-ਸਿੱਖ ਕਾਕਸ ਵੱਲੋਂ ਕੀਤੀ ਗਈ ਸ਼ਲਾਘਾ
ਵਾਸ਼ਿੰਗਟਨ, 5 ਅਪ੍ਰੈਲ (ਪੰਜਾਬ ਮੇਲ)- ਅਮਰੀਕਨ ਸਿੱਖ ਕਾਕਸ ਕਮੇਟੀ ਨੇ ਅਮਰੀਕੀ ਸੰਸਦ ਵੱਲੋਂ 14 ਅਪ੍ਰੈਲ ਨੂੰ ਅਮਰੀਕਾ ਵਿਚ ਰਾਸ਼ਟਰੀ ਸਿੱਖ ਦਿਵਸ ਵਜੋਂ ਮਨਾਉਣ ਲਈ ਪ੍ਰਸਤਾਵ ਪੇਸ਼ ਕਰਨ ‘ਤੇ ਸਮੂਹ ਸੰਸਦ ਦਾ ਧੰਨਵਾਦ ਕੀਤਾ ਹੈ। ਕਾਕਸ ਦੇ ਚੇਅਰਮੈਨ ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਇਸ ਨਾਲ ਅਮਰੀਕਾ ਵਿਚ ਸਿੱਖ ਪਹਿਚਾਣ ਬਣਾਉਣ ਲਈ ਹੋਰ ਵੀ ਮਦਦ ਮਿਲੇਗੀ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਦੋ ਸੰਸਦ ਮੈਂਬਰਾਂ ਨੇ 14 ਅਪ੍ਰੈਲ ਨੂੰ ਰਾਸ਼ਟਰੀ ਸਿੱਖ ਦਿਵਸ (ਨੈਸ਼ਨਲ ਸਿੱਖ ਡੇਅ) ਦੇ ਰੂਪ ‘ਚ ਮਨਾਉਣ ਦੇ ਲਈ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰੈਜ਼ੈਂਟਿਵਸ (ਪ੍ਰਤੀਨਿਧੀ ਸਭਾ) ‘ਚ ਪ੍ਰਸਤਾਵ ਪੇਸ਼ ਕੀਤਾ ਹੈ। ਅਮਰੀਕਾ ‘ਚ ਲੋਕਾਂ ਨੂੰ ਮਜ਼ਬੂਤ ਅਤੇ ਪ੍ਰੇਰਿਤ ਕਰਨ ‘ਚ ਸਿੱਖ ਭਾਈਚਾਰੇ ਦੇ ਯੋਗਦਾਨ ਦਾ ਸਨਮਾਨ ਕਰਦਿਆਂ ਹੋਇਆਂ ਇਹ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਪ੍ਰਸਤਾਵ ‘ਚ ਲਿਖਿਆ ਹੈ ਕਿ 14 ਅਪ੍ਰੈਲ ਨੂੰ ਸਿੱਖ ਵਿਸਾਖੀ ਦੇ ਰੂਪ ‘ਚ ਮਨਾਉਂਦੇ ਹਨ। ਉਹ ਇਸ ਦਿਨ ਨੂੰ ਖਾਲਸਾ ਸਾਜਨਾ ਦਿਵਸ ਦੇ ਰੂਪ ‘ਚ ਮਨਾਉਂਦੇ ਹਨ। ਵਿਸਾਖੀ ਧਰਮ ਦੇ ਇਤਿਹਾਸ ਅਤੇ ਸਿੱਖਾਂ ਦੀ ਪਹਿਚਾਣ ਬਣਾਏ ਰੱਖਣ ‘ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਅਮਰੀਕੀ ਸੰਸਦ ਮੈਂਬਰ ਮੈਰੀ ਗੇ ਸਕੈਨਲੋਨ ਨੇ ਪ੍ਰਸਤਾਵ ਪੇਸ਼ ਕਰਦਿਆਂ ਹੋਇਆਂ ਕਿਹਾ ਕਿ ਅਮਰੀਕਾ ਦੇ ਸਿਧਾਂਤਾਂ ਦੀ ਤਰ੍ਹਾਂ ਹੀ ਸਿੱਖ ਭਾਈਚਾਰਾ ਧਾਰਮਿਕ ਪ੍ਰੋਗਰਾਮਾਂ ਨਾਲ ਜਨਤਕ ਸੇਵਾ ਕਰਦਾ ਹੈ। ਮੈਰੀ ਨੇ ਕਿਹਾ ਕਿ ਅਮਰੀਕਾ ਦੀ ਜਨਤਾ ਦੇਸ਼ ਨੂੰ ਖ਼ੁਸ਼ਹਾਲ ਬਣਾਉਣ ਲਈ ਸਿੱਖ ਭਾਈਚਾਰੇ ਦਾ ਸਨਮਾਨ ਕਰਦੀ ਹੈ। ਪ੍ਰਸਤਾਵ ‘ਚ ਕਿਹਾ ਗਿਆ ਹੈ ਕਿ ਵਿਸਾਖੀ ਦੇ ਦਿਨ ਸਿੱਖ ਸੰਨ 1699 ਦੇ ਖਾਲਸਾ ਸਾਜਨਾ ਦਿਵਸ ਨੂੰ ਵੀ ਯਾਦ ਕਰਦੇ ਹਨ। ਇਸੇ ਦਿਨ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਅੱਤਿਆਚਾਰ ਖ਼ਿਲਾਫ਼ ਲੜਨ ਲਈ ਖਾਲਸਾ ਸਾਜਿਆ ਸੀ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ‘ਚ ਸਿੱਖਾਂ ਦੇ ਨਾਲ ਵਿਸਾਖੀ ਮਨਾਉਣਾ ਅਤੇ ਅਮਰੀਕਾ ਦੇ ਲਈ ਕੀਤੇ ਗਏ ਸਿੱਖਾਂ ਦੇ ਯੋਗਦਾਨ ਦਾ ਸਨਮਾਨ ਕਰਦਿਆਂ ਹੋਇਆਂ ਪ੍ਰਸਤਾਵ ਉੱਚਿਤ ਹੈ।
ਇਸ ਮਤੇ ਵਿਚ ਦਰਸਾਇਆ ਗਿਆ ਹੈ ਕਿ ਸਿੱਖ ਭਾਈਚਾਰਾ 100 ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਪਰਵਾਸ ਕਰਕੇ ਅਮਰੀਕਾ ਆਇਆ ਸੀ।
ਮਤੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ। ਇਸ ਦੇ ਨਾਲ-ਨਾਲ ਸਿੱਖ ਧਰਮ ਬਾਰੇ ਵਿਸਥਾਰ ਨਾਲ ਲਿਖਿਆ ਗਿਆ ਹੈ। ਉਨ੍ਹਾਂ ਵੱਲੋਂ ਅਮਰੀਕਾ ‘ਚ ਪਾਏ ਯੋਗਦਾਨ ਦਾ ਵੀ ਜ਼ਿਕਰ ਹੋਇਆ ਹੈ। ਇਸ ਮਤੇ ਵਿਚ ਕਿਹਾ ਗਿਆ ਹੈ ਕਿ ਸਿੱਖ ਕੈਲੰਡਰ ਵਿਚ ਵੈਸਾਖ ਮਹੀਨੇ ਦੇ ਪਹਿਲੇ ਦਿਨ ਵਿਸਾਖੀ ਮਨਾਉਂਦੇ ਹਨ, ਜੋ ਕਿ ਆਮ ਤੌਰ ‘ਤੇ ਅੰਗਰੇਜ਼ੀ ਕੈਲੰਡਰ ਮੁਤਾਬਕ 14 ਅਪ੍ਰੈਲ ਨੂੰ ਆਉਂਦਾ ਹੈ।
ਇਸੇ ਦਿਨ 1699 ਵਿਚ ਸਿੱਖ ਧਰਮ ਦੀ ਸਥਾਪਤੀ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ।
ਅਮਰੀਕੀ ਸੰਸਦ ‘ਚ 14 ਅਪ੍ਰੈਲ ਨੂੰ ‘ਰਾਸ਼ਟਰੀ ਸਿੱਖ ਦਿਵਸ’ ਵਜੋਂ ਮਨਾਉਣ ਦਾ ਪ੍ਰਸਤਾਵ ਪੇਸ਼
