ਅਮਰੀਕੀ ਸੰਸਦ ਮੈਂਬਰਾਂ ਵੱਲੋਂ ਅਫਗਾਨਿਸਤਾਨ ‘ਚ ਰਹਿਣ ਵਾਲੇ ਘੱਟ-ਗਿਣਤੀਆਂ ਦੀ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਜ਼ਾਹਰ

832
Share

-ਸੈਕਟਰੀ ਆਫ ਸਟੇਟ ਨੂੰ ਅਫਗਾਨੀ ਸਿੱਖਾਂ ਤੇ ਹਿੰਦੂਆਂ ਨੂੰ ਕਿਸੇ ਸੁਰੱਖਿਅਤ ਦੇਸ਼ ‘ਚ ਸਥਾਪਤ ਕਰਨ ਲਈ ਕਿਹਾ
ਵਾਸ਼ਿੰਗਟਨ ਡੀ.ਸੀ., 13 ਮਈ (ਬਲਵਿੰਦਰਪਾਲ ਸਿੰਘ ਖਾਲਸਾ/ਪੰਜਾਬ ਮੇਲ)- ਅਮਰੀਕਾ ਦੇ 26 ਕਾਂਗਰਸਮੈਨਾਂ ਨੇ ਅਫਗਾਨੀ ਸਿੱਖਾਂ ਦੇ ਕੁਝ ਮਹੀਨੇ ਪਹਿਲਾਂ ਕਾਬਲ ‘ਚ ਹੋਏ ਵੱਡੇ ਕਤਲੇਆਮ ਦੀ ਰੌਸ਼ਨੀ ‘ਚ ਫਿਕਰ ਜ਼ਾਹਿਰ ਕਰਦਿਆਂ ਸਾਂਝੇ ਤੌਰ ‘ਤੇ ਇਹ ਫੈਸਲਾ ਕੀਤਾ ਹੈ ਕਿ ਸਿੱਖਾਂ ਸਮੇਤ ਹਿੰਦੂਆਂ ਨੂੰ ਅਫਗਾਨਿਸਤਾਨ ਵਿਚੋਂ ਕੱਢ ਕੇ ਕਿਸੇ ਦੂਜੇ ਦੇਸ਼ ਵਿਚ ਮੁੜ ਤੋਂ ਸੁਰੱਖਿਅਤ ਸਥਾਪਤ ਕੀਤਾ ਜਾਵੇ, ਕਿਉਂਕਿ ਅਫਗਾਨਿਸਤਾਨ ‘ਚ ਘੱਟ ਗਿਣਤੀਆਂ ਕਿਸੇ ਵੀ ਰੂਪ ਵਿਚ ਸੁਰੱਖਿਅਤ ਨਹੀਂ ਹਨ।
ਸਿੱਖ ਕਾਕਸ ਕਮੇਟੀ ਦੇ ਕੋ ਚੇਅਰ, ਕਾਂਗਰਸਮੈਨ ਜਾਹਨ ਗੈਰਾਮੰਡੀ ਸਣੇ 25 ਹੋਰ ਕਾਂਗਰਸਮੈਨਾਂ ਨੇ ਸਾਂਝੇ ਤੌਰ ਉੱਤੇ ਅਮਰੀਕੀ ਵਿਦੇਸ਼ ਮੰਤਰੀ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਸਿੱਖ ਤੇ ਹਿੰਦੂ ਇਸ ਦੇਸ਼ ਵਿਚ ਕਿਸੇ ਵੀ ਰੂਪ ਵਿਚ ਸੁਰੱਖਿਅਤ ਨਹੀਂ ਹਨ ਤੇ ਜੇ ਇਨ੍ਹਾਂ ਨੂੰ ਇਸੇ ਹਾਲਤ ਵਿਚ ਛੱਡ ਦਿੱਤਾ ਗਿਆ, ਤਾਂ ਕਿਸੇ ਵੀ ਵੇਲੇ ਇਸਲਾਮਿਕ ਸਟੇਟ ਦੇ ਦਹਿਸ਼ਗਰਦਾਂ ਵੱਲੋਂ ਦੁਬਾਰਾ ਹਮਲਾ ਹੋ ਸਕਦਾ ਹੈ। ਇਸ ਕਰਕੇ ਦੂਸਰੇ ਕਿਸੇ ਵੀ ਦੇਸ਼ ਜਾਂ ਅਮਰੀਕਾ ਵਿਚ ਹੀ ਸ਼ਰਨਾਰਥੀ ਰੂਪ ‘ਚ ਟਿਕਾਣਾ ਬਣਾਇਆ ਜਾਵੇ। ਅਮਰੀਕੀ ਸੈਕਟਰੀ ਆਫ ਸਟੇਟ ਮਾਇਕ ਪੋਂਪੀਓ ਨੂੰ ਸਾਂਝੇ ਤੌਰ ‘ਤੇ 4 ਮਈ ਨੂੰ ਲਿਖੀ ਡਿਪਲੋਮੈਟਿਕ ਚਿੱਠੀ ‘ਚ ਇਸ ਗੱਲ ਉਤੇ ਜ਼ੋਰ ਦਿੱਤਾ ਹੈ ਕਿ ਜੋ ਵੀ ਕਰਨਾ ਹੈ, ਛੇਤੀ ਕੀਤਾ ਜਾਵੇ। ਕਿਉਂਕਿ ਅਫਾਨਿਸਤਾਨ ‘ਚ ਸਿੱਖ ਤੇ ਹਿੰਦੂ ਲਗਾਤਾਰ ਡਰ ਤੇ ਸਹਿਮ ਵਿਚ ਰਹਿ ਰਹੇ ਹਨ।
ਅਫਗਾਨਿਸਤਾਨ ‘ਚ ਕਦੇ ਲਗਪਗ ਪੌਣੇ ਤਿੰਨ ਲੱਖ ਦੀ ਆਬਾਦੀ ਨਾਲ ਰਹਿਣ ਵਾਲੇ ਸਿੱਖ ਤੇ ਹਿੰਦੂ ਡਰ ਤੇ ਸਹਿਮ ਦੇ ਕਾਰਨ, ਹੁਣ ਸਿਰਫ ਇਕ ਸੌ ਦੇ ਲਗਪਗ ਪਰਿਵਾਰ ਰਹਿ ਗਏ ਹਨ ਤੇ ਉਹ ਵੀ ਮੌਤ ਦੇ ਸਹਿਮ ‘ਚ ਹਨ ਤੇ ਨਹੀਂ ਜਾਣਦੇ ਕਿ ਕਿਹੜਾ ਦਿਨ ਉਨ੍ਹਾਂ ਵਾਸਤੇ ਆਖਰੀ ਦਿਨ ਹੋਵੇਗਾ। ਅਮਰੀਕੀ ਕਾਂਗਰਸਮੈਨਾਂ ਨੇ ਵਿਦੇਸ਼ ਮੰਤਰੀ ਨੂੰ ਸੁਝਾਅ ਦਿੱਤਾ ਕਿ ਇਨ੍ਹਾਂ ਸਿੱਖਾਂ ਤੇ ਹਿੰਦੂਆਂ ਨੂੰ, ਯੂ.ਐੱਸ. ਰਫਿਊਜੀ ਐਡਮਿਸ਼ਨਜ਼ ਪ੍ਰੋਗਰਾਮ U.S. Refugee Admissions Program (USRAP) ਅਧੀਨ ਅਮਰੀਕੀ ਅੰਬੈਸੀ ਕਾਬਲ ਵੱਲੋਂ ਪਹਿਲ ਦੇ ਆਧਾਰ ਉਤੇ ਅਮਰੀਕਾ ਭੇਜਣ ਦਾ ਪ੍ਰਬੰਧ ਕੀਤਾ ਜਾਵੇ। ਕਾਂਗਰਸਮੈਨਾਂ ਨੇ ਕਿਹਾ ਕਿ International Religious Freedom Alliance ਵਿਚਲੇ ਦੇਸ਼ਾਂ ਨੂੰ ਵੀ ਘੱਟ ਗਿਣਤੀਆਂ ਦੀ ਸੁਰੱਖਿਆ ਦੇ ਗੰਭੀਰ ਮਾਮਲੇ ‘ਚ ਸ਼ਾਮਲ ਕੀਤਾ ਜਾਵੇ ਤੇ ਉਨ੍ਹਾਂ ਦੀ ਸੁਰੱਖਿਅਤ ਸਥਾਪਨਾ ਦਾ ਫੌਰੀ ਪ੍ਰਬੰਧ ਕੀਤਾ ਜਾਵੇ।
ਕਾਗਰਸਮੈਨਾਂ ਨੇ ਅੱਗੇ ਬਿਆਨ ‘ਚ ਕਿਹਾ ਕਿ ਸਾਨੂੰ ਕਰੋਨਾ ਮਹਾਂਮਾਰੀ ਕਰਕੇ ਸ਼ਰਨਾਰਥੀਆਂ ਦੇ ਅਮਰੀਕੀ ਦਾਖਲੇ ਉੱਤੇ ਲੱਗੀ ਪਾਬੰਦੀ ਦਾ ਵੀ ਅਹਿਸਾਸ ਹੈ ਪਰ ਅਸੀਂ ਸੈਕਟਰੀ ਆਫ ਸਟੇਟ ਨੂੰ ਹਾਲਾਤ ਦੀ ਗੰਭੀਰਤਾ ਦਾ ਅਹਿਸਾਸ ਕਰਵਾਂਦੇ ਰਹਾਂਗੇ, ਤਾਂ ਕਿ ਅਮਰੀਕੀ ਵਿਦੇਸ਼ ਮੰਤਰੀ ਮੌਕਾ ਮਿਲਦਿਆਂ ਹੀ ਅਫਗਾਨੀ ਸਿੱਖਾਂ ਦੇ ਹਿੰਦੂਆਂ ਦੀ ਸੁਰੱਖਿਆ ਵਾਸਤੇ ਕਾਹਲੀ ਨਾਲ ਕਾਰਜ ਕਰ ਸਕਣ।
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏ.ਜੀ.ਪੀ.ਸੀ.) ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ, ਅਮਰੀਕਨ ਸਿੱਖ ਕਾਕਸ ਕਮੇਟੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੰਧੂ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਇਸਟ ਕੋਸਟ ਦੇ ਹਿੰਮਤ ਸਿੰਘ ਨੇ ਆਪਣੇ ਇਕ ਸਾਂਝੇ ਬਿਆਨ ਵਿਚ ਕਾਂਗਰਸਮੈਨਾਂ ਵੱਲੋਂ ਅਫਗਾਨੀ ਸਿੱਖਾਂ ਤੇ ਹੋਰ ਘੱਟ ਗਿਣਤੀਆਂ ਦੀ ਸੁਰੱਖਿਅਤ ਨਿਕਾਸੀ ਤੇ ਦੁਬਾਰਾ ਸਥਾਪਨਾ ਵਾਸਤੇ ਚੁੱਕੇ ਕਦਮਾਂ ਦੀ ਪ੍ਰਸ਼ੰਸਾ ਕਰਦਿਆ ਕਾਂਗਰਸਮੈਨਾਂ ਦਾ ਧੰਨਵਾਦ ਕੀਤਾ ਹੈ।


Share