#Featured

ਅਮਰੀਕੀ ਰਾਸ਼ਟਰਪਤੀ ਬਣਿਆ ਤਾਂ 75 ਫੀਸਦੀ ਤੋਂ ਵੱਧ ਸਰਕਾਰੀ ਕਰਮਚਾਰੀਆਂ ਨੂੰ ਹਟਾਵਾਂਗਾ : ਰਾਮਾਸਵਾਮੀ

ਵਸ਼ਿੰਗਟਨ, 16 ਸਤੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣਨ ਦੀ ਦੌੜ ‘ਚ ਸ਼ਾਮਲ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੇ ਕਿਹਾ ਹੈ ਕਿ ਜੇਕਰ ਉਹ 2024 ਦੀਆਂ ਚੋਣਾਂ ‘ਚ ਸਫਲ ਹੁੰਦੇ ਹਨ ਤਾਂ ਉਹ ਸੰਘੀ ਸਰਕਾਰ ਦੇ 75 ਫੀਸਦੀ ਤੋਂ ਵੱਧ ਮੁਲਾਜ਼ਮਾਂ ਨੂੰ ਬਰਖਾਸਤ ਅਤੇ ਐੱਫ.ਬੀ.ਆਈ. ਵਰਗੀਆਂ ਕਈ ਵੱਡੀਆਂ ਏਜੰਸੀਆਂ ਨੂੰ ਬੰਦ ਕਰ ਦੇਣਗੇ।
ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਚੋਟੀ ਦੇ ਵਿਰੋਧੀ ਫਲੋਰੀਡਾ ਦੇ ਗਵਰਨਰ ਰੋਨ ਡੀਸੈਂਟਿਸ ਨੇ ਵੀ ਇਹੀ ਗੱਲ ਆਖ ਚੁੱਕੇ ਹਨ। ਇਕ ਇੰਟਰਵਿਊ ‘ਚ ਰਾਮਾਸਵਾਮੀ ਨੇ ਕਿਹਾ, ‘ਉਨ੍ਹਾਂ ਦੇ ਨਿਸ਼ਾਨੇ ‘ਤੇ ਸਿੱਖਿਆ ਵਿਭਾਗ, ਐੱਫ.ਬੀ.ਆਈ., ਸ਼ਰਾਬ, ਤੰਬਾਕੂ, ਹਥਿਆਰ ਅਤੇ ਵਿਸਫੋਟਕ, ਪ੍ਰਮਾਣੂ ਰੈਗੂਲੇਟਰੀ ਕਮਿਸ਼ਨ, (ਇੰਟਰਨਲ ਰੈਵੇਨਿਊ ਸਰਵਿਸ) ਆਈ.ਆਰ.ਐੱਸ. ਅਤੇ ਵਣਜ ਵਿਭਾਗ ਹੋਣਗੇ।”
ਰਾਮਾਸਵਾਮੀ ਨੇ ਕਿਹਾ ਕਿ ਇਹ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ ਕਿ ਅਗਲੇ ਪੰਜ ਸਾਲਾਂ ਵਿਚ 30 ਫੀਸਦੀ ਕਰਮਚਾਰੀ ਸੇਵਾਮੁਕਤੀ ਦੇ ਨੇੜੇ ਹੋਣਗੇ।
ਰਾਮਾਸਵਾਮੀ ਨੇ ਕਿਹਾ ਹੈ ਕਿ ਉਹ ਚਾਰ ਸਾਲਾਂ ਵਿਚ ਆਪਣੇ 2.2 ਮਿਲੀਅਨ ਕਰਮਚਾਰੀਆਂ ਵਿਚੋਂ 75 ਪ੍ਰਤੀਸ਼ਤ ਨੂੰ ਕੱਢਣ ਦਾ ਟੀਚਾ ਰੱਖਦੇ ਹਨ। 23 ਅਗਸਤ ਨੂੰ ਰਿਪਬਲਿਕਨ ਰਾਸ਼ਟਰਪਤੀ ਦੀ ਪ੍ਰਾਇਮਰੀ ਬਹਿਸ ਤੋਂ ਬਾਅਦ ਰਾਮਾਸਵਾਮੀ ਦਾ ਧਿਆਨ ਖਿੱਚਿਆ ਗਿਆ ਹੈ।
ਨਿਊਯਾਰਕ ਟਾਈਮਜ਼ ਮੁਤਾਬਕ ਫੈਡਰਲ ਸਰਕਾਰ ‘ਚ ਲਗਭਗ 22 ਲੱਖ 50 ਹਜ਼ਾਰ ਲੋਕ ਨੌਕਰੀ ਕਰਦੇ ਹਨ। ਜੇਕਰ ਇਨ੍ਹਾਂ ‘ਚੋਂ 75 ਫੀਸਦੀ ਨੂੰ ਹਟਾ ਦਿੱਤਾ ਜਾਂਦਾ ਹੈ, ਤਾਂ 16 ਲੱਖ ਤੋਂ ਵੱਧ ਲੋਕਾਂ ਦੀਆਂ ਨੌਕਰੀਆਂ ਖਤਮ ਹੋ ਜਾਣਗੀਆਂ ਅਤੇ ਫੈਡਰਲ ਬਜਟ ‘ਚ ਅਰਬਾਂ ਡਾਲਰ ਦੀ ਬਚਤ ਹੋਵੇਗੀ ਪਰ ਇਸ ਨਾਲ ਸਰਕਾਰ ਦੇ ਕਈ ਮਹੱਤਵਪੂਰਨ ਕੰਮ ਬੰਦ ਵੀ ਹੋ ਜਾਣਗੇ।

Leave a comment