ਸੈਕਰਾਮੈਂਟੋ,ਕੈਲੀਫੋਰਨੀਆ, 7 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- 6 ਜਨਵਰੀ 2021 ਨੂੰ ਅਮਰੀਕਾ ਦੇ ਸੰਸਦ ਭਵਨ ਉਪਰ ਹੋਏ ਹਮਲੇ ਦੇ ਮਾਮਲੇ ਵਿਚ ਦੇਸ਼ ਧਰੋਹ ਦੀ ਸਾਜਿਸ਼ ਵਿਚ ਸ਼ਾਮਿਲ ਹੋਣ ਦੇ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤੇ ਪਰਾਊਡ ਬਵਾਏਜ ਸੰਗਠਨ ਦੇ ਰਾਸ਼ਟਰੀ ਚੇਅਰਮੈਨ ਐਨਰੀਕ ਟਾਰੀਓ ਨੂੰ ਇਕ ਅਦਾਲਤ ਨੇ 22 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਹਮਲਾ 2020 ਦੇ ਚੋਣ ਨਤੀਜਿਆਂ ਨੂੰ ਉਲਟਾਉਣ ਦੇ ਮਕਸਦ ਨਾਲ ਕੀਤਾ ਗਿਆ ਸੀ ਤਾਂ ਜੋ ਡੋਨਲਡ ਟਰੰਪ ਰਾਸ਼ਟਰਪਤੀ ਵਜੋਂ ਬਣੇ ਰਹਿਣ। ਮੁਦਈ ਪੱਖ ਨੇ ਮਿਆਮੀ ਵਾਸੀ ਟਾਰੀਓ (39) ਨੂੰ 33 ਸਾਲ ਕੈਦ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ। ਟਾਰੀਓ 6 ਜਨਵਰੀ 2021 ਨੂੰ ਅਮਰੀਕੀ ਸੰਸਦ ਉਪਰ ਹੋਏ ਹਮਲੇ ਵੇਲੇ ਮੌਜੂਦ ਨਹੀਂ ਸੀ ਪਰੰਤੂ ਉਸ ਨੇ ਪਰਾਊਡ ਬਵਾਏਜ ਦੇ ਮੈਂਬਰਾਂ ਨੂੰ ਇਕੱਠੇ ਕੀਤਾ ਜੋ ਪਰਾਊਡ ਬਵਾਏਜ ਉਨਾਂ ਪਹਿਲੇ ਲੋਕਾਂ ਵਿਚ ਸ਼ਾਮਿਲ ਸਨ ਜਿਨਾਂ ਨੇ ਇਤਿਹਾਸਕ ਇਮਾਰਤ ਵਿਚ ਦਾਖਲ ਹੋ ਕੇ ਚੋਣ ਨਤੀਜਿਆਂ ਦੀ ਪੁਸ਼ਟੀ ਕਰਨ ਲਈ ਕਾਂਗਰਸ ਵੱਲੋਂ ਇਲੈਕਟੋਰਲ ਕਾਲਜ ਵੋਟਾਂ ਦੀ ਕੀਤੀ ਜਾ ਰਹੀ ਗਿਣਤੀ ਨੂੰ ਆਰਜੀ ਤੌਰ ‘ਤੇ ਰੋਕ ਦਿੱਤਾ ਸੀ। ਟਾਰੀਓ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਉਹ ਉਸ ਦਿਨ ਬਾਲਟੀਮੋਰ ਵਿਚ ਸੀ ਤੇ ਉਸ ਨੇ ਪੁਲਿਸ ਉਪਰ ਹਮਲਾ ਕਰਨ ਜਾਂ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਲਈ ਸਿੱਧੇ ਤੌਰ ‘ਤੇ ਕੋਈ ਨਿਰਦੇਸ਼ ਨਹੀਂ ਦਿੱਤਾ। ਉਸ ਦੇ ਵਕੀਲਾਂ ਨੇ ਟਾਰੀਓ ਨੂੰ 15 ਸਾਲ ਤੋਂ ਘੱਟ ਸਜ਼ਾ ਦੇਣ ਉਪਰ ਜੋਰ ਦਿੱਤਾ ਪਰੰਤੂ ਅਦਾਲਤ ਨੇ ਇਸ ਦਲੀਲ ਵੱਲ ਕੋਈ ਤਵਜੋਂ ਨਹੀਂ ਦਿੱਤੀ।