#AMERICA

ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਉਮੀਦਵਾਰੀ ਦਾ ਮੁਕਾਬਲਾ ਹੋਇਆ ਤੇਜ਼

ਵਾਸ਼ਿੰਗਟਨ, 4 ਅਕਤੂਬਰ (ਪੰਜਾਬ ਮੇਲ)- ਅਮਰੀਕਾ ‘ਚ ਰਿਪਬਲਿਕਨ ਪਾਰਟੀ ‘ਚ 2024 ਦੀ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਉਮੀਦਵਾਰੀ ਦਾ ਮੁਕਾਬਲਾ ਤੇਜ਼ ਹੁੰਦਾ ਜਾ ਰਿਹਾ ਹੈ। ਰਿਪਬਲਿਕਨ ਪਾਰਟੀ ਤੋਂ ਭਾਰਤੀ-ਅਮਰੀਕੀ ਉਮੀਦਵਾਰ ਨਿੱਕੀ ਹੇਲੀ ਨੇ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੈਂਪੇਨ ਨੇ ਉਨ੍ਹਾਂ ਨੂੰ ਪਿੰਜਰਾ ਤੇ ਉਸ ਦੇ ਨਾਲ ਪੰਛੀਆਂ ਦਾ ਖਾਣਾ ਭੇਜਿਆ ਹੈ। ਹੇਲੀ ਨੇ ਇੰਟਰਨੈੱਟ ਪੋਸਟ ‘ਚ ਕਿਹਾ ਕਿ ਇਸ ਨੂੰ ਆਇਓਵਾ ‘ਚ ਉਨ੍ਹਾਂ ਦੇ ਹੋਟਲ ਦੇ ਕਮਰੇ ਦੇ ਬਾਹਰ ਰੱਖਿਆ ਗਿਆ ਸੀ।
ਸਾਊਥ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੇਲੀ ਰਿਪਬਲਿਕਨ ਦੀ ਦੂਜੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਤੋਂ ਬਾਅਦ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ। ਹਾਲੀਆ ਇਕ ਸਰਵੇ ‘ਚ ਉਨ੍ਹਾਂ ਨੂੰ ਟਰੰਪ ਤੋਂ ਬਾਅਦ ਦੂਜੇ ਨੰਬਰ ‘ਤੇ ਦੱਸਿਆ ਗਿਆ ਸੀ। ਨਿੱਕੀ ਦੀ ਕੈਂਪੇਨ ਮੈਨੇਜਰ ਬੇਟਸੀ ਐਂਕਨੀ ਨੇ ਇਕ ਬਿਆਨ ‘ਚ ਕਿਹਾ ਕਿ ਪਿੰਜਰਾ ਰੱਖਣ ਦਾ ਵਿਹਾਰ ਅਜੀਬ, ਡਰਾਉਣਾ ਤੇ ਨਿਰਾਸ਼ਾ ਭਰਿਆ ਹੈ, ਜਿਹੜਾ ਸਾਬਕਾ ਰਾਸ਼ਟਰਪਤੀ ਟਰੰਪ ‘ਤੇ ਪੈ ਰਹੇ ਦਬਾਅ ਨੂੰ ਦਰਸਾਉਂਦਾ ਹੈ। ਟਰੰਪ ਨੇ ਟਰੁੱਥ ਸੋਸ਼ਲ ‘ਤੇ ਪੋਸਟ ‘ਚ ਕਿਹਾ ਕਿ ਮੈਂ ਪੰਛੀਆਂ ਵਰਗਾ ਦਿਮਾਗ ਰੱਖਣ ਵਾਲੀ ਹੇਲੀ ਲਈ ਕਦੇ ਨਹੀਂ ਜਾਵਾਂਗਾ। ਬਰਡਬ੍ਰੇਨ ਕੋਲ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਪ੍ਰਤਿਭਾ ਜਾਂ ਸਮਰੱਥਾ ਨਹੀਂ ਹੈ।
ਰਿਪਬਲਿਕਨ ਪਾਰਟੀ ‘ਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਦੂਜੇ ਭਾਰਤਵੰਸ਼ੀ ਦਾਅਵੇਦਾਰ ਵਿਵੇਕ ਰਾਮਾਸਵਾਮੀ ਨੇ ਪਾਰਟੀ ਦੀ ਨੈਸ਼ਨਲ ਕਮੇਟੀ ਤੋਂ ਮੰਗ ਕੀਤੀ ਹੈ ਕਿ ਆਉਂਦੀ ਮੁੱਢਲੀ ਬਹਿਸ ‘ਚ ਸਿਰਫ਼ ਪ੍ਰਮੁੱਖ ਚਾਰ ਉਮੀਦਵਾਰਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਦੇ ਕੈਂਪੇਨ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਸਾਰੇ ਉਮੀਦਵਾਰਾਂ ਨੂੰ ਮੌਕਾ ਦਿੱਤਾ ਗਿਆ, ਤਾਂ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਤੀਜੀ ਮੁੱਢਲੀ ਬਹਿਸ ਵੀ ਬੇਕਾਰ ਹੋਵੇਗੀ। ਜੇਕਰ ਚਾਰ ਪ੍ਰਮੁੱਖ ਉਮੀਦਵਾਰਾਂ ਨੂੰ ਮੌਕਾ ਦਿੱਤਾ ਗਿਆ, ਤਾਂ ਡੋਨਾਲਡ ਟਰੰਪ, ਨਿੱਕੀ ਹੇਲੀ, ਵਿਵੇਕ ਰਾਮਾਸਵਾਮੀ ਤੇ ਡਿਸੈਂਟਿਸ ਹੀ ਬਹਿਸ ‘ਚ ਹਿੱਸਾ ਲੈ ਸਕਣਗੇ।

Leave a comment