਆ ਕਿ ਟ੍ਰੈਵਲ ਏਜੰਟ ਤੇ ਪੀੜਤਾਂ ਦੇ ਰਿਸ਼ਤੇਦਾਰ ਹੀ ਉਨ੍ਹਾਂ ਨੂੰ ਫਸਾ ਰਹੇ ਹਨ| ਉਨ੍ਹਾਂ ਕਿਹਾ ਕਿ ਏਜੰਟਾਂ ਵੱਲੋਂ ਗਰੀਬ ਵਰਗ ਦੀਆਂ ਲੜਕੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਵਿਦੇਸ਼ਾਂ ’ਚ ਆਪਣੇ ਕੇਸਾਂ ਦੀ ਪੈਰਵਾਈ ਕਰਨ ਲਈ ਪੈਸੇ ਦੀ ਵੀ ਲੋੜ ਹੁੰਦੀ ਹੈ ਤੇ ਪਹੁੰਚ ਦੀ ਵੀ| ਸੀਚੇਵਾਲ ਨੇ ਇਰਾਕ ਅਤੇ ਮਸਕਟ ’ਚ ਭਾਰਤੀ ਅੰਬੈਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਤੇਜ਼ੀ ਨਾਲ ਇਨ੍ਹਾਂ ਲੜਕੀਆਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਵਾਪਸ ਭੇਜਣ ’ਚ ਵੱਡੀ ਭੁੂਮਿਕਾ ਨਿਭਾਈ ਹੈ, ਜਿਸ ਸਦਕਾ ਇਰਾਕ ’ਚੋਂ ਕਰੀਬ 20 ਦਿਨਾਂ ’ਚ ਤੇ ਮਸਕਟ ਓਮਾਨ ’ਚੋਂ 5 ਦਿਨਾਂ ਅੰੰਦਰ ਲੜਕੀਆਂ ਵਾਪਸ ਆਈਆਂ ਹਨ|
ਤਿੰਨਾਂ ਲੜਕੀਆਂ ਨੇ ਦੱਸਿਆ ਕਿ ਉਹ ਮਈ, ਜੂਨ ਤੇ ਜੁਲਾਈ ਮਹੀਨੇ ’ਚ ਇਰਾਕ ਗਈਆਂ ਸਨ| ਵਾਪਸ ਆਈਆਂ ਲੜਕੀਆਂ ਨੇ ਰੌਂਗਟੇ ਖੜ੍ਹੇ ਕਰਨ ਵਾਲੇ ਆਪਣੇ ਦੁਖੜੇ ਦੱਸਦਿਆਂ ਕਿਹਾ ਕਿ ਇਰਾਕ ਪਹੁੰਚਦੇ ਸਾਰ ਹੀ ਉਨ੍ਹਾਂ ਦੇ ਸਭ ਤੋਂ ਪਹਿਲਾਂ ਪਾਸਪੋਰਟ ਖੋਹ ਲਏ ਗਏ ਸਨ| ਕਈ-ਕਈ ਦਿਨ ਉਨ੍ਹਾਂ ਨੂੰ ਖਾਣਾ ਨਹੀਂ ਦਿੱਤਾ ਜਾਂਦਾ ਸੀ ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਸੀ| ਇਨ੍ਹਾਂ ਲੜਕੀਆਂ ਨੇ ਕਿਹਾ ਕਿ ਉਹ ਆਪਣੀ ਗਰੀਬੀ ਚੁੱਕਣ ਦੇ ਸੁਪਨੇ ਦੇਖ ਕੇ ਗਈਆਂ ਸਨ ਪਰ ਉਥੇ ਪਹੁੰਚਦਿਆਂ ਹੀ ਉਨ੍ਹਾਂ ਦੇ ਸੁਪਨੇ ਚਕਨਾਚੂਰ ਹੋ ਗਏ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਟ੍ਰੈਵਲ ਏਜੰਟਾਂ ਨੇ ਉਨ੍ਹਾਂ ਨੂੰ ਉਧਰ ਵੇਚ ਦਿੱਤਾ ਹੈ| ਲੜਕੀਆਂ ਨੇ ਦੱਸਿਆ ਕਿ ਜਿੱਥੇ ਉਨ੍ਹਾਂ ਦੀ ਕੁੱਟਮਾਰ ਕੀਤੀ ਜਾਂਦੀ ਸੀ, ਉਥੇ ਹੀ ਉਨ੍ਹਾਂ ਨੂੰ ਗਲਤ ਧੰੰਦਿਆਂ ਵੱਲ ਤੋਰਨ ਲਈ ਵੀ ਮਜਬੂਰ ਕੀਤਾ ਜਾਂਦਾ ਸੀ|
ਮਸਕਟ ਤੋਂ ਵਾਪਸ ਆਈ ਲੜਕੀ ਨੇ ਕਿਹਾ ਕਿ ਉਸ ਨੂੰ ਵੀ ਉਥੋਂ ਦੇ ਟ੍ਰੈਵਲ ਏਜੰਟ ਵੱਲੋਂ ਉਥੇ ਫਸਾ ਦਿੱਤਾ ਗਿਆ ਸੀ, ਜਿਥੇ ਪਹੁੰਚਦਿਆਂ ਹੀ ਉਸ ਦੀ ਤਬੀਅਤ ਖਰਾਬ ਹੋ ਗਈ ਪਰ ਫਿਰ ਵੀ ਏਜੰਟ ਵੱਲੋਂ ਉਸ ਕੋਲੋਂ ਘਰਾਂ ’ਚ ਧੱਕੇ ਨਾਲ ਕੰਮ ਕਰਵਾਇਆ ਜਾ ਰਿਹਾ ਸੀ| ਉਸ ਦਾ ਕੋਈ ਵੀ ਇਲਾਜ ਨਹੀਂ ਸੀ ਕਰਵਾਇਆ ਜਾ ਰਿਹਾ| ਵਾਪਸ ਆਈਆਂ ਇਨ੍ਹਾਂ ਲੜਕੀਆਂ ਨੇ ਦੱਸਿਆ ਕਿ ਏਜੰਟਾਂ ਵੱਲੋਂ ਉਨ੍ਹਾਂ ਨੂੰ ਛੱਡਣ ਲਈ ਪਰਿਵਾਰਾਂ ਕੋਲੋਂ ਲੱਖਾਂ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ| ਇਨ੍ਹਾਂ ਚਾਰਾਂ ਲੜਕੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਟ੍ਰੈਵਲ ਏਜੰਟਾਂ ਵਿਰੁੱਧ ਸਖਤ ਕਾਰਵਾਈ ਕਰਵਾਉਣ, ਤਾਂ ਜੋ ਭਵਿੱਖ ’ਚ ਇਹ ਟ੍ਰੈਵਲ ਏਜੰਟ ਪੰਜਾਬ ਦੀਆਂ ਹੋਰ ਧੀਆਂ ਦਾ ਸ਼ੋਸ਼ਣ ਨਾ ਕਰ ਸਕਣ|
ਲੜਕੀਆਂ ਦੀ ਵਾਪਸੀ ਦੀ ਮਦਦ ’ਚ ਅਹਿਮ ਯੋਗਦਾਨ ਨਿਭਾ ਰਹੇ ਮੇਜਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ 2 ਲੜਕੀਆਂ ਇਸੇ ਤਰ੍ਹਾਂ ਅਰਬ ਦੇਸ਼ ’ਚੋਂ ਵਾਪਸ ਆਈਆਂ ਸਨ| ਉਨ੍ਹਾਂ ਦੱਸਿਆ ਕਿ ਏਜੰਟਾਂ ਵੱਲੋਂ ਉਨ੍ਹਾਂ ਕੋਲੋਂ ਵੀ ਲੜਕੀਆਂ ਵਾਪਸ ਲਿਆਉਣ ਲਈ 10 ਲੱਖ ਰੁਪਏ ਦੇ ਕਰੀਬ ਪੈਸਿਆਂ ਦੀ ਮੰਗ ਕੀਤੀ ਗਈ ਸੀ ਪਰ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਉਨ੍ਹਾਂ ਦੀਆਂ ਲੜਕੀਆਂ ਇਕ ਵੀ ਪੈਸਾ ਦਿੱਤੇ ਬਿਨਾਂ ਵਾਪਸ ਆਈਆਂ ਸਨ| ਉਸ ਤੋਂ ਬਾਅਦ ਉਸ ਨੇ ਲਗਾਤਾਰ ਉਨ੍ਹਾਂ ਲੜਕੀਆਂ ਦੀ ਭਾਲ ਸ਼ੁਰੂ ਕੀਤੀ ਹੋਈ ਹੈ, ਜਿਹੜੀਆਂ ਅਰਬ ਦੇਸ਼ਾਂ ’ਚ ਫਸੀਆਂ ਹੋਈਆਂ ਹਨ| ਪੀੜਤ ਲੜਕੀਆਂ ਦੇ ਪਰਿਵਾਰਾਂ ਦਾ ਉਹ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕਰਵਾਉਂਦੇ ਹਨ, ਤਾਂ ਕਿ ਉਹ ਜਲਦ ਤੋਂ ਜਲਦ ਵਾਪਸ ਆ ਸਕਣ| ਹੁਣ ਤੱਕ ਉਨ੍ਹਾਂ ਵੱਲੋਂ 4 ਦੇ ਕਰੀਬ ਲੜਕੀਆਂ ਦੀ ਮਦਦ ਕੀਤੀ ਗਈ ਹੈ|

Leave a comment