#AMERICA

ਅਮਰੀਕੀ ਰਾਸ਼ਟਰਪਤੀ ਲਈ ਵਧ ਸਕਦੀਆਂ ਹਨ ਮੁਸ਼ਕਿਲਾਂ!

ਵਾਸ਼ਿੰਗਟਨ, 16 ਸਤੰਬਰ (ਪੰਜਾਬ ਮੇਲ)- ਅਮਰੀਕਾ ’ਚ ਅਗਲੇ ਸਾਲ ਹੋਣ ਵਾਲੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਜੋਅ ਬਾਇਡਨ ਦੀਆਂ ਮੁਸ਼ਕਲਾਂ ਵਧਦੀਆਂ ਦਿਸ ਰਹੀਆਂ ਹਨ। ਰਾਸ਼ਟਰਪਤੀ ਦੇ ਪੁੱਤਰ ਹੰਟਰ ਖ਼ਿਲਾਫ਼ ਨਾਜਾਇਜ਼ ਤੌਰ ’ਤੇ ਬੰਦੂਕ ਰੱਖਣ ਦੇ ਦੋਸ਼ ’ਚ ਮੁਕੱਦਮਾ ਸ਼ੁਰੂ ਹੋ ਗਿਆ। ਇਹ ਪਹਿਲਾ ਮੌਕਾ ਹੈ ਜਦੋਂ ਅਮਰੀਕਾ ਦੇ ਕਿਸੇ ਮੌਜੂਦਾ ਰਾਸ਼ਟਰਪਤੀ ਦੇ ਪੁੱਤਰ ਖ਼ਿਲਾਫ਼ ਅਪਰਾਧਕ ਮੁਕੱਦਮਾ ਦਰਜ ਕੀਤਾ ਗਿਆ ਹੈ।

53 ਸਾਲਾ ਹੰਟਰ ਬਾਇਡਨ ਖ਼ਿਲਾਫ਼ ਡੇਲਾਵੇਅਰ ਦੀ ਅਮਰੀਕੀ ਜ਼ਿਲ੍ਹਾ ਅਦਾਲਤ ’ਚ ਦਾਇਰ ਮੁਕੱਦਮੇ ਮੁਤਾਬਕਉਨ੍ਹਾਂ ’ਤੇ ਅਕਤੂਬਰ, 2018 ’ਚ ਕੋਲਟ ਕੋਬਰਾ ਹੈਂਡਗਨ ਖ਼ਰੀਦਣ ਸਮੇਂ ਝੂਠ ਬੋਲਣ ਦਾ ਦੋਸ਼ ਹੈ। ਹੰਟਰ ’ਤੇ ਇਸ ਨਾਲ ਸਬੰਧਤ ਤਿੰਨ ਮਾਮਲੇ ਦਰਜ ਕੀਤੇ ਗਏ ਹਨ। ਦੋਸ਼ ਹੈ ਕਿ ਹੰਟਰ ਨੇ ਬੰਦੂਕ ਖ਼ਰੀਦਣ ਸਮੇਂ ਆਪਣੀ ਨਸ਼ੇ ਦੀ ਆਦਤ ਬਾਰੇ ਝੂਠ ਬੋਲਿਆ। ਜੇਕਰ ਸੱਚ ਬੋਲਦੇ ਤਾਂ ਕਾਨੂੰਨ ਤਹਿਤ ਬੰਦੂਕ ਰੱਖਣ ’ਤੇ ਪਾਬੰਦੀ ਲੱਗ ਜਾਂਦੀ। ਸਪੈਸ਼ਲ ਕੌਂਸਲ ਡੇਵਿਡ ਵੀਸ ਨੇ ਸੰਕੇਤ ਦਿੱਤੇ ਹਨ ਕਿ ਹੰਟਰ ਤੇ ਕੈਲੀਫੋਰਨੀਆ ਜਾਂ ਵਾਸ਼ਿੰਗਟਨ ’ਚ ਸਮੇਂ ਸਿਰ ਟੈਕਸ ਦਾ ਭੁਗਤਾਨ ਕਰਨ ’ਤੇ ਮੁਕੱਦਮਾ ਦਰਜ ਕੀਤਾ ਜਾ ਸਕਦਾ ਹੈ। ਇਸ ਸਬੰਧੀ ਜਾਂਚ ਚੱਲ ਰਹੀ ਹੈ। ਕੁਝ ਕਾਨੂੰਨੀ ਮਾਹਰਾਂ ਨੇ ਕਿਹਾ ਹੈ ਕਿ ਹੰਟਰ ’ਤੇ ਲੱਗੇ ਹਥਿਆਰਾਂ ਨਾਲ ਸਬੰਧਤ ਦੋਸ਼ਾਂ ਨੂੰ ਸੰਵਿਧਾਨਕ ਤੌਰ ’ਤੇ ਚੁਣੌਤੀ ਦਿੱਤੀ ਜਾ ਸਕਦੀ ਹੈ।

ਹੰਟਰ ਖ਼ਿਲਾਫ਼ ਇਹ ਮੁਕੱਦਮਾ ਅਜਿਹੇ ਸਮੇਂ ਸ਼ੁਰੂ ਹੋਇਆ ਹੈ ਜਦੋਂ ਰਾਸ਼ਟਰਪਤੀ ਜੋਅ ਬਾਇਡਨ ਖ਼ਿਲਾਫ਼ ਦੋ ਦਿਨ ਪਹਿਲਾਂ ਸਦਨ ਦੇ ਸਪੀਕਰ ਕੇਵਿਨ ਮੈਕਾਰਥੀ ਨੇ ਮਹਾਦੋਸ਼ ਜਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਵ੍ਹਾਈਟ ਹਾਊਸ ਨੇ ਹੰਟਰ ’ਤੇ ਲੱਗੇ ਦੋਸ਼ਾਂ ਬਾਰੇ ਟਿੱਪਣੀ ਕਰਨ ’ਤੋਂ ਇਨਕਾਰ ਕਰ ਦਿੱਤਾ। ਉੱਧਰਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਚੱਲ ਰਹੇ ਅਪਰਾਧਕ ਮੁਕੱਦਮੇ ’ਤੇ ਵਿਅੰਗ ਕੱਸ ਰਹੇ ਡੈਮੋਕ੍ਰੇਟ ਖ਼ਿਲਾਫ਼ ਹੁਣ ਰਿਪਬਲਿਕਨ ਨੂੰ ਵੀ ਬੋਲਣ ਦਾ ਮੌਕਾ ਮਿਲ ਗਿਆ ਹੈ।

Leave a comment