#AMERICA

ਅਮਰੀਕੀ ਰਾਸ਼ਟਰਪਤੀ ਬਾਇਡਨ ਵੱਲੋਂ ਚੀਨ ‘ਚ ਨਿਵੇਸ਼ ‘ਤੇ ਪਾਬੰਦੀ

-ਅਮਰੀਕੀ ਕੰਪਨੀਆਂ ਹੁਣ ਭਾਰਤ ਵੱਲ ਮੁੜਨਗੀਆਂ
ਨਿਊਯਾਰਕ, 6 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦਾ ਭਾਰਤ ਦੌਰਾ ਜੀ-20 ਸੰਮੇਲਨ ਲਈ ਅਹਿਮ ਸਾਬਤ ਹੋਵੇਗਾ। ਇਸ ਯਾਤਰਾ ਤੋਂ ਪਹਿਲਾਂ, ਰਾਸਟਰਪਤੀ ਜੋਅ ਬਾਇਡਨ ਨੇ ਅਮਰੀਕੀ ਕੰਪਨੀਆਂ ਨੂੰ ਚੀਨ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ, ਸੈਮੀਕੰਡਕਟਰ ਅਤੇ ਕੁਆਂਟਮ ਕੰਪਿਊਟਿੰਗ ਵਿਚ ਨਿਵੇਸ਼ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਪਹਿਲਾਂ ਬਾਇਡਨ ਦੇ ਇਸ ਫੈਸਲੇ ਦਾ ਭਾਰਤ ਨੂੰ ਸਿੱਧਾ ਫਾਇਦਾ ਹੋਵੇਗਾ। ਸੂਤਰਾਂ ਮੁਤਾਬਕ ਇਸ ਫੈਸਲੇ ਤੋਂ ਬਾਅਦ ਭਾਰਤ ‘ਚ ਸ਼ੁਰੂ ਤੋਂ ਹੀ ਲਗਭਗ 1200 ਕਰੋੜ ਰੁਪਏ ਦੇ ਨਿਵੇਸ਼ ਦਾ ਰਾਹ ਪੱਧਰਾ ਕੀਤਾ ਗਿਆ ਹੈ। ਹੁਣ ਭਾਰਤ ਗਲੋਬਲ ਸੈਮੀਕੰਡਕਟਰ ਸਪਲਾਈ ਚੇਨ ਦੇ ਨਵੇਂ ਹੱਬ ਵਜੋਂ ਉਭਰ ਸਕਦਾ ਹੈ। ਹਾਲ ਹੀ ‘ਚ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਅਮਰੀਕਾ ਫੇਰੀ ਦੌਰਾਨ ਸੈਮੀਕੰਡਕਟਰ ਅਤੇ ਜੀ.ਈ. ਜੈੱਟ ਇੰਜਣ ‘ਤੇ ਸਮਝੌਤਾ ਕੀਤਾ ਸੀ। ਇਸ ‘ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਪ੍ਰਧਾਨ ਮੰਤਰੀ ਮੋਦੀ ਵਿਚਾਲੇ ਵੀ ਚਰਚਾ ਹੋਵੇਗੀ। ਦੁਵੱਲਾ ਵਪਾਰ 2026-27 ਤੱਕ 30 ਹਜ਼ਾਰ ਕਰੋੜ ਰੁਪਏ ਦੇ ਟੀਚੇ ਨੂੰ ਹਾਸਲ ਕਰਨ ਦੀ ਵੀ ਚਰਚਾ ਹੋ ਸਕਦੀ ਹੈ। ਵਰਤਮਾਨ ਵਿਚ ਦੋਵਾਂ ਦੇਸ਼ਾਂ ਵਿਚਕਾਰ 19 ਹਜ਼ਾਰ ਕਰੋੜ ਦਾ ਵਪਾਰ ਹੋ ਰਿਹਾ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਚੰਦਰਯਾਨ ਅਤੇ ਆਦਿਤਿਆ ਦੀ ਸਫਲਤਾ ਤੋਂ ਬਾਅਦ ਜੀ-20 ‘ਚ ਪੁਲਾੜ ‘ਚ ਸਹਿਯੋਗ ਲਈ ਭਾਰਤ ਅਤੇ ਅਮਰੀਕਾ ਵਿਚਾਲੇ ਨਵਾਂ ਸਮਝੌਤਾ ਹੋ ਸਕਦਾ ਹੈ। ਅਮਰੀਕਾ-ਭਾਰਤ ਵਪਾਰ ਪ੍ਰੀਸ਼ਦ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਇੱਕ ਸਪੇਸ ਵਰਕਿੰਗ ਗਰੁੱਪ ‘ਤੇ ਕੰਮ ਕਰ ਰਿਹਾ ਹੈ।

Leave a comment