ਵਾਸ਼ਿੰਗਟਨ, 6 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਤਾਜ਼ਾ ਸਰਵੇਖਣ ਵਿੱਚ ਕਮਲਾ ਹੈਰਿਸ ਸਭ ਤੋਂ ਅੱਗੇ ਹੈ। ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਕਮਲਾ ਹੈਰਿਸ ਦਾ ਹਮਲਾ ਜਾਰੀ ਹੈ। ਹਾਲ ਹੀ ਵਿਚ ਬਾਇਡਨ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਹਟਣ ਤੋਂ ਬਾਅਦ ਡੈਮੋਕ੍ਰੇਟਿਕ ਪਾਰਟੀ ਨੇ ਕਮਲਾ ਹੈਰਿਸ ਨੂੰ ਆਪਣੇ ਉਮੀਦਵਾਰ ਵਜੋਂ ਐਲਾਨਿਆ ਹੈ। ਭਾਰਤੀ ਮੂਲ ਦੀ ਕਮਲਾ ਹੈਰਿਸ ਦੇ ਰਿੰਗ ਵਿਚ ਦਾਖਲ ਹੋਣ ਤੋਂ ਬਾਅਦ ਇਸ ਕ੍ਰਮ ਵਿਚ ਮੁਕਾਬਲਾ ਹੋਰ ਦਿਲਚਸਪ ਹੋ ਗਿਆ ਹੈ। ਕਮਲਾ ਹੈਰਿਸ ਤਾਜ਼ਾ ਸਰਵੇਖਣ ਵਿਚ ਟਰੰਪ ਤੋਂ ਅੱਗੇ ਹੈ। ਇਸ ਸਮੇਂ ਪੂਰੀ ਦੁਨੀਆਂ ਦਾ ਧਿਆਨ ਅਮਰੀਕੀ ਰਾਸ਼ਟਰਪਤੀ ਚੋਣਾਂ ‘ਤੇ ਹੈ।
ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਲੜਾਈ ਦਿਨੋਂ-ਦਿਨ ਹੋਰ ਤਿੱਖੀ ਹੁੰਦੀ ਜਾ ਰਹੀ ਹੈ। ਹੁਣ ਤੱਕ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਅੱਗੇ ਚੱਲ ਰਹੇ ਸਨ। ਡੈਮੋਕ੍ਰੇਟਿਕ ਪਾਰਟੀ ਦੀ ਤਰਫੋਂ ਕਮਲਾ ਹੈਰਿਸ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਸ਼ਾਮਲ ਹੋਣ ਤੋਂ ਬਾਅਦ ਸਥਿਤੀ ਪੂਰੀ ਤਰ੍ਹਾਂ ਬਦਲ ਰਹੀ ਹੈ। ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਦਾ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰੀ ਤੋਂ ਹਟਣਾ ਅਮਰੀਕੀ ਰਾਜਨੀਤੀ ਵਿਚ ਇੱਕ ਨਵਾਂ ਮੋੜ ਆ ਗਿਆ ਹੈ। ਉਸ ਤੋਂ ਬਾਅਦ ਕਮਲਾ ਹੈਰਿਸ, ਜੋ ਮੌਜੂਦਾ ਉਪ-ਰਾਸ਼ਟਰਪਤੀ ਹਨ ਅਤੇ ਰਾਸ਼ਟਰਪਤੀ ਦੀ ਦੌੜ ਵਿਚ ਕੁੱਦ ਪਈ। ਇਸ ਕ੍ਰਮ ਵਿਚ ਪਿਛਲੇ ਕੁਝ ਦਿਨਾਂ ਤੋਂ ਕਰਵਾਏ ਜਾ ਰਹੇ ਸਰਵੇਖਣਾਂ ਵਿਚ ਕਮਲਾ ਹੈਰਿਸ ਨੇ ਹਾਲ ਹੀ ਵਿਚ ਟਰੰਪ ਨੂੰ ਪਛਾੜ ਦਿੱਤਾ ਹੈ। ਕਮਲਾ ਹੈਰਿਸ ਨੇ ਤਾਜ਼ਾ ਚੋਣ ਸਰਵੇਖਣ ਵਿਚ ਟਰੰਪ ਨੂੰ ਪਿੱਛੇ ਧੱਕ ਦਿੱਤਾ ਹੈ।
ਸੀ.ਬੀ.ਐੱਸ. ਨਿਊਜ਼/ਯੂ.ਗਵਰਨਰ ਦੁਆਰਾ ਜਾਰੀ ਕੀਤੇ ਗਏ ਇਕ ਚੋਣ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ, ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਤੋਂ ਅੱਗੇ ਹੈ। ਅਮਰੀਕਾ ਦੀਆਂ ਕਈ ਸੰਸਥਾਵਾਂ ਦੇਸ਼ ਦੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਸਰਵੇਖਣ ਕਰ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਕੁਝ ਰਾਜਾਂ ‘ਚ ਦੋਵਾਂ ਵਿਚਾਲੇ ਟਕਰਾਅ ਜਾਰੀ ਰਹੇਗਾ। ਜਿਵੇਂ ਕਿ ਇਸ ਸਾਲ 5 ਨਵੰਬਰ ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਟਰੰਪ ਅਤੇ ਕਮਲਾ ਹੈਰਿਸ ਜਿੱਤਣ ਲਈ ਜ਼ੋਰ-ਸ਼ੋਰ ਨਾਲ ਚੱਲ ਰਹੇ ਹਨ। ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਬਾਹਰ ਹੋਣ ਤੋਂ ਬਾਅਦ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਜਿੱਤਣ ਦੀਆਂ ਸੰਭਾਵਨਾਵਾਂ ਵਿਚ ਵਾਧਾ ਹੋਇਆ ਹੈ। ਹੁਣ ਇਹ ਡੈਮੋਕ੍ਰੇਟਿਕ ਪਾਰਟੀ ਲਈ ਰੈਲੀ ਪੁਆਇੰਟ ਬਣ ਗਈ ਹੈ।
ਕਮਲਾ ਹੈਰਿਸ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਸ਼ਾਮਲ ਹੋਣ ਤੋਂ ਬਾਅਦ ਡੈਮੋਕ੍ਰੇਟਿਕ ਪਾਰਟੀ ਨੂੰ ਭਾਰੀ ਮਾਤਰਾ ਵਿਚ ਦਾਨ ਦਾ ਖੁੱਲ੍ਹਾ ਪ੍ਰਵਾਹ ਚੱਲ ਰਿਹਾ ਹੈ। ਕਮਲਾ ਹੈਰਿਸ ਦੁਆਰਾ ਆਯੋਜਿਤ ਆਨਲਾਈਨ ਮੀਟਿੰਗਾਂ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੁੰਦੇ ਹਨ। ਲੱਗਦਾ ਹੈ ਕਿ ਕਮਲਾ ਹੈਰਿਸ ਜਲਦ ਹੀ ਆਪਣੇ ਰਨਿੰਗ ਸਾਥੀ ਦਾ ਐਲਾਨ ਕਰੇਗੀ। ਦੂਜੇ ਪਾਸੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਨੇ ਵੀ ਕਮਲਾ ਹੈਰਿਸ ਦਾ ਸਮਰਥਨ ਕੀਤਾ ਹੈ। ਜਿੰਮੀ ਕਾਰਟਰ ਦੇ ਪੋਤੇ ਜੇਸਨ ਨੇ ਹਾਲ ਹੀ ‘ਚ ਇਸ ਗੱਲ ਦਾ ਖੁਲਾਸਾ ਕੀਤਾ ਹੈ। ਜਿੰਮੀ ਕਾਰਟਰ ਨੇ 1977-81 ਤੱਕ ਸੰਯੁਕਤ ਰਾਜ ਦੇ ਰਾਸ਼ਟਰਪਤੀ ਵਜੋਂ ਸੇਵਾ ਕੀਤੀ। ਵਾਸ਼ਿੰਗਟਨ ਪੋਸਟ ਅਨੁਸਾਰ ਮਿਨੀਸੋਟਾ ਦੇ ਗਵਰਨਰ ਟਿਮ ਵਾਲਜ਼, ਪੈਨਸਿਲਵੇਨੀਆ ਦੇ ਗਵਰਨਰ ਜੋਸ਼ ਸ਼ਾਪੀਰੋ, ਅਰੀਜ਼ੋਨਾ ਦੇ ਸੈਨੇਟਰ ਮਾਰਕ ਕੈਲੀ ਨੇ ਬੀਤੇ ਦਿਨੀਂ ਐਤਵਾਰ ਨੂੰ ਵਾਸ਼ਿੰਗਟਨ ਵਿਚ ਹੈਰਿਸ ਨਾਲ ਮੁਲਾਕਾਤ ਕੀਤੀ। ਹਾਲਾਂਕਿ ਜੁਲਾਈ ਦੇ ਮਹੀਨੇ ਪੈਨਸਿਲਵੇਨੀਆ ‘ਚ ਇਕ ਚੋਣ ਰੈਲੀ ‘ਚ ਡੋਨਾਲਡ ਟਰੰਪ ‘ਤੇ ਕਾਤਲਾਨਾ ਹਮਲਾ ਵੱਡਾ ਸਨਸਨੀ ਬਣ ਗਿਆ ਸੀ। ਇਸ ਤੋਂ ਬਾਅਦ ਅੰਤਰਰਾਸ਼ਟਰੀ ਮੀਡੀਆ ਨੇ ਕਿਹਾ ਕਿ ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਚੋਣ ਜਿੱਤਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਪਰ ਇਸ ਤੋਂ ਬਾਅਦ ਬਾਇਡਨ ਬਾਹਰ ਹੋ ਗਏ ਅਤੇ ਸਿਆਸੀ ਹਲਕਿਆਂ ਦਾ ਦਾਅਵਾ ਹੈ ਕਿ ਟਰੰਪ ਵੱਲੋਂ ਆਯੋਜਿਤ ਕਈ ਰੈਲੀਆਂ ‘ਚ ਕਮਲਾ ਹੈਰਿਸ ‘ਤੇ ਕੀਤੀਆਂ ਗਈਆਂ ਸਖਤ ਟਿੱਪਣੀਆਂ ਕਾਰਨ ਟਰੰਪ ਦਾ ਗ੍ਰਾਫ ਹੁਣ ਡਿੱਗ ਰਿਹਾ ਹੈ।