#AMERICA

ਅਮਰੀਕੀ ਸੰਸਦ ਵੱਲੋਂ ਅਸਥਾਈ ਫੰਡਿੰਗ ਬਿੱਲ ਪਾਸ; ਬਾਇਡਨ ਵੱਲੋਂ ਹਸਤਾਖਰ

-ਸ਼ੱਟਡਾਊਨ ਦਾ ਖਤਰਾ ਟਲਿਆ
ਵਾਸ਼ਿੰਗਟਨ, 2 ਅਕਤੂਬਰ (ਪੰਜਾਬ ਮੇਲ)- ਅਮਰੀਕਾ ਵਿਚ ਸੰਘੀ ਸਰਕਾਰ ਦਾ ਕੰਮਕਾਜ ਠੱਪ (ਸ਼ੱਟਡਾਊਨ) ਹੋਣ ਦਾ ਖ਼ਤਰਾ ਸ਼ਨਿਚਰਵਾਰ ਦੇਰ ਰਾਤ ਉਸ ਵੇਲੇ ਟਲ ਗਿਆ, ਜਦੋਂ ਅਮਰੀਕੀ ਸੰਸਦ ਵੱਲੋਂ ਛੇਤੀ-ਛੇਤੀ ਵਿਚ ਪਾਸ ਕੀਤੇ ਅਸਥਾਈ ਫੰਡਿੰਗ ਯੋਜਨਾ ਸਬੰਧੀ ਬਿੱਲ ‘ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਹਸਤਾਖਰ ਕਰ ਦਿੱਤੇ। ਬਾਇਡਨ ਨੇ ਸਰਕਾਰੀ ਏਜੰਸੀਆਂ ਦੇ ਸੰਚਾਲਨ ਨੂੰ ਬਰਕਰਾਰ ਰੱਖਣ ਲਈ ਇਸ ਬਿੱਲ ‘ਤੇ ਹਸਤਾਖਰ ਕੀਤੇ। ਸੰਸਦ ਵਿਚ ਪਾਸ ਕੀਤੇ ਗਏ ਇਸ ਬਿੱਲ ਵਿਚ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਫੌਜੀ ਮਦਦ ਵਿਚ ਕਟੌਤੀ ਕਰਨ ਅਤੇ ਬਾਇਡਨ ਦੀ ਅਪੀਲ ‘ਤੇ ਸੰਘੀ ਆਫਤ ਸਹਾਇਤਾ ਬਜਟ ਵਧਾ ਕੇ 16 ਅਰਬ ਅਮਰੀਕੀ ਡਾਲਰ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਬਿੱਲ ਆਗਾਮੀ 17 ਨਵੰਬਰ ਤੱਕ ਸਰਕਾਰੀ ਕੰਮਕਾਜ ਲਈ ਵਿੱਤ ਮੁਹੱਈਆ ਕਰਵਾਏਗਾ।
ਅਮਰੀਕੀ ਸੰਸਦ ਵਿਚ ਸਰਕਾਰੀ ਕੰਮਕਾਜ ਵਿਚ ‘ਸ਼ੱਟਡਾਊਨ’ ਦਾ ਖਤਰਾ ਟਾਲਣ ਲਈ ਇਕ ਅਹਿਮ ਵਿੱਤ ਬਿੱਲ ਨੂੰ ਪਾਸ ਕਰਨ ਵਾਸਤੇ ਚੱਲ ਰਹੀ ਸਦਨ ਦੀ ਕਾਰਵਾਈ ਦੌਰਾਨ ਫਾਇਰ ਅਲਾਰਮ ਵੱਜਣ ਨਾਲ ਹਫੜਾ-ਦਫੜੀ ਮੱਚ ਗਈ ਅਤੇ ਜਲਦੀ-ਜਲਦੀ ਵਿਚ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ, ਪਰ ਬਾਅਦ ਵਿਚ ਸੰਸਦ ਮੈਂਬਰ ਜਮਾਲ ਬੋਮੈਨ ਨੇ ਅਲਾਰਮ ਵਜਾਉਣ ਦੀ ਗੱਲ ਸਵੀਕਾਰ ਕੀਤੀ।

Leave a comment