#AMERICA

ਅਮਰੀਕੀ ਸਰਹੱਦ ਨੇੜੇ ਕੈਨੇਡਾ ਪੁਲਿਸ ਵੱਲੋਂ 8 ਲਾਸ਼ਾਂ ਬਰਾਮਦ

ਸੈਕਰਾਮੈਂਟੋ, 3 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਨੇਡਾ ਪੁਲਿਸ ਵੱਲੋਂ ਅਮਰੀਕੀ ਸਰਹੱਦ ਨੇੜੇ ਅਕਵੈਸਾਸਨ ਵਿਚ 8 ਲਾਸ਼ਾਂ ਬਰਾਮਦ ਕਰਨ ਦੀ ਖ਼ਬਰ ਹੈ। ਅਕਵੈਸਾਸਨ ਮੋਹਾਕ ਰਾਸ਼ਟਰ ਖੇਤਰ ਹੈ ਜੋ ਕੈਨੇਡਾ ਦੇ ਕਿਊਬਕ ਤੇ ਓਨਟਾਰੀਓ ਰਾਜਾਂ ਵਿਚ ਸੇਂਟ ਲਾਰੈਂਸ ਦਰਿਆ ਦੇ ਨਾਲ ਨਾਲ ਫੈਲਿਆ ਹੋਇਆ ਹੈ।  ਅਧਿਕਾਰੀਆਂ ਨੇ ਕਿਹਾ ਹੈ ਕਿ ਮਾਰੇ ਗਏ ਸਾਰੇ ਲੋਕ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਵਿਚ ਸਨ। ਅਕਵੈਸਾਸਨ ਮੋਹਾਕ ਪੁਲਿਸ ਮੁੱਖੀ ਸ਼ਾਨ ਡੂਲਿਊਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮ੍ਰਿਤਕਾਂ ਵਿਚ 6 ਬਾਲਗ ਤੇ 2 ਬੱਚੇ ਸ਼ਾਮਿਲ ਹਨ। ਪੁਲਿਸ ਨੇ ਕਿਹਾ ਹੈ ਕਿ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਮ੍ਰਿਤਕਾਂ ਵਿਚ ਇਕ ਰੋਮਾਨੀਅਨ ਤੇ ਇਕ ਭਾਰਤੀ ਪਰਿਵਾਰ ਦੇ ਲੋਕ ਸ਼ਾਮਿਲ ਹਨ। ਦਰਿਆ ਵਿਚੋਂ ਪੁਲਿਸ ਹੋਰ ਸੰਭਾਵੀ ਲਾਸ਼ਾਂ ਦੀ ਭਾਲ ਕਰ ਰਹੀ ਹੈ।
ਮ੍ਰਿਤਕ ਪਾਏ ਗਏ ਅੱਠ ਲੋਕਾਂ ਵਿਚੋਂ ਦੋ ਦੀ ਪਛਾਣ ਕਰ ਲਈ ਹੈ, ਜਦੋਂਕਿ ਚਾਰ ਭਾਰਤੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਮੌਤਾਂ ਕਿਹੜੇ ਹਾਲਾਤ ਵਿਚ ਹੋਈਆਂ।
ਜ਼ਿਕਰਯੋਗ ਹੈ ਕਿ ਬੀਤੇ ਸ਼ੁੱਕਰਵਾਰ ਪੁਲਿਸ ਨੂੰ ਕਿਊਬੈੱਕ, ਓਨਟਾਰੀਓ ਤੇ ਨਿਊਯਾਰਕ ਸੂਬੇ ਦੇ ਆਸ-ਪਾਸ ਤਰਾਈ ਵਾਲੇ ਖੇਤਰ ਵਿਚ ਇਕ ਨਦੀ ਕੋਲੋਂ ਅੱਠ ਲਾਸ਼ਾਂ ਮਿਲੀਆਂ ਸਨ। ਪੁਲਿਸ ਦਾ ਮੰਨਣਾ ਹੈ ਕਿ ਇਹ ਲਾਸ਼ਾਂ ਭਾਰਤੀ ਤੇ ਰੋਮਾਨਿਆਈ ਮੂਲ ਦੇ ਦੋ ਪਰਿਵਾਰਾਂ ਦੀਆਂ ਹਨ, ਜੋ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਨ੍ਹਾਂ ਵਿਚ ਤਿੰਨ ਸਾਲ ਤੋਂ ਘੱਟ ਉਮਰ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਵੀ ਸ਼ਾਮਲ ਹਨ, ਜੋ ਕੈਨੇਡਾ ਦੇ ਨਾਗਰਿਕ ਸਨ। ਕੈਨੇਡਾ ਪੁਲਿਸ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਚਾਰ ਭਾਰਤੀ ਨਾਗਰਿਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਵਿਚੋਂ ਘੱਟੋ-ਘੱਟ ਤਿੰਨ ਵਿਅਕਤੀ ਗੁਜਰਾਤ ਦੇ ਇਕ ਪਰਿਵਾਰ ਦੇ ਮੈਂਬਰ ਸਨ।
ਸੂਤਰਾਂ ਅਨੁਸਾਰ ਮਾਰੇ ਗਏ ਗੁਜਰਾਤੀ ਪਰਿਵਾਰ ਦੇ ਮੈਂਬਰਾਂ ਵਿਚ 50 ਤੇ 20 ਸਾਲ ਵਰਗ ਦੇ ਦੋ ਪੁਰਸ਼ ਤੇ ਲਗਭਗ 20 ਵਰ੍ਹਿਆਂ ਦੀ ਇਕ ਔਰਤ ਸ਼ਾਮਲ ਹੈ। ਖਬਰ ਵਿਚ ਕਿਹਾ ਗਿਆ ਹੈ ਕਿ ਚੌਥੇ ਭਾਰਤੀ ਨਾਗਰਿਕ ਦੀ ਫਿਲਹਾਲ ਪਛਾਣ ਨਹੀਂ ਹੋ ਸਕੀ ਹੈ।
ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਸੀ.ਬੀ.ਸੀ.) ਨੇ ਆਪਣੀ ਖਬਰ ਵਿਚ ਕਿਹਾ ਕਿ ਇਕ ਵਿਅਕਤੀ ਦੀ ਪਛਾਣ 28 ਸਾਲਾਂ ਦੇ ਫਲੋਰਿਨ ਲੋਡੇਰਕ ਵਜੋਂ ਹੋਈ ਹੈ। ਪੁਲਿਸ ਅਨੁਸਾਰ ਉਸ ਕੋਲੋਂ ਕੈਨੇਡਾ ਦੇ ਪਾਸਪੋਰਟ ਮਿਲੇ ਹਨ। ਇਕ ਪਾਸਪੋਰਟ ਉਸ ਦੇ ਦੋ ਸਾਲਾਂ ਦੇ ਬੱਚੇ ਦਾ ਸੀ, ਜਦੋਂਕਿ ਦੂਸਰਾ ਪਾਸਪੋਰਟ ਇਕ ਸਾਲ ਦੇ ਬੱਚੇ ਦਾ ਹੈ। ਦੋਵੇਂ ਬੱਚਿਆਂ ਦੀਆਂ ਲਾਸ਼ਾਂ ਵੀ ਮਿਲੀਆਂ ਹਨ। ਇਸੇ ਤਰ੍ਹਾਂ ਇਕ ਮਹਿਲਾ ਦੀ ਪਛਾਣ ਕ੍ਰਿਸਟੀਨਾ ਜੋਨਾਇਡਾ ਲੋਡੇਰਕ (28) ਵਜੋਂ ਹੋਈ ਹੈ। ਉਹ ਫਲੋਰਿਨ ਦੀ ਪਤਨੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਖਦਸ਼ਾ ਪ੍ਰਗਟਾਇਆ ਸੀ ਕਿ ਨਦੀ ਵਿਚ ਡੁੱਬਣ ਵਾਲੇ ਸਾਰੇ ਜਣੇ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਦਾ ਯਤਨ ਕਰਦਿਆਂ ਸਮੁੰਦਰੀ ਤੂਫ਼ਾਨ ਦੀ ਲਪੇਟ ਵਿਚ ਆ ਗਏ ਸਨ। ਕੈਨੇਡਾ ਅਤੇ ਅਮਰੀਕਾ ਦੇ ਤੱਟੀ ਬਚਾਅ ਦਲਾਂ ਵੱਲੋਂ ਸਾਂਝੇ ਯਤਨ ਕਰਕੇ ਲਾਸ਼ਾਂ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਗਿਆ ਸੀ।

Leave a comment