#AMERICA

ਅਮਰੀਕੀ ਰਾਸ਼ਟਰਪਤੀ ਯੂ.ਐੱਸ. ਏਅਰ ਫੋਰਸ ਅਕੈਡਮੀ ਦੇ ਇਕ ਪ੍ਰੋਗਰਾਮ ਦੌਰਾਨ ਸਟੇਜ ’ਤੇ ਠੋਕਰ ਖਾ ਕੇ ਡਿੱਗੇ

ਕੋਲੋਰਾਡੋ, 3 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਯੂ.ਐੱਸ. ਏਅਰ ਫੋਰਸ ਅਕੈਡਮੀ ਦੇ ਇਕ ਪ੍ਰੋਗਰਾਮ ਦੌਰਾਨ ਸਟੇਜ ਤੋਂ ਠੋਕਰ ਖਾ ਕੇ ਡਿੱਗ ਗਏ। ਉਂਜ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਹੈ। ਬਾਇਡਨ ਨੇ ਸਪੱਸ਼ਟ ਕੀਤਾ ਕਿ ਉਹ ਰੇਤ ਦੇ ਇਕ ਬੋਰੇ ਨਾਲ ਟਕਰਾ ਗਏ ਸਨ।
ਅਮਰੀਕੀ ਰਾਸ਼ਟਰਪਤੀ ਕੋਲੋਰਾਡੋ ਸਪਰਿੰਗਜ਼ ’ਚ ਹਵਾਈ ਸੈਨਾ ਅਕਾਦਮੀ ਦੇ ਮੰਚ ’ਤੇ ਗਰੈਜੂਏਟਸ ਨਾਲ ਹੱਥ ਮਿਲਾ ਕੇ ਜਦੋਂ ਆਪਣੀ ਸੀਟ ਵੱਲ ਜਾਣ ਲਈ ਮੁੜੇ ਤਾਂ ਉਹ ਠੋਕਰ ਖਾ ਕੇ ਡਿੱਗ ਪਏ। ਹਵਾਈ ਸੈਨਾ ਦੇ ਇਕ ਅਫ਼ਸਰ ਅਤੇ ਅਮਰੀਕੀ ਖ਼ੁਫ਼ੀਆ ਸੇਵਾ ਦੇ ਦੋ ਮੈਂਬਰਾਂ ਨੇ ਉਨ੍ਹਾਂ ਨੂੰ ਚੁੱਕਿਆ ਅਤੇ ਸੀਟ ’ਤੇ ਬਿਠਾਉਣ ’ਚ ਸਹਾਇਤਾ ਕੀਤੀ। ਰਾਸ਼ਟਰਪਤੀ ਦੇ ਡਿੱਗਣ ਨਾਲ ਪ੍ਰੋਗਰਾਮ ’ਚ ਮੌਜੂਦ ਲੋਕ ਫਿਕਰਮੰਦ ਹੋ ਗਏ ਅਤੇ ਉਹ ਉਨ੍ਹਾਂ ਵੱਲ ਦੇਖਣ ਲੱਗ ਪਏ। ਬਾਇਡਨ (80) ਅਮਰੀਕਾ ਦੇ ਇਤਿਹਾਸ ’ਚ ਸਭ ਤੋਂ ਬਜ਼ੁਰਗ ਰਾਸ਼ਟਰਪਤੀ ਹਨ। ਉਨ੍ਹਾਂ ਵ੍ਹਾਈਟ ਹਾਊਸ ਪਰਤਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁਸਕਰਾਉਂਦਿਆਂ ਕਿਹਾ, ‘‘ਮੈਂ ਰੇਤ ਦੇ ਬੈਗ ਨਾਲ ਟਕਰਾ ਗਿਆ ਸੀ।’’ ਸਟੇਜ ’ਤੇ ਟੈਲੀਪ੍ਰੌਂਪਟਰ ਨੂੰ ਸਹਾਰਾ ਦੇਣ ਲਈ ਰੇਤੇ ਨਾਲ ਭਰੇ ਦੋ ਕਾਲੇ ਬੈਗ ਰੱਖੇ ਗਏ ਸਨ। ਇਹ ਟੈਲੀਪ੍ਰੋਂਪਟਰ ਬਾਇਡਨ ਅਤੇ ਪ੍ਰੋਗਰਾਮ ਦੇ ਹੋਰ ਬੁਲਾਰਿਆਂ ਵੱਲੋਂ ਵਰਤੇ ਜਾਣੇ ਸਨ। ਵ੍ਹਾਈਟ ਹਾਊਸ ਦੇ ਸੰਚਾਰ ਨਿਰਦੇਸ਼ਕ ਬੇਨ ਲਾਬੋਲਟ ਨੇ ਘਟਨਾ ਮਗਰੋਂ ਟਵੀਟ ਕੀਤਾ, ‘‘ਬਾਇਡਨ ਠੀਕ ਹਨ।’’ ਬਾਇਡਨ ਦੇ ਠੋਕਰ ਖਾਣ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਹਨ ਅਤੇ ਇਸ ਨਾਲ ਸਿਆਸੀ ਵਿਰੋਧੀ ਉਨ੍ਹਾਂ ਦੀ ਉਮਰ ਅਤੇ ਸਿਹਤ ਨੂੰ ਲੈ ਕੇ ਲਗਾਤਾਰ ਸਵਾਲ ਖੜ੍ਹੇ ਕਰਦੇ ਆ ਰਹੇ ਹਨ। ਅਮਰੀਕੀ ਰਾਸ਼ਟਰਪਤੀ ਦੇ ਨਿੱਜੀ ਡਾਕਟਰ ਕੇਵਿਨ ਓਕੋਨੋਰ ਨੇ ਫਰਵਰੀ ’ਚ ਜਾਂਚ ਮਗਰੋਂ ਕਿਹਾ ਸੀ ਕਿ ਬਾਇਡਨ 80 ਸਾਲ ਦੇ ਸਿਹਤਮੰਦ ਅਤੇ ਫੁਰਤੀਲੇ ਇਨਸਾਨ ਹਨ, ਜੋ ਰਾਸ਼ਟਰਪਤੀ ਅਹੁਦੇ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਬਿਲਕੁਲ ਠੀਕ ਹਨ।

Leave a comment