ਵਾਸ਼ਿੰਗਟਨ, 21 ਸਤੰਬਰ (ਪੰਜਾਬ ਮੇਲ)-ਇਕ ਨਵੇਂ ਸਰਵੇਖਣ ਅਨੁਸਾਰ ਭਾਰਤੀ-ਅਮਰੀਕੀ ਅਤੇ ਸੰਯੁਕਤ ਰਾਸ਼ਟਰ ਦੀ ਸਾਬਕਾ ਰਾਜਦੂਤ ਨਿੱਕੀ ਹੇਲੀ 2024 ਦੀਆਂ ਚੋਣਾਂ ਦੀ ਦੌੜ ‘ਚ ਰਾਸ਼ਟਰਪਤੀ ਜੋਅ ਬਾਇਡਨ ਤੋਂ ਅੱਗੇ ਹੈ। ਇਸ ਹਫ਼ਤੇ ਜਾਰੀ ਹਾਰਵਰਡ ਕੈਪਸ-ਹੈਰਿਸ ਪੋਲ ਸਰਵੇਖਣ ‘ਚ ਪਾਇਆ ਕਿ ਬਾਇਡਨ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ‘ਚ ਡੋਨਾਲਡ ਟਰੰਪ, ਹੇਲੀ ਅਤੇ ਟਿਮ ਸਕਾਟ ਤੋਂ ਪਿੱਛੇ ਚੱਲ ਰਹੇ ਹਨ ਪਰ ਭਾਰਤੀ-ਅਮਰੀਕੀ ਉਦਯੋਗਪਤੀ ਵਿਵੇਕ ਰਾਮਾਸਵਾਮੀ ਅਤੇ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਤੋਂ ਅੱਗੇ ਹਨ। ਜਦੋਂ 2024 ‘ਚ ਹੇਲੀ ਅਤੇ ਬਾਇਡਨ ਵਿਚਾਲੇ ਇਕ ਕਾਲਪਨਿਕ ਮੁਕਾਬਲੇ ਦੇ ਸਬੰਧ ‘ਚ ਪੁੱਛਿਆ ਗਿਆ, ਤਾਂ 41 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਹੇਲੀ ਦੀ ਹਮਾਇਤ ਕਰਨਗੇ, ਜਦੋਂਕਿ 37 ਫੀਸਦੀ ਨੇ ਕਿਹਾ ਕਿ ਉਹ ਮੌਜੂਦਾ ਰਾਸ਼ਟਰਪਤੀ ਦੀ ਹਮਾਇਤ ਕਰਨਗੇ।
ਬਾਇਡਨ ਨੇ ਦੌੜ ‘ਚ ਹੋਰ ਭਾਰਤੀ-ਅਮਰੀਕੀ ਵਿਵੇਕ ਰਾਮਾਸਵਾਮੀ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ। ਇਸ 80 ਸਾਲਾ ਬਜ਼ੁਰਗ ਨੇ ਸਾਬਕਾ ਉਪ ਰਾਸ਼ਟਰਪਤੀ ਮਾਈਕ ਪੇਂਸ ਅਤੇ ਡਿਸੈਂਟਿਸ ਦੇ ਖਿਲਾਫ ਵੀ ਵਧੀਆ ਪ੍ਰਦਰਸ਼ਨ ਕੀਤਾ ਪਰ ਕਈ ਨਾਂਹਪੱਖੀ ਸਰਵੇਖਣ ਰਾਸ਼ਟਰਪਤੀ ਅਹੁਦੇ ਲਈ ਉਨ੍ਹਾਂ ਦੀ ਉਮਰ ਨੂੰ ਇਕ ਮੁੱਦਾ ਦੱਸਦੇ ਹਨ।